ਬਿਰਥੀ ਸਾਕਤ ਕੀ ਆਰਜਾ ॥
ਸਾਚ ਬਿਨਾ ਕਹ ਹੋਵਤ ਸੂਚਾ ॥
ਬਿਰਥਾ ਨਾਮ ਬਿਨਾ ਤਨੁ ਅੰਧ ॥
ਮੁਖਿ ਆਵਤ ਤਾ ਕੈ ਦੁਰਗੰਧ ॥
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥
ਮੇਘ ਬਿਨਾ ਜਿਉ ਖੇਤੀ ਜਾਇ ॥
ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥
ਜਿਉ ਕਿਰਪਨ ਕੇ ਨਿਰਾਰਥ ਦਾਮ ॥
ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥
ਨਾਨਕ ਤਾ ਕੈ ਬਲਿ ਬਲਿ ਜਾਉ ॥੬॥

Sahib Singh
ਬਿਰਥੀ = ਵਿਅਰਥ ।
ਸਾਕਤ = (ਰੱਬ ਨਾਲੋਂ) ਟੁੱਟਾ ਹੋਇਆ ।
ਆਰਜਾ = ਉਮਰ ।
ਤਨੁ ਅੰਧ = ਅੰਨ੍ਹੇ ਦਾ ਸਰੀਰ ।
ਮੁਖਿ = ਮੂੰਹ ਵਿਚੋਂ ।
ਤਾ ਕੈ ਮੁਖਿ = ਉਸ ਦੇ ਮੂੰਹ ਵਿਚੋਂ ।
ਦੁਰਗੰਧ = ਬਦ = ਬੂ ।ਰੈਨਿ—ਰਾਤ ।
ਬਿਹਾਇ = ਗੁਜ਼ਰ ਜਾਂਦੀ ਹੈ ।
ਮੇਘ = ਬੱਦਲ ।
ਕਿਰਪਨ = ਕੰਜੂਸ ।
ਨਿਰਾਰਥ = ਵਿਅਰਥ ।
ਦਾਮ = ਪੈਸੇ, ਧਨ ।
ਧੰਨਿ = ਮੁਬਾਰਕ ।
ਜਿਹ ਘਟਿ = ਜਿਨ੍ਹਾਂ ਦੇ ਹਿਰਦੇ ਵਿਚ ।
ਤਾ ਕੈ = ਉਹਨਾਂ ਤੋਂ ।
ਬਲਿ ਬਲਿ = ਸਦਕੇ ।
    
Sahib Singh
(ਰੱਬ ਨਾਲੋਂ) ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਜਾਂਦੀ ਹੈ, (ਕਿਉਂਕਿ) ਸੱਚੇ ਪ੍ਰਭੂ (ਦੇ ਨਾਮ) ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ ?
ਨਾਮ ਤੋਂ ਬਿਨਾ ਅੰਨ੍ਹੇ (ਸਾਕਤ) ਦਾ ਸਰੀਰ (ਹੀ) ਕਿਸੇ ਕੰਮ ਨਹੀਂ, (ਕਿਉਂਕਿ) ਉਸ ਦੇ ਮੂੰਹ ਵਿਚੋਂ (ਨਿੰਦਾ ਆਦਿਕ) ਬਦ-ਬੂ ਆਉਂਦੀ ਹੈ ।
ਜਿਵੇਂ ਵਰਖਾ ਤੋਂ ਬਿਨਾ ਪੈਲੀ ਨਿਸਫਲ ਜਾਂਦੀ ਹੈ, (ਤਿਵੇਂ) ਸਿਮਰਨ ਤੋਂ ਬਿਨਾ (ਸਾਕਤ ਦੇ) ਦਿਨ ਰਾਤ ਅੱਫਲ ਚਲੇ ਜਾਂਦੇ ਹਨ ।
ਪ੍ਰਭੂ ਦੇ ਭਜਨ ਤੋਂ ਸੱਖਣਾ ਰਹਿਣ ਕਰਕੇ (ਮਨੁੱਖ ਦੇ) ਸਾਰੇ ਹੀ ਕੰਮ ਕਿਸੇ ਅਰਥ ਨਹੀਂ, (ਕਿਉਂਕਿ ਇਹ ਕੰਮ ਇਸ ਦਾ ਆਪਣਾ ਕੁਝ ਨਹੀਂ ਸਵਾਰਦੇ) ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ ।
ਉਹ ਮਨੁੱਖ ਮੁਬਾਰਿਕ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਹੇ ਨਾਨਕ! (ਆਖ ਕਿ) ਮੈਂ ਉਹਨਾਂ (ਗੁਰਮੁਖਾਂ) ਤੋਂ ਸਦਕੇ ਜਾਂਦਾ ਹਾਂ ।੬ ।
Follow us on Twitter Facebook Tumblr Reddit Instagram Youtube