ਸਾਧਸੰਗਿ ਦੁਸਮਨ ਸਭਿ ਮੀਤ ॥
ਸਾਧੂ ਕੈ ਸੰਗਿ ਮਹਾ ਪੁਨੀਤ ॥
ਸਾਧਸੰਗਿ ਕਿਸ ਸਿਉ ਨਹੀ ਬੈਰੁ ॥
ਸਾਧ ਕੈ ਸੰਗਿ ਨ ਬੀਗਾ ਪੈਰੁ ॥
ਸਾਧ ਕੈ ਸੰਗਿ ਨਾਹੀ ਕੋ ਮੰਦਾ ॥
ਸਾਧਸੰਗਿ ਜਾਨੇ ਪਰਮਾਨੰਦਾ ॥
ਸਾਧ ਕੈ ਸੰਗਿ ਨਾਹੀ ਹਉ ਤਾਪੁ ॥
ਸਾਧ ਕੈ ਸੰਗਿ ਤਜੈ ਸਭੁ ਆਪੁ ॥
ਆਪੇ ਜਾਨੈ ਸਾਧ ਬਡਾਈ ॥
ਨਾਨਕ ਸਾਧ ਪ੍ਰਭੂ ਬਨਿ ਆਈ ॥੩॥

Sahib Singh
ਮਹਾ ਪੁਨੀਤ = ਬਹੁਤ ਪਵਿਤ੍ਰ ।
ਬੈਰੁ = ਵੈਰ ।
ਬੀਗਾ = ਵਿੰਗਾ ।
ਬੀਗਾ ਬੈਰੁ = ਵਿੰੰਗਾ ਪੈਰ, ਵਿੰਗੇ ਪਾਸੇ ਕਦਮ ।
ਕੋ = ਕੋਈ ਮਨੁੱਖ ।
ਪਰਮਾਨੰਦਾ = ਪਰਮ = ਆਨੰਦਾ, ਸਭ ਤੋਂ ਉੱਚੇ ਸੁਖ ਦਾ ਮਾਲਕ ।
ਹਉ = ਹਉਮੈ, ਆਪਣੀ ਹਸਤੀ ਦਾ ਮਾਣ, ਸਭ ਨਾਲੋਂ ਵੱਖਰੇ-ਪਨ ਦਾ ਖਿ਼ਆਲ ।
ਆਪੁ = ਆਪਾ = ਭਾਵ, ਹਉਮੈ ।
ਤਜੈ = ਦੂਰ ਕਰ ਦੇਂਦਾ ਹੈ ।
ਸਾਧ ਬਡਾਈ = ਸਾਧ ਦੀ ਵਡਿਆਈ ।
ਬਨਿ ਆਈ = ਪੱਕੀ ਪ੍ਰੀਤ ਬੱਝ ਜਾਂਦੀ ਹੈ ।
    
Sahib Singh
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਵੈਰੀ (ਭੀ) ਮਿਤ੍ਰ (ਦਿੱਸਣ ਲੱਗ ਜਾਂਦੇ ਹਨ), (ਕਿਉਂਕਿ) ਸਾਧ ਜਨਾਂ ਦੀ ਸੰਗਤ ਵਿਚ (ਮਨੁੱਖ ਦਾ ਆਪਣਾ ਹਿਰਦਾ) ਬਹੁਤ ਸਾਫ਼ ਹੋ ਜਾਂਦਾ ਹੈ ।
ਸੰਤਾਂ ਦੀ ਸੰਗਤਿ ਵਿਚ ਬੈਠਿਆਂ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ ਅਤੇ ਕਿਸੇ ਮੰਦੇ ਪਾਸੇ ਪੈਰ ਨਹੀਂ ਪੁੱਟੀਦਾ ।
ਭਲਿਆਂ ਦੀ ਸੰਗਤਿ ਵਿਚ ਕੋਈ ਮਨੁੱਖ ਭੈੜਾ ਨਹੀਂ ਦਿੱਸਦਾ, (ਕਿਉਂਕਿ ਹਰ ਥਾਂ ਮਨੁੱਖ) ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹੀ ਜਾਣਦਾ ਹੈ ।
ਗੁਰਮੁਖ ਦੀ ਸੰਗਤਿ ਕੀਤਿਆਂ ਹਉਮੈ ਰੂਪ ਤਾਪ ਨਹੀਂ ਰਹਿ ਜਾਂਦਾ, (ਕਿਉਂਕਿ) ਸਾਧੂ ਦੀ ਸੰਗਤਿ ਵਿਚ ਮਨੁੱਖ ਸਾਰੀ ਅਪਣੱਤ ਛੱਡ ਦੇਂਦਾ ਹੈ ।
ਸਾਧ ਦੀ ਵਡਿਆਈ ਪ੍ਰਭੂ ਆਪ ਹੀ ਜਾਣਦਾ ਹੈ, (ਕਿਉਂਕਿ) ਹੇ ਨਾਨਕ! ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਪੈ ਜਾਂਦਾ ਹੈ ।੩ ।
Follow us on Twitter Facebook Tumblr Reddit Instagram Youtube