ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥
ਅਪਨਾ ਕੀਆ ਆਪਹਿ ਮਾਨੈ ॥
ਆਪਹਿ ਆਪ ਆਪਿ ਕਰਤ ਨਿਬੇਰਾ ॥
ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥
ਉਪਾਵ ਸਿਆਨਪ ਸਗਲ ਤੇ ਰਹਤ ॥
ਸਭੁ ਕਛੁ ਜਾਨੈ ਆਤਮ ਕੀ ਰਹਤ ॥
ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥
ਥਾਨ ਥਨੰਤਰਿ ਰਹਿਆ ਸਮਾਇ ॥
ਸੋ ਸੇਵਕੁ ਜਿਸੁ ਕਿਰਪਾ ਕਰੀ ॥
ਨਿਮਖ ਨਿਮਖ ਜਪਿ ਨਾਨਕ ਹਰੀ ॥੮॥੫॥

Sahib Singh
ਕਰਉ = ਮੈਂ ਕਰਦਾ ਹਾਂ ।
ਕੀਆ = ਪੈਦਾ ਕੀਤਾ ਹੋਇਆ (ਜੀਵ) ।
ਆਪਹਿ = ਆਪ ਹੀ ।
ਮਾਨੈ = ਮਾਣ ਦੇਂਦਾ ਹੈ ।
ਆਪਹਿ ਆਪ = ਆਪ ਹੀ ।
ਨਿਬੇਰਾ = ਫ਼ੈਸਲਾ, ਨਿਖੇੜਾ ।
ਨੇਰਾ = ਨੇੜੇ ।
ਸਗਲ ਤੇ ਰਹਤ = ਸਭ ਤੋਂ ਪਰੇ ਹੈ ।
ਉਪਾਵ = ਹੀਲੇ ।
ਰਹਤ = ਰਹਿਣੀ ।
ਆਤਮ ਕੀ ਰਹਤ = ਆਤਮਾ ਦੀ ਰਹਿਣੀ, ਆਤਮਕ ਜ਼ਿੰਦਗੀ ।
ਜਿਸ ਭਾਵੈ = ਜੋ ਤਿਸੁ ਭਾਵੈ, ਜੋ ਉਸ ਨੂੰ ਭਾਉਂਦਾ ਹੈ ।
ਤਿਸੁ = ਉਸ ਨੂੰ ।
ਥਾਨ ਥਨੰਤਰਿ = ਹਰ ਥਾਂ ।
ਸਮਾਇ ਰਹਿਆ = ਮੌਜੂਦ ਹੈ ।
ਨਿਮਖ ਨਿਮਖ = ਅੱਖ ਦੇ ਫਰਕਣ ਦੇ ਸਮੇ ਵਿਚ ਭੀ ।
    
Sahib Singh
(ਜੋ ਜੋ) ਬੇਨਤੀ ਮੈਂ ਕਰਦਾ ਹਾਂ, ਪ੍ਰਭੂ ਸਭ ਜਾਣਦਾ ਹੈ, ਆਪਣੇ ਪੈਦਾ ਕੀਤੇ ਜੀਵ ਨੂੰ ਉਹ ਆਪ ਹੀ ਮਾਣ ਬਖ਼ਸ਼ਦਾ ਹੈ ।
(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਪ੍ਰਭੂ ਆਪ ਹੀ ਨਿਖੇੜਾ ਕਰਦਾ ਹੈ, (ਭਾਵ) ਕਿਸੇ ਨੂੰ ਇਹ ਬੁਧਿ ਬਖ਼ਸ਼ਦਾ ਹੈ ਕਿ ਪ੍ਰਭੂ ਸਾਡੇ ਨੇੜੇ ਹੈ ਤੇ ਕਿਸੇ ਨੂੰ ਜਣਾਉਂਦਾ ਹੈ ਕਿ ਪ੍ਰਭੂ ਕਿਤੇ ਦੂਰ ਹੈ ।
ਸਭ ਹੀਲਿਆਂ ਤੇ ਚਤੁਰਾਈਆਂ ਤੋਂ (ਪ੍ਰਭੂ) ਪਰੇ ਹੈ (ਭਾਵ, ਕਿਸੇ ਹੀਲੇ ਚਤੁਰਾਈ ਨਾਲ ਪ੍ਰਸੰਨ ਨਹੀਂ ਹੁੰਦਾ) (ਕਿਉਂਕਿ ਉਹ ਜੀਵ ਦੀ) ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ ।
ਜੋ (ਜੀਵ) ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਲੜ ਲਾਉਂਦਾ ਹੈ, ਪ੍ਰਭੂ ਹਰ ਥਾਂ ਮੌਜੂਦ ਹੈ ।
ਉਹੀ ਮਨੁੱਖ (ਅਸਲੀ) ਸੇਵਕ ਬਣਦਾ ਹੈ ਜਿਸ ਉਤੇ ਪ੍ਰਭੂ ਮੇਹਰ ਕਰਦਾ ਹੈ ।
ਹੇ ਨਾਨਕ! (ਐਸੇ) ਪ੍ਰਭੂ ਨੂੰ ਦਮ-ਬ-ਦਮ ਯਾਦ ਕਰ ।੮।੫ ।
Follow us on Twitter Facebook Tumblr Reddit Instagram Youtube