ਅਨਿਕ ਭਾਤਿ ਮਾਇਆ ਕੇ ਹੇਤ ॥
ਸਰਪਰ ਹੋਵਤ ਜਾਨੁ ਅਨੇਤ ॥
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥
ਓਹ ਬਿਨਸੈ ਉਹੁ ਮਨਿ ਪਛੁਤਾਵੈ ॥
ਜੋ ਦੀਸੈ ਸੋ ਚਾਲਨਹਾਰੁ ॥
ਲਪਟਿ ਰਹਿਓ ਤਹ ਅੰਧ ਅੰਧਾਰੁ ॥
ਬਟਾਊ ਸਿਉ ਜੋ ਲਾਵੈ ਨੇਹ ॥
ਤਾ ਕਉ ਹਾਥਿ ਨ ਆਵੈ ਕੇਹ ॥
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥
ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥੩॥

Sahib Singh
ਭਾਤਿ = ਕਿਸਮ ।
ਹੇਤ = ਪਿਆਰ ।
ਸਰਪਰ = ਅੰਤ ਨੂੰ, ਜ਼ਰੂਰ ।
ਜਾਨੁ = ਸਮਝ ।
ਅਨੇਤ = ਨਾਹ ਨਿੱਤ ਰਹਿਣ ਵਾਲੇ, ਨਾਸਵੰਤ ।
ਬਿਰਖ = ਰੁੱਖ ।
ਰੰਗੁ = ਪਿਆਰ ।
ਓਹ = ਉਹ (ਛਾਇਆ) ।
ਉਹੁ = ਉਹ ਮਨੁੱਖ (ਜੋ ਛਾਂ ਨਾਲ ਪਿਆਰ ਪਾਉਂਦਾ ਹੈ) ।
ਮਨਿ = ਮਨ ਵਿਚ ।
ਦੀਸੈ = ਦਿੱਸਦਾ ਹੈ ।
ਚਾਲਨਹਾਰੁ = ਨਾਸਵੰਤ, ਤੁਰ ਜਾਣ ਵਾਲਾ ।
ਲਪਟਿ ਰਹਿਓ = ਜੁੜ ਰਿਹਾ ਹੈ, ਜੱਫਾ ਪਾਈ ਬੈਠਾ ਹੈ ।
ਤਹ = ਓਥੇ, ਉਸ ਨਾਲ (ਜੋ ਚੱਲਣਹਾਰ ਹੈ) ।
ਅੰਧ = ਅੰਨ੍ਹਾ ।
ਅੰਧ ਅੰਧਾਰੁ = ਅੰਨਿ੍ਹਆਂ ਦਾ ਅੰਨ੍ਹਾ, ਮਹਾ ਮੂਰਖ ।
ਬਟਾਊ = ਰਾਹੀ, ਮੁਸਾਫ਼ਿਰ ।
ਨੇਹ = ਪਿਆਰ, ਮੁਹੱਬਤਿ ।
ਤਾ ਕਉ = ਉਸ ਨੂੰ ।
ਹਾਥਿ = ਹੱਥ ਵਿਚ ।
ਨ ਕੇਹ = ਕੁਝ ਭੀ ਨਹੀਂ ।
    
Sahib Singh
ਮਾਇਆ ਦੇ ਪਿਆਰ ਅਨੇਕਾਂ ਕਿਸਮਾਂ ਦੇ ਹਨ (ਭਾਵ, ਮਾਇਆ ਦੇ ਅਨੇਕਾਂ ਸੋਹਣੇ ਸਰੂਪ ਮਨੁੱਖ ਦੇ ਮਨ ਨੂੰ ਮੋਂਹਦੇ ਹਨ), (ਪਰ ਇਹ ਸਾਰੇ) ਅੰਤ ਨੂੰ ਨਾਸ ਹੋ ਜਾਣ ਵਾਲੇ ਸਮਝੋ ।
(ਜੇ ਕੋਈ ਮਨੁੱਖ) ਰੁੱਖ ਦੀ ਛਾਂ ਨਾਲ ਪਿਆਰ ਪਾ ਬੈਠੇ, (ਸਿੱਟਾ ਕੀਹ ਨਿਕਲੇਗਾ?) ਉਹ ਛਾਂ ਨਾਸ ਹੋ ਜਾਂਦੀ ਹੈ, ਤੇ, ਉਹ ਮਨੁੱਖ ਮਨ ਵਿਚ ਪਛੁਤਾਂਦਾ ਹੈ ।
(ਇਹ ਸਾਰਾ ਜਗਤ) ਜੋ ਦਿੱਸ ਰਿਹਾ ਹੈ ਨਾਸਵੰਤ ਹੈ, ਇਸ (ਜਗਤ) ਨਾਲ ਇਹ ਅੰਨਿ੍ਹਆਂ ਦਾ ਅੰਨ੍ਹਾ (ਜੀਵ) ਜੱਫਾ ਪਾਈ ਬੈਠਾ ਹੈ ।
ਜੋ (ਭੀ) ਮਨੁੱਖ (ਕਿਸੇ) ਰਾਹੀ ਨਾਲ ਪਿਆਰ ਪਾ ਲੈਂਦਾ ਹੈ, (ਅੰਤ ਨੂੰ) ਉਸ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ ।
ਹੇ ਮਨ! ਪ੍ਰਭੂ ਦੇ ਨਾਮ ਦਾ ਪਿਆਰ (ਹੀ) ਸੁਖ ਦੇਣ ਵਾਲਾ ਹੈ; (ਪਰ) ਹੇ ਨਾਨਕ! (ਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਹੈ, ਜਿਸ ਨੂੰ) ਪ੍ਰਭੂ ਮੇਹਰ ਕਰ ਕੇ ਆਪ ਲਾਉਂਦਾ ਹੈ ।੩ ।
Follow us on Twitter Facebook Tumblr Reddit Instagram Youtube