ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥
ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥
ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ॥
ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥
ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥
ਮੁਖਿ ਤਾ ਕੋ ਜਸੁ ਰਸਨ ਬਖਾਨੈ ॥
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥
ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥
ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥
ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥

Sahib Singh
ਪਟੰਬਰ = ਪਟ = ਅੰਬਰ, ਰੇਸ਼ਮ ਦੇ ਕੱਪੜੇ ।
ਕਤ ਅਵਰ = ਕਿਸੇ ਹੋਰ ਥਾਂ ?
ਲੁਭਾਵਹਿ = ਤੂੰ ਲੋਭ ਕਰ ਰਿਹਾ ਹੈਂ ।
ਸੋਈਜੈ = ਸਵੀਂਦਾ ਹੈ ।
ਗਾਵੀਜੈ = ਗਾਉਣਾ ਚਾਹੀਦਾ ਹੈ ।
ਸਭੁ ਕੋਊ = ਹਰੇਕ ਜੀਵ ।
ਮਾਨੈ = ਆਦਰ ਕਰਦਾ ਹੈ, ਮਾਣ ਦੇਂਦਾ ਹੈ ।
ਮੁਖਿ = ਮੂੰਹ ਨਾਲ ।
ਰਸਨ = ਜੀਭ ਨਾਲ ।
ਬਖਾਨੈ = ਉਚਾਰੇ,ਬੋਲੇ ।
ਕੇਵਲ = ਸਿਰਫ਼ ।
ਪਤਿ ਸੇਤੀ = ਇੱਜ਼ਤ ਨਾਲ ।
    
Sahib Singh
(ਹੇ ਮਨ!) ਜਿਸ (ਪ੍ਰਭੂ) ਦੀ ਕਿ੍ਰਪਾ ਨਾਲ ਤੂੰ ਰੇਸ਼ਮੀ ਕੱਪੜੇ ਹੰਢਾਉਂਦਾ ਹੈਂ, ਉਸ ਨੂੰ ਵਿਸਾਰ ਕੇ ਹੋਰ ਕਿੱਥੇ ਲੋਭ ਕਰ ਰਿਹਾ ਹੈਂ ?
ਜਿਸ ਦੀ ਮਿਹਰ ਨਾਲ ਸੇਜ ਉੱਤੇ ਸੁਖੀ ਸਵੀਂਦਾ ਹੈ, ਹੇ ਮਨ! ਉਸ ਪ੍ਰਭੂ ਦਾ ਜਸ ਅੱਠੇ ਪਹਰ ਗਾਉਣਾ ਚਾਹੀਦਾ ਹੈ ।
ਜਿਸ ਦੀ ਮੇਹਰ ਨਾਲ ਹਰੇਕ ਮਨੁੱਖ ਤੇਰਾ ਆਦਰ ਕਰਦਾ ਹੈ, ਉਸ ਦੀ ਵਡਿਆਈ (ਆਪਣੇ) ਮੂੰਹੋਂ ਜੀਭ ਨਾਲ (ਸਦਾ) ਕਰ ।
ਜਿਸ (ਪ੍ਰਭੂ) ਦੀ ਕਿ੍ਰਪਾ ਨਾਲ ਤੇਰਾ ਧਰਮ (ਕਾਇਮ) ਰਹਿੰਦਾ ਹੈ, ਹੇ ਮਨ! ਤੂੰ ਸਦਾ ਉਸ ਪਰਮੇਸ਼ਰ ਨੂੰ ਸਿਮਰ ।
ਹੇ ਨਾਨਕ! ਪਰਮਾਤਮਾ ਦਾ ਭਜਨ ਕੀਤਿਆਂ (ਉਸ ਦੀ) ਦਰਗਾਹ ਵਿਚ ਮਾਣ ਪਾਵਹਿˆਗਾ, ਤੇ, (ਇਥੋਂ) ਇੱਜ਼ਤ ਨਾਲ ਆਪਣੇ (ਪਰਲੋਕ ਦੇ) ਘਰ ਵਿਚ ਜਾਵਹਿˆਗਾ ।੨ ।
Follow us on Twitter Facebook Tumblr Reddit Instagram Youtube