ਸਾਧ ਕੈ ਸੰਗਿ ਨ ਕਬਹੂ ਧਾਵੈ ॥
ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥
ਸਾਧਸੰਗਿ ਬਸਤੁ ਅਗੋਚਰ ਲਹੈ ॥
ਸਾਧੂ ਕੈ ਸੰਗਿ ਅਜਰੁ ਸਹੈ ॥
ਸਾਧ ਕੈ ਸੰਗਿ ਬਸੈ ਥਾਨਿ ਊਚੈ ॥
ਸਾਧੂ ਕੈ ਸੰਗਿ ਮਹਲਿ ਪਹੂਚੈ ॥
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥
ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥
ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥
ਨਾਨਕ ਸਾਧੂ ਕੈ ਕੁਰਬਾਨ ॥੪॥

Sahib Singh
ਕਬਹੂ = ਕਦੇ ਭੀ ।
ਧਾਵੈ = ਦੌੜਦਾ, ਭਟਕਦਾ ।
ਬਸਤੁ = ਚੀਜ਼, ਵਸਤ ।
ਅਗੋਚਰ = ਜਿਸ ਤਾਈਂ ਸਰੀਰਕ ਇੰਦਿ੍ਰਆਂ ਦੀ ਪਹੁੰਚ ਨ ਹੋ ਸਕੇ ।
ਲਹੈ = ਲੱਭ ਲੈਂਦਾ ਹੈ ।
ਅਜਰੁ = (ਉਹ ਮਰਤਬਾ) ਜੋ ਜਰਿਆ ਨ ਜਾ ਸਕੇ ।
ਥਾਨਿ ਊਚੈ = ਉੱਚੇ ਥਾਂ ਤੇ ।
ਮਹਲਿ = ਮਹਲ ਵਿਚ, ਪ੍ਰਭੂ ਦੇ ਟਿਕਾਣੇ ਤੇ ।
ਦਿ੍ਰੜੈ = ਦ੍ਰਿੜ੍ਹ ਕਰ ਲੈਂਦਾ ਹੈ, ਚੰਗੀ ਤ੍ਰਹਾਂ ਸਮਝ ਲੈਂਦਾ ਹੈ ।
ਸਭਿ = ਸਾਰੇ ।
ਧਰਮ = ਫ਼ਰਜ਼ ।
ਨਿਧਾਨ = ਖ਼ਜ਼ਾਨਾ ।
ਕੁਰਬਾਨ = ਸਦਕੇ ।
    
Sahib Singh
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਮਨੁੱਖ ਦਾ ਮਨ ਕਦੇ ਭਟਕਦਾ ਨਹੀਂ, (ਕਿਉਂਕਿ) ਸਾਧ ਜਨਾਂ ਦੀ ਸੰਗਤਿ ਵਿਚ (ਮਨੁੱਖ) ਸਦਾ ਸੁਖ ਮਾਣਦਾ ਹੈ ।
ਸੰਤ ਜਨਾਂ ਦੀ ਸੰਗਤਿ ਵਿਚ (ਪ੍ਰਭੂ ਦਾ) ਨਾਮ ਰੂਪ ਅਗੋਚਰ ਵਸਤ ਮਿਲ ਜਾਂਦੀ ਹੈ, (ਅਤੇ ਮਨੁੱਖ) ਇਹ ਨਾਹ ਜਰਿਆ ਜਾਣ ਵਾਲਾ ਮਰਤਬਾ ਜਰ ਲੈਂਦਾ ਹੈ ।
ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਮਨੁੱਖ ਉਚੇ (ਆਤਮਕ) ਟਿਕਾਣੇ ਤੇ ਵੱਸਦਾ ਹੈ ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ।
ਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਸਾਰੇ ਧਰਮਾਂ (ਫ਼ਰਜ਼ਾਂ) ਨੂੰ ਚੰਗੀ ਤ੍ਰਹਾਂ ਸਮਝ ਲੈਂਦਾ ਹੈ ਅਤੇ ਸਿਰਫ਼ ਅਕਾਲ ਪੁਰਖ ਨੂੰ (ਹਰ ਥਾਂ ਵੇਖਦਾ ਹੈ) ।
ਸਾਧ ਜਨਾਂ ਦੀ ਸੰਗਤਿ ਵਿਚ (ਮਨੁੱਖ) ਨਾਮ ਖ਼ਜ਼ਾਨਾ ਲੱਭ ਲੈਂਦਾ ਹੈ; (ਤਾਂ ਤੇ) ਹੇ ਨਾਨਕ! (ਆਖ—) ਮੈਂ ਸਾਧ ਜਨਾਂ ਤੋਂ ਸਦਕੇ ਹਾਂ ।
Follow us on Twitter Facebook Tumblr Reddit Instagram Youtube