ਕਈ ਕੋਟਿ ਸਿਧ ਜਤੀ ਜੋਗੀ ॥
ਕਈ ਕੋਟਿ ਰਾਜੇ ਰਸ ਭੋਗੀ ॥
ਕਈ ਕੋਟਿ ਪੰਖੀ ਸਰਪ ਉਪਾਏ ॥
ਕਈ ਕੋਟਿ ਪਾਥਰ ਬਿਰਖ ਨਿਪਜਾਏ ॥
ਕਈ ਕੋਟਿ ਪਵਣ ਪਾਣੀ ਬੈਸੰਤਰ ॥
ਕਈ ਕੋਟਿ ਦੇਸ ਭੂ ਮੰਡਲ ॥
ਕਈ ਕੋਟਿ ਸਸੀਅਰ ਸੂਰ ਨਖ੍ਯਤ੍ਰ ॥
ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥
ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥
ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥

Sahib Singh
ਸਿਧ = ਪੁੱਗਿਆ ਹੋਇਆ ਜੋਗੀ ।
ਜਤੀ = ਉਹ ਮਨੁੱਖ ਜਿਸ ਨੇ ਕਾਮ ਨੂੰ ਵੱਸ ਵਿਚ ਰੱਖਿਆ ਹੋਇਆ ਹੈ ।
ਰਸ ਭੋਗੀ = ਸੁਆਦਲੇ ਪਦਾਰਥਾਂ ਨੂੰ ਮਾਣਨ ਵਾਲੇ ।
ਉਪਾਏ = ਪੈਦਾ ਕੀਤੇ ।
ਬਿਰਖ = ਰੁੱਖ ।
ਨਿਪਜਾਏ = ਉਗਾਏ ।
ਬੈਸੰਤਰ = ਅੱਗ ।
ਭੂ = ਧਰਤੀ ।
ਭੂ ਮੰਡਲ = ਧਰਤੀ ਦੇ ਚੱਕ੍ਰ ।
ਸਸੀਅਰ = (ਸ਼ਕਟ. __ਿਧਰ) ਚੰਦ੍ਰਮਾ ।
ਸੂਰ = ਸੂਰਜ ।
ਨਖ´ਤ੍ਰ = ਤਾਰੇ ।
ਦਾਨਵ = ਦੈਂਤ, ਰਾਖਸ਼ ।
ਸਿਰਿ = ਸਿਰ ਉਤੇ ।
ਸਮਗ੍ਰੀ = ਪਦਾਰਥ ।
ਸੂਤਿ = ਸੂਤ ਵਿਚ, ਲੜੀ ਵਿਚ, (ਮ੍ਰਯਾਦਾ ਦੇ) ਧਾਗੇ ਵਿਚ ।
    
Sahib Singh
(ਇਸ ਸਿ੍ਰਸ਼ਟਿ-ਰਚਨਾ ਵਿਚ) ਕਰੋੜਾਂ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ, ਅਤੇ ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ; ਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ, ਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ; ਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ, ਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ; ਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ, ਕਰੋੜਾਂ ਦੇਵਤੇ ਤੇ ਇੰਦ੍ਰ ਹਨ ਜਿਨ੍ਹਾਂ ਦੇ ਸਿਰ ਉਤੇ ਛਤ੍ਰ ਹਨ;(ਇਹਨਾਂ) ਸਾਰੇ (ਜੀਅ ਜੰਤਾਂ ਤੇ) ਪਦਾਰਥਾਂ ਨੂੰ (ਪ੍ਰਭੂ ਨੇ) ਆਪਣੇ (ਹੁਕਮ ਦੇ) ਧਾਗੇ ਵਿਚ ਪਰੋਇਆ ਹੋਇਆ ਹੈ ।
ਹੇ ਨਾਨਕ! ਜੋ ਜੋ ਉਸ ਨੂੰ ਭਾਉਂਦਾ ਹੈ, ਉਸ ਉਸ ਨੂੰ (ਪ੍ਰਭੂ) ਤਾਰ ਲੈਂਦਾ ਹੈ ।੩ ।
Follow us on Twitter Facebook Tumblr Reddit Instagram Youtube