ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥
ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥
ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥
ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥
ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥
ਜਿਨਿ ਤੇਰੀ ਮਨ ਬਨਤ ਬਨਾਈ ॥
ਊਠਤ ਬੈਠਤ ਸਦ ਤਿਸਹਿ ਧਿਆਈ ॥
ਤਿਸਹਿ ਧਿਆਇ ਜੋ ਏਕ ਅਲਖੈ ॥
ਈਹਾ ਊਹਾ ਨਾਨਕ ਤੇਰੀ ਰਖੈ ॥੪॥

Sahib Singh
ਆਭੂਖਨ = ਗਹਣੇ, ਜ਼ੇਵਰ ।
ਪਹਿਰੀਜੈ = ਪਹਿਨੀਦੇ ਹਨ ।
ਅਸ੍ਵ = ਘੋੜੇ ।
ਹਸਤਿ = ਹਾਥੀ ।
ਮਿਲਖ = ਜ਼ਮੀਨ ।
ਜਿਨਿ = ਜਿਸ (ਪ੍ਰਭੂ) ਨੇ ।
ਬਨਤ = ਬਨਾਵਟ ।
ਤੇਰੀ ਬਨਤ ਬਨਾਈ = ਤੇਰੀ ਬਣੌਤ ਬਣਾਈ ਹੈ, ਤੈਨੂੰ ਸਾਜਿਆ ਹੈ ।
ਸਦ = ਸਦਾ ।
ਅਲਖ = ਜੋ ਲਖਿਆ ਨਹੀਂ ਜਾ ਸਕਦਾ, ਜੋ ਬਿਆਨ ਨਹੀਂ ਕੀਤਾ ਜਾ ਸਕਦਾ ।
ਈਹਾ = ਇਥੇ, ਇਸ ਲੋਕ ਵਿਚ ।
ਊਹਾ = ਓਥੇ, ਪਰਲੋਕ ਵਿਚ ।
ਰਖੈ = ਤੇਰੀ ਲਾਜ ਰੱਖਦਾ ਹੈ ।
    
Sahib Singh
ਜਿਸ (ਪ੍ਰਭੂ) ਦੀ ਕਿਰਪਾ ਨਾਲ ਗਹਣੇ ਪਹਿਨੀਦੇ ਹਨ, ਹੇ ਮਨ! ਉਸ ਨੂੰ ਸਿਮਰਦਿਆਂ ਕਿਉਂ ਆਲਸ ਕੀਤਾ ਜਾਏ ?
ਜਿਸ ਦੀ ਮੇਹਰ ਨਾਲ ਘੋੜੇ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ, ਹੇ ਮਨ! ਉਸ ਪ੍ਰਭੂ ਨੂੰ ਕਦੇ ਨਾਹ ਵਿਸਾਰੀਂ ।
ਜਿਸ ਦੀ ਦਇਆ ਨਾਲ ਬਾਗ ਜ਼ਮੀਨਾਂ ਤੇ ਧਨ (ਤੈਨੂੰ ਨਸੀਬ ਹਨ) ਉਸ ਪ੍ਰਭੂ ਨੂੰ ਆਪਣੇ ਮਨ ਵਿਚ ਪ੍ਰੋ ਰੱਖ ।
ਹੇ ਮਨ! ਜਿਸ (ਪ੍ਰਭੂ) ਨੇ ਤੈਨੂੰ ਸਾਜਿਆ ਹੈ, ਉਠਦੇ ਬੈਠਦੇ (ਭਾਵ, ਹਰ ਵੇਲੇ) ਉਸੇ ਨੂੰ ਸਦਾ ਸਿਮਰ ।
ਹੇ ਨਾਨਕ! ਉਸ ਪ੍ਰਭੂ ਨੂੰ ਸਿਮਰ, ਜੋ ਇੱਕ ਹੈ, ਤੇ, ਬੇਅੰਤ ਹੈ ।
ਲੋਕ ਤੇ ਪਰਲੋਕ ਵਿਚ (ਉਹੀ) ਤੇਰੀ ਲਾਜ ਰੱਖਣ ਵਾਲਾ ਹੈ ।੪ ।
Follow us on Twitter Facebook Tumblr Reddit Instagram Youtube