ਬ੍ਰਹਮ ਗਿਆਨੀ ਏਕ ਊਪਰਿ ਆਸ ॥
ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥
ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥
ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥
ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥
ਬ੍ਰਹਮ ਗਿਆਨੀ ਸੁਫਲ ਫਲਾ ॥
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥
ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥

Sahib Singh
ਆਸ = ਟੇਕ, ਆਸਰਾ ।
ਬਿਨਾਸ = ਨਾਸ, ਅਭਾਵ ।
ਬ੍ਰਹਮਗਿਆਨੀ ਕੈ = ਬ੍ਰਹਮਗਿਆਨੀ ਦੇ ਮਨ ਵਿਚ ।
ਸਮਾਹਾ = ਸਮਾਈ ਹੋਈ ਹੈ, ਟਿਕੀ ਹੋਈ ਹੈ ।
ਉਮਾਹਾ = ਉਤਸ਼ਾਹ, ਚਾਉ ।
ਲੇ = ਲੈ ਕੇ, ਕਾਬੂ ਕਰ ਕੇ ।
ਬੰਧਾ = ਰੋਕ ਰੱਖਦਾ ਹੈ, ਬੰਨ੍ਹ ਰੱਖਦਾ ਹੈ ।
ਸੁਫਲ = ਚੰਗੇ ਫਲ ਵਾਲਾ ਹੋ ਕੇ, ਚੰਗੀ ਮੁਰਾਦ ਨਾਲ ।
ਫਲਾ = ਫਲਦਾ ਹੈ, ਕਾਮਯਾਬ ਹੁੰਦਾ ਹੈ ।
ਬ੍ਰਹਮਗਿਆਨੀ ਜਪੈ = ਬ੍ਰਹਮਗਿਆਨੀ ਦੀ ਰਾਹੀਂ ਜਪਦਾ ਹੈ ।
    
Sahib Singh
ਬ੍ਰਹਮਗਿਆਨੀ ਇਕ ਅਕਾਲ ਪੁਰਖ ਉਤੇ ਆਸ ਰੱਖਦਾ ਹੈ; ਬ੍ਰਹਮਗਿਆਨੀ (ਦੀ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ ।
ਬ੍ਰਹਮਗਿਆਨੀ ਦੇ ਹਿਰਦੇ ਵਿਚ ਗਰੀਬੀ ਟਿਕੀ ਰਹਿੰਦੀ ਹੈ, ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ (ਸਦਾ) ਚਾਉ (ਚੜਿ੍ਹਆ ਰਹਿੰਦਾ) ਹੈ ।
ਬ੍ਰਹਮਗਿਆਨੀ ਦੇ ਮਨ ਵਿਚ (ਮਾਇਆ ਦਾ) ਜੰਜਾਲ ਨਹੀਂ ਵਿਆਪਦਾ, (ਕਿਉਂਕਿ) ਉਹ ਭਟਕਦੇ ਮਨ ਨੂੰ ਕਾਬੂ ਕਰ ਕੇ (ਮਾਇਆ ਵਲੋਂ) ਰੋਕ ਸਕਦਾ ਹੈ ।
ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ, ਬ੍ਰਹਮਗਿਆਨੀ ਨੂੰ ਆਪਣੇ ਮਨ ਵਿਚ ਭਲਾ ਪ੍ਰਤੀਤ ਹੁੰਦਾ ਹੈ, (ਇਸ ਤ੍ਰਹਾਂ) ਉਸ ਦਾ ਮਨੁੱਖਾ ਜਨਮ ਚੰਗੀ ਤ੍ਰਹਾਂ ਕਾਮਯਾਬ ਹੁੰਦਾ ਹੈ ।ਬ੍ਰਹਮਗਿਆਨੀ ਦੀ ਸੰਗਤਿ ਵਿਚ ਸਭ ਦਾ ਬੇੜਾ ਪਾਰ ਹੁੰਦਾ ਹੈ, (ਕਿਉਂਕਿ) ਹੇ ਨਾਨਕ! ਬ੍ਰਹਮਗਿਆਨੀ ਦੀ ਰਾਹੀਂ ਸਾਰਾ ਜਗਤ (ਹੀ) (ਪ੍ਰਭੂ ਦਾ ਨਾਮ) ਜਪਣ ਲੱਗ ਪੈਂਦਾ ਹੈ ।੪ ।
Follow us on Twitter Facebook Tumblr Reddit Instagram Youtube