ਅਸਟਪਦੀ ॥
ਬ੍ਰਹਮ ਗਿਆਨੀ ਸਦਾ ਨਿਰਲੇਪ ॥
ਜੈਸੇ ਜਲ ਮਹਿ ਕਮਲ ਅਲੇਪ ॥
ਬ੍ਰਹਮ ਗਿਆਨੀ ਸਦਾ ਨਿਰਦੋਖ ॥
ਜੈਸੇ ਸੂਰੁ ਸਰਬ ਕਉ ਸੋਖ ॥
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥
ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥
ਬ੍ਰਹਮ ਗਿਆਨੀ ਕੈ ਧੀਰਜੁ ਏਕ ॥
ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥
ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥
ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥

Sahib Singh
ਨਿਰਲੇਪ = ਬੇਦਾਗ਼ ।
ਅਲੇਪ = (ਚਿੱਕੜ ਤੋਂ) ਸਾਫ਼ ।
ਨਿਰਦੋਖ = ਦੋਖ = ਰਹਿਤ, ਪਾਪਾਂ ਤੋਂ ਬਰੀ ।
ਸੂਰੁ = ਸੂਰਜ ।
ਸੋਖ = {ਸ਼ਕਟ. _ੋ—ਣ} ਸੁਕਾਉਣ ਵਾਲਾ ।
ਦਿ੍ਰਸਟਿ = ਨਜ਼ਰ ।
ਸਮਾਨਿ = ਇਕੋ ਜਿਹੀ ।
ਰੰਕ = ਕੰਗਾਲ ।
ਤੁਲਿ = ਬਰਾਬਰ ।
ਪਵਾਨ = ਪਵਨ, ਹਵਾ ।
ਏਕ = ਇਕ = ਤਾਰ ।
ਬਸੁਧਾ = ਧਰਤੀ ।
ਲੇਪ = ਪੋਚੈ, ਲੇਪਣ ।
ਗੁਨਾਉ = ਗੁਣ ।
ਪਾਵਕ = ਅੱਗ ।
ਸਹਜ = ਕੁਦਰਤੀ ।
    
Sahib Singh
ਬ੍ਰਹਮਗਿਆਨੀ (ਮਨੁੱਖ ਵਿਕਾਰਾਂ ਵਲੋਂ) ਸਦਾ-ਬੇਦਾਗ਼ (ਰਹਿੰਦੇ ਹਨ) ਜਿਵੇਂ ਪਾਣੀ ਵਿਚ (ਉੱਗੇ ਹੋਏ) ਕਉਲ ਫੁੱਲ (ਚਿੱਕੜ ਤੋਂ) ਸਾਫ਼ ਹੁੰਦੇ ਹਨ ।ਜਿਵੇਂ ਸੂਰਜ ਸਾਰੇ (ਰਸਾਂ) ਨੂੰ ਸੁਕਾ ਦੇਂਦਾ ਹੈ (ਤਿਵੇਂ) ਬ੍ਰਹਮਗਿਆਨੀ (ਮਨੁੱਖ) (ਸਾਰੇ ਪਾਪਾਂ ਨੂੰ ਸਾੜ ਦੇਂਦੇ ਹਨ) ਪਾਪਾਂ ਤੋਂ ਬਚੇ ਰਹਿੰਦੇ ਹਨ ।
ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ ਹੈ (ਤਿਵੇਂ) ਬ੍ਰਹਮਗਿਆਨੀ ਦੇ ਅੰਦਰ (ਸਭ ਵਲ) ਇਕੋ ਜਿਹੀ ਨਜ਼ਰ (ਨਾਲ ਤੱਕਣ ਦਾ ਸੁਭਾਉ ਹੁੰਦਾ) ਹੈ ।
(ਕੋਈ ਭਲਾ ਕਹੇ ਭਾਵੇਂ ਬੁਰਾ, ਪਰ) ਬ੍ਰਹਮਗਿਆਨੀ ਮਨੁੱਖਾਂ ਦੇ ਅੰਦਰ ਇਕ-ਤਾਰ ਹੌਸਲਾ (ਕਾਇਮ ਰਹਿੰਦਾ) ਹੈ, ਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ, ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ (ਪਰ ਧਰਤੀ ਨੂੰ ਪਰਵਾਹ ਨਹੀਂ) ।
ਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹੈ (ਹਰੇਕ ਚੀਜ਼ ਦੀ ਮੈਲ ਸਾੜ ਦੇਣੀ) (ਤਿਵੇਂ) ਬ੍ਰਹਮਗਿਆਨੀ ਮਨੁੱਖਾਂ ਦਾ (ਭੀ) ਇਹੀ ਗੁਣ ਹੈ ।੧ ।
Follow us on Twitter Facebook Tumblr Reddit Instagram Youtube