ਸਾਧ ਕੈ ਸੰਗਿ ਅਗੋਚਰੁ ਮਿਲੈ ॥
ਸਾਧ ਕੈ ਸੰਗਿ ਸਦਾ ਪਰਫੁਲੈ ॥
ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥
ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥
ਸਾਧਸੰਗਿ ਹੋਇ ਸਭ ਕੀ ਰੇਨ ॥
ਸਾਧ ਕੈ ਸੰਗਿ ਮਨੋਹਰ ਬੈਨ ॥
ਸਾਧ ਕੈ ਸੰਗਿ ਨ ਕਤਹੂੰ ਧਾਵੈ ॥
ਸਾਧਸੰਗਿ ਅਸਥਿਤਿ ਮਨੁ ਪਾਵੈ ॥
ਸਾਧ ਕੈ ਸੰਗਿ ਮਾਇਆ ਤੇ ਭਿੰਨ ॥
ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥

Sahib Singh
ਗੋ = ਗਿਆਨ = ਇੰਦ੍ਰਾ, ਉਹ ਇੰਦ੍ਰਾ ਜੋ ਬਾਹਰਲੇ ਪਦਾਰਥਾਂ ਦੀ ਵਾਕਫ਼ੀਅਤ ਇਨਸਾਨ ਨੂੰ ਦੇਂਦਾ ਹੈ ।
ਗੋਚਰ = (ਸ਼ਕਟ. ਗੋਚਰ) ਸਰੀਰਕ ਇੰਦਿ੍ਰਆਂ ਦੀ ਪਹੁੰਚ ।
ਅਗੋਚਰ = ਉਹ (ਪ੍ਰਭੂ) ਜੋ ਸਰੀਰਕ ਇੰਦਿ੍ਰਆਂ ਦੀ ਪਹੁੰਚ ਤੋਂ ਪਰੇ ਹੈ ।
ਪਰਫੁਲੈ = ਖਿੜਦਾ ਹੈ ।
ਬਸਿ = ਕਾਬੂ ਵਿਚ ।
ਪੰਚ = ਪੰਜ (ਪ੍ਰਸਿੱਧ ਵਿਕਾਰ); ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ।
ਅੰਮਿ੍ਰਤ ਰਸੁ = ਨਾਮ ਰੂਪ ਅੰਮਿ੍ਰਤ ਦਾ ਸੁਆਦ ।
ਭੁੰਚਾ = ਚੱਖਿਆ ।
ਰੇਨ = (ਚਰਨਾਂ ਦੀ) ਧੂੜ ।
ਮਨੋਹਰ = ਮਨ ਨੂੰ ਹਰਨ ਵਾਲੇ, ਮਨ ਨੂੰ ਖਿੱਚ ਪਾਉਣ ਵਾਲੇ ।
ਬੈਨ = ਬਚਨ, ਬੋਲ ।
ਕਤਹੂੰ = ਕਿਸੇ ਪਾਸੇ ।
ਧਾਵੈ = ਦੌੜਦਾ ।
ਅਸਥਿਤਿ = (ਸ਼ਕਟ. Ôਿਥਤਿ) ਟਿਕਾਉ ।
ਭਿੰਨ = ਵੱਖਰਾ, ਨਿਰਲੇਪ, ਬੇ-ਦਾਗ਼ ।
    
Sahib Singh
ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਰੀਰਕ ਇੰਦਿ੍ਰਆਂ ਦੀ ਪਹੁੰਚ ਤੋਂ ਪਰੇ ਹੈ; ਅਤੇ ਮਨੁੱਖ ਸਦਾ ਖਿੜੇ ਮੱਥੇ ਰਹਿੰਦਾ ਹੈ ।
ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਕਾਮਾਦਿਕ ਪੰਜ ਵਿਕਾਰ ਕਾਬੂ ਵਿਚ ਆ ਜਾਂਦੇ ਹਨ, (ਕਿਉਂਕਿ ਮਨੁੱਖ) ਨਾਮ ਰੂਪ ਅੰਮਿ੍ਰਤ ਦਾ ਰਸ ਚੱਖ ਲੈਂਦਾ ਹੈ ।
ਸਾਧ ਜਨਾਂ ਦੀ ਸੰਗਤਿ ਕੀਤਿਆਂ (ਮਨੁੱਖ) ਸਭ (ਪ੍ਰਾਣੀਆਂ) ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਅਤੇ (ਸਭ ਨਾਲ) ਮਿੱਠੇ ਬਚਨ ਬੋਲਦਾ ਹੈ ।
ਸੰਤ ਜਨਾਂ ਦੇ ਸੰਗ ਰਿਹਾਂ (ਮਨੁੱਖ ਦਾ) ਮਨ ਕਿਸੇ ਪਾਸੇ ਨਹੀਂ ਦੌੜਦਾ ਹੈ, ਅਤੇ (ਪ੍ਰਭੂ ਦੇ ਚਰਨਾਂ ਵਿਚ) ਟਿਕਾਉ ਹਾਸਲ ਕਰ ਲੈਂਦਾ ਹੈ ।
ਹੇ ਨਾਨਕ! ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆਂ (ਮਨੁੱਖ) ਮਾਇਆ (ਦੇ ਅਸਰ) ਤੋਂ ਬੇ-ਦਾਗ਼ ਰਹਿੰਦਾ ਹੈ ਅਤੇ ਅਕਾਲ ਪੁਰਖ ਇਸ ਉਤੇ ਦਇਆਵਾਨ ਹੁੰਦਾ ਹੈ ।੨ ।
Follow us on Twitter Facebook Tumblr Reddit Instagram Youtube