ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥
ਜੈਸੇ ਮੈਲੁ ਨ ਲਾਗੈ ਜਲਾ ॥
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥
ਜੈਸੇ ਧਰ ਊਪਰਿ ਆਕਾਸੁ ॥
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥
ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥
ਬ੍ਰਹਮ ਗਿਆਨੀ ਊਚ ਤੇ ਊਚਾ ॥
ਮਨਿ ਅਪਨੈ ਹੈ ਸਭ ਤੇ ਨੀਚਾ ॥
ਬ੍ਰਹਮ ਗਿਆਨੀ ਸੇ ਜਨ ਭਏ ॥
ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥

Sahib Singh
ਮਨਿ = ਮਨ ਵਿਚ ।
ਪ੍ਰਗਾਸੁ = ਚਾਨਣ, ਗਿਆਨ ।
ਧਰ = ਧਰਤੀ ।
ਸਤ੍ਰü = ਵੈਰੀ ।
ਜਿਨ = ਜਿਨ੍ਹਾਂ ਨੂੰ ।
ਕਰੇਇ = ਕਰਦਾ ਹੈ, ਬਣਾਉਂਦਾ ਹੈ ।
    
Sahib Singh
ਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ (ਬੁਖ਼ਾਰਾਤ ਆਦਿਕ ਬਣ ਕੇ ਮੁੜ ਸਾਫ਼ ਦਾ ਸਾਫ਼, ਤਿਵੇਂ ਹੀ) ਬ੍ਰਹਮਗਿਆਨੀ ਮਨੁੱਖ (ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿ ਕੇ) ਮਹਾ ਨਿਰਮਲ ਹੈ ।
ਜਿਵੇਂ ਧਰਤੀ ਉਤੇ ਆਕਾਸ਼ (ਸਭ ਥਾਂ ਵਿਆਪਕ ਹੈ, ਤਿਵੇਂ) ਬ੍ਰਹਮਗਿਆਨੀ ਦੇ ਮਨ ਵਿਚ (ਇਹ) ਚਾਨਣ ਹੋ ਜਾਂਦਾ ਹੈ (ਕਿ ਪ੍ਰਭੂ ਹਰ ਥਾਂ ਮੌਜੂਦ ਹੈ) ।
ਬ੍ਰਹਮਗਿਆਨੀ ਨੂੰ ਸੱਜਣ ਤੇ ਵੈਰੀ ਇਕੋ ਜਿਹਾ ਹੈ (ਕਿਉਂਕ) ਉਸ ਦੇ ਅੰਦਰ ਅਹੰਕਾਰ ਨਹੀਂ ਹੈ (ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਖ ਸੋਗ ਨਹੀਂ) ।
ਬ੍ਰਹਮਗਿਆਨੀ (ਆਤਮਕ ਅਵਸਥਾ ਵਿਚ) ਸਭ ਤੋਂ ਉੱਚਾ ਹੈ, (ਪਰ) ਆਪਣੇ ਮਨ ਵਿਚ (ਆਪਣੇ ਆਪ ਨੂੰ) ਸਭ ਤੋਂ ਨੀਵਾਂ (ਜਾਣਦਾ ਹੈ) ।
ਹੇ ਨਾਨਕ! ਉਹੀ ਮਨੁੱਖ ਬ੍ਰਹਮਗਿਆਨੀ ਬਣਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ ।੨ ।
Follow us on Twitter Facebook Tumblr Reddit Instagram Youtube