ਅਸਟਪਦੀ ॥
ਸਾਧ ਕੈ ਸੰਗਿ ਮੁਖ ਊਜਲ ਹੋਤ ॥
ਸਾਧਸੰਗਿ ਮਲੁ ਸਗਲੀ ਖੋਤ ॥
ਸਾਧ ਕੈ ਸੰਗਿ ਮਿਟੈ ਅਭਿਮਾਨੁ ॥
ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥
ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥
ਸਾਧਸੰਗਿ ਸਭੁ ਹੋਤ ਨਿਬੇਰਾ ॥
ਸਾਧ ਕੈ ਸੰਗਿ ਪਾਏ ਨਾਮ ਰਤਨੁ ॥
ਸਾਧ ਕੈ ਸੰਗਿ ਏਕ ਊਪਰਿ ਜਤਨੁ ॥
ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥
ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥

Sahib Singh
ਊਜਲ = ਉਜਲਾ, ਸਾਫ਼ ।
ਮੁਖ ਊਜਲ ਹੋਤ = ਮੂੰਹ ਉੱਜਲਾ ਹੁੰਦਾ ਹੈ, ਇੱਜ਼ਤ ਬਣ ਆਉਂਦੀ ਹੈ ।
ਸਗਲੀ = ਸਾਰੀ ।
ਖੋਤ = ਨਾਸ ਹੋ ਜਾਂਦੀ ਹੈ ।
ਸੁ ਗਿਆਨੁ = ਸ੍ਰੇਸ਼ਟ ਗਿਆਨ ।
ਨੇਰਾ = ਨੇੜੇ, ਅੰਗ = ਸੰਗ ।
ਨਿਬੇਰਾ = ਨਿਬੇੜਾ, ਫ਼ੈਸਲਾ ।
ਏਕ ਊਪਰਿ = ਇਕ ਪ੍ਰਭੂ ਦੇ ਮਿਲਣ ਲਈ ।
ਮਹਿਮਾ = ਵਡਿਆਈ ।
ਬਰਨੈ = ਬਿਆਨ ਕਰੇ ।
ਪ੍ਰਭ ਮਾਹਿ ਸਮਾਨੀ = ਪ੍ਰਭੂ ਵਿਚ ਟਿਕੀ ਹੋਈ ਹੈ, ਪ੍ਰਭੂ ਦੀ ਸੋਭਾ ਦੇ ਬਰਾਬਰ ਹੈ ।
    
Sahib Singh
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਮੂੰਹ ਉਜਲੇ ਹੁੰਦੇ ਹਨ (ਭਾਵ, ਇੱਜ਼ਤ ਬਣ ਆਉਂਦੀ ਹੈ) (ਕਿਉਂਕਿ) ਸਾਧੂ ਜਨਾਂ ਦੇ ਪਾਸ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ ਮਿਟ ਜਾਂਦੀ ਹੈ ।
ਸਾਧੂਆਂ ਦੀ ਸੰਗਤਿ ਵਿਚ ਅਹੰਕਾਰ ਦੂਰ ਹੁੰਦਾ ਹੈ, ਅਤੇ ਸ੍ਰੇਸ਼ਟ ਗਿਆਨ ਪਰਗਟ ਹੁੰਦਾ ਹੈ (ਭਾਵ, ਚੰਗੀ ਮਤਿ ਆਉਂਦੀ ਹੈ) ।
ਸੰਤਾਂ ਦੀ ਸੰਗਤ ਵਿਚ ਪ੍ਰਭੂ ਅੰਗ-ਸੰਗ ਵੱਸਦਾ ਜਾਪਦਾ ਹੈ, (ਇਸ ਵਾਸਤੇ ਮੰਦੇ ਸੰਸਕਾਰਾਂ ਜਾਂ ਵਾਸਨਾ ਦਾ) ਸਾਰਾ ਨਿਬੇੜਾ ਹੋ ਜਾਂਦਾ ਹੈ (ਭਾਵ, ਮੰਦੇ ਪਾਸੇ ਜੀਵ ਪੈਂਦਾ ਨਹੀਂ) ।
ਗੁਰਮੁਖਾਂ ਦੀ ਸੰਗਤਿ ਵਿਚ ਮਨੁੱਖ ਨਾਮ-ਰੂਪ ਰਤਨ ਲੱਭ ਲੈਂਦਾ ਹੈ, ਤੇ, ਇੱਕ ਪ੍ਰਭੂ ਨੂੰ ਮਿਲਣ ਦਾ ਜਤਨ ਕਰਦਾ ਹੈ ।
ਸਾਧੂਆਂ ਦੀ ਵਡਿਆਈ ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ ?
(ਕਿਉਂਕਿ) ਹੇ ਨਾਨਕ! ਸਾਧ ਜਨਾਂ ਦੀ ਸੋਭਾ ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ ।੧ ।
Follow us on Twitter Facebook Tumblr Reddit Instagram Youtube