ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥
ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥
ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥
ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥
ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥
ਮਿਥਿਆ ਮਨ ਪਰ ਲੋਭ ਲੁਭਾਵਹਿ ॥
ਮਿਥਿਆ ਤਨ ਨਹੀ ਪਰਉਪਕਾਰਾ ॥
ਮਿਥਿਆ ਬਾਸੁ ਲੇਤ ਬਿਕਾਰਾ ॥
ਬਿਨੁ ਬੂਝੇ ਮਿਥਿਆ ਸਭ ਭਏ ॥
ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥੫॥

Sahib Singh
ਮਿਥਿਆ = ਵਿਅਰਥ ।
ਸ੍ਰਵਨ = ਕੰਨ ।
ਸੁਨਹਿ = ਸੁਣਦੇ ਹਨ ।
ਹਸਤ = ਹੱਥ, {ਲਫ਼ਜ਼ “ਹਸਤ” ਅਤੇ “ਹਸਤਿ” ਦਾ ਜੋੜ ਵਖੋ ਵਖਰਾ ਹੈ, ਤੇ, ਅਰਥ ਭੀ ਵਖੋ ਵਖਰੇ ।
ਹਸਤ = ਹੱਥ ।
ਹਸਤਿ = ਹਾਥੀ} ।
ਦਰਬ = ਧਨ ।
ਹਿਰਹਿ = ਚੁਰਾਉਂਦੇ ਹਨ ।
ਨੇਤ੍ਰ = ਅੱਖਾਂ ।
ਤਿ੍ਰਅ = ਇਸਤ੍ਰੀ ਦਾ ।
ਰਸਨਾ = ਜੀਭ ।
ਅਨ ਸ੍ਵਾਦ = ਹੋਰ ਸੁਆਦਾਂ ਵਿਚ ।
ਧਾਵਹਿ = ਦੌੜਦੇ ਹਨ ।
ਬਿਕਾਰ = ਵਿਗਾੜ, ਨੁਕਸਾਨ ।
ਮਨ = ਹੇ ਮਨ !
ਪਰ ਲੋਭੁ = ਪਰਾਏ (ਧਨ ਆਦਿਕ) ਦਾ ਲੋਭ ।
ਪਰਉਪਕਾਰ = ਦੂਜਿਆਂ ਦੀ ਭਲਾਈ ।
ਬਾਸੁ = ਵਾਸ਼ਨਾ, ਸੁਗੰਧੀ ।
ਬਿਨੁ ਬੂਝੇ = (ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ ।
ਦੇਹ = ਸਰੀਰ ।
    
Sahib Singh
(ਮਨੁੱਖ ਦੇ) ਕੰਨ ਵਿਅਰਥ ਹਨ (ਜੇ ਉਹ) ਪਰਾਈ ਬਖ਼ੀਲੀ ਸੁਣਦੇ ਹਨ, ਹੱਥ ਵਿਅਰਥ ਹਨ (ਜੇ ਇਹ) ਪਰਾਏ ਧਨ ਨੂੰ ਚੁਰਾਉਂਦੇ ਹਨ; ਅੱਖਾਂ ਵਿਅਰਥ ਹਨ (ਜੋ ਇਹ) ਪਰਾਈ ਜ਼ਨਾਨੀ ਦਾ ਰੂਪ ਤੱਕਦੀਆਂ ਹਨ, ਜੀਭ ਵਿਅਰਥ ਹੈ (ਜੇ ਇਹ) ਖਾਣੇ ਤੇ ਹੋਰ ਸੁਆਦਾਂ ਵਿਚ (ਲੱਗੀ ਹੋਈ ਹੈ); ਪੈਰ ਵਿਅਰਥ ਹਨ (ਜੇ ਇਹ) ਪਰਾਏ ਨੁਕਸਾਨ ਵਾਸਤੇ ਦੌੜ-ਭੱਜ ਰਹੇ ਹਨ ।
ਹੇ ਮਨ! ਤੂੰ ਭੀ ਵਿਅਰਥ ਹੈਂ (ਜੇ ਤੂੰ) ਪਰਾਏ ਧਨ ਦਾ ਲੋਭ ਕਰ ਰਿਹਾ ਹੈਂ ।
(ਉਹ) ਸਰੀਰ ਵਿਅਰਥ ਹਨ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ, (ਨੱਕ) ਵਿਅਰਥ ਹੈ (ਜੋ) ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ ।
(ਆਪੋ ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ (ਇਹ) ਸਾਰੇ (ਅੰਗ) ਵਿਅਰਥ ਹਨ ।
ਹੇ ਨਾਨਕ! ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ ।੫ ।
Follow us on Twitter Facebook Tumblr Reddit Instagram Youtube