ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥
ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥
ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥
ਜਿਹ ਪ੍ਰਸਾਦਿ ਹਸਤ ਕਰ ਚਲਹਿ ॥
ਜਿਹ ਪ੍ਰਸਾਦਿ ਸੰਪੂਰਨ ਫਲਹਿ ॥
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥
ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥
ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥੬॥

Sahib Singh
ਸੁਨਹਿ = ਤੂੰ ਸੁਣਦਾ ਹੈਂ ।
ਕਰਨ = ਕੰਨਾਂ (ਨਾਲ) ।
ਨਾਦ = (ਰਸੀਲੀ) ਆਵਾਜ਼ ।
ਪੇਖਹਿ = ਤੂੰ ਵੇਖਦਾ ਹੈਂ ।
ਬਿਸਮਾਦ = ਅਚਰਜ (ਨਜ਼ਾਰੇ) ।
ਅੰਮਿ੍ਰਤ = ਮਿੱਠੇ ਬੋਲ ।
ਰਸਨਾ = ਜੀਭ (ਨਾਲ) ।
ਸਹਜੇ = ਸੁਭਾਵਕ ਹੀ ।
ਹਸਤ = ਹੱਥ ।
ਕਰ = ਹੱਥ ।
ਚਲਹਿ = ਚੱਲਦੇ ਹਨ, ਕੰਮ ਦੇਂਦੇ ਹਨ ।
ਸੰਪੂਰਨ = ਪੂਰਨ ਤੌਰ ਤੇ, ਹਰੇਕ ਕਾਰ-ਵਿਹਾਰ ਵਿਚ, ਹਰ ਪਾਸੇ ।
ਫਲਹਿ = ਫਲਦਾ ਹੈਂ, ਫਲ ਹਾਸਲ ਕਰਦਾ ਹੈਂ, ਕਾਮਯਾਬ ਹੁੰਦਾ ਹੈਂ ।
ਸਹਜਿ = ਅਡੋਲ ਅਵਸਥਾ ਵਿਚ, ਬੇ-ਫ਼ਿਕਰੀ ਵਿਚ ।
ਸਮਾਵਹਿ = ਤੂੰ ਟਿਕਿਆ ਬੈਠਾ ਹੈਂ ।
ਅਵਰ ਕਤ = ਹੋਰ ਕਿਥੇ ?
ਮਨਿ = ਮਨ ਵਿਚ ।
ਜਾਗਹੁ = ਹੁਸ਼ੀਆਰ ਹੋਵੋ ।
    
Sahib Singh
ਜਿਸ ਦੀ ਕਿ੍ਰਪਾ ਨਾਲ ਤੂੰ (ਆਪਣੇ) ਕੰਨਾਂ ਨਾਲ ਆਵਾਜ਼ ਸੁਣਦਾ ਹੈਂ (ਭਾਵ, ਤੈਨੂੰ ਸੁਣਨ ਦੀ ਤਾਕਤ ਮਿਲੀ ਹੈ), ਜਿਸ ਦੀ ਮੇਹਰ ਨਾਲ ਅਚਰਜ ਨਜ਼ਾਰੇ ਵੇਖਦਾ ਹੈਂ; ਜਿਸ ਦੀ ਬਰਕਤਿ ਪਾ ਕੇ ਜੀਭ ਨਾਲ ਮਿੱਠੇ ਬੋਲ ਬੋਲਦਾ ਹੈਂ, ਜਿਸ ਦੀ ਕਿਰਪਾ ਨਾਲ ਸੁਭਾਵਕ ਹੀ ਸੁਖੀ ਵੱਸ ਰਿਹਾ ਹੈਂ; ਜਿਸ ਦੀ ਦਇਆ ਨਾਲ ਤੇਰੇ ਹੱਥ (ਆਦਿਕ ਸਾਰੇ ਅੰਗ) ਕੰਮ ਦੇ ਰਹੇ ਹਨ, ਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ-ਵਿਹਾਰ ਵਿਚ ਕਾਮਯਾਬ ਹੁੰਦਾ ਹੈਂ; ਜਿਸ ਦੀ ਬਖ਼ਸ਼ਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ, ਅਤੇ ਤੂੰ ਸੁਖ ਤੇ ਬੇ-ਫ਼ਿਕਰੀ ਵਿਚ ਮਸਤ ਹੈਂ; ਅਜੇਹਾ ਪ੍ਰਭੂ ਵਿਸਾਰ ਕੇ ਤੂੰ ਹੋਰ ਕਿਸ ਪਾਸੇ ਲੱਗ ਰਿਹਾ ਹੈਂ ?
ਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ ਮਨ ਵਿਚ ਹੁਸ਼ੀਆਰ ਹੋਹੁ ।੬ ।
Follow us on Twitter Facebook Tumblr Reddit Instagram Youtube