ਅਸਟਪਦੀ ॥
ਦਸ ਬਸਤੂ ਲੇ ਪਾਛੈ ਪਾਵੈ ॥
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥
ਤਉ ਮੂੜਾ ਕਹੁ ਕਹਾ ਕਰੇਇ ॥
ਜਿਸੁ ਠਾਕੁਰ ਸਿਉ ਨਾਹੀ ਚਾਰਾ ॥
ਤਾ ਕਉ ਕੀਜੈ ਸਦ ਨਮਸਕਾਰਾ ॥
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥
ਸਰਬ ਸੂਖ ਤਾਹੂ ਮਨਿ ਵੂਠਾ ॥
ਜਿਸੁ ਜਨ ਅਪਨਾ ਹੁਕਮੁ ਮਨਾਇਆ ॥
ਸਰਬ ਥੋਕ ਨਾਨਕ ਤਿਨਿ ਪਾਇਆ ॥੧॥

Sahib Singh
ਬਸਤੂ = ਚੀਜ਼ਾਂ ।
ਲੇ = ਲੈ ਕੇ ।
ਪਾਛੈ ਪਾਵੈ = ਸਾਂਭ ਲੈਂਦਾ ਹੈ ।
ਬਿਖੋਟਿ = {ਸ਼ਕਟ. ਖੱਰੋਟਿ ਅ ਚੁਨਨਨਿਗ ੋਰ ਸਹਰੲਾੲਦ ਾੋਮੳਨ, ਵਿ, ਾਟਿਹੋੁਟ.} ਖੋਟ-ਹੀਨਤਾ, ਖਰਾ-ਪਨ, ਇਤਬਾਰ ।
ਹਿਰਿ ਲੇਇ = ਖੋਹ ਲਏ ।
ਮੂੜਾ = ਮੂਰਖ ।
ਕਹਾ ਕਰੇਇ = ਕੀਹ ਕਰ ਸਕਦਾ ਹੈ ?
ਚਾਰਾ = ਜ਼ੋਰ, ਪੇਸ਼ ।
ਸਦ = ਸਦਾ ।
ਸਰਬ = ਸਾਰੇ ।
ਤਾਹੂ ਮਨਿ = ਉਸੇ ਦੇ ਮਨ ਵਿਚ ।
ਵੂਠਾ = ਆ ਵੱਸਦੇ ਹਨ ।
ਜਿਸੁ ਜਨ = ਜਿਸ ਮਨੁੱਖ ਨੂੰ ।
ਥੋਕ = ਪਦਾਰਥ ।
ਤਿਨਿ = ਉਸ (ਮਨੁੱਖ) ਨੇ ।
    
Sahib Singh
(ਮਨੁੱਖ ਪ੍ਰਭੂ ਤੋਂ) ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ, (ਪਰ) ਇਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ ਗਵਾ ਲੈਂਦਾ ਹੈ (ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ, ਜੇਹੜੀ ਨਹੀਂ ਮਿਲੀਉਸ ਦਾ ਗਿਲਾ ਕਰਦਾ ਰਹਿੰਦਾ ਹੈ) ।
(ਜੇ ਪ੍ਰਭੂ) ਇਕ ਚੀਜ਼ ਭੀ ਨਾਹ ਦੇਵੇ, ਤੇ, ਦਸ (ਦਿੱਤੀਆਂ ਹੋਈਆਂ) ਭੀ ਖੋਹ ਲਏ, ਤਾਂ, ਦੱਸੋ, ਇਹ ਮੂਰਖ ਕੀਹ ਕਰ ਸਕਦਾ ਹੈ ?
ਜਿਸ ਮਾਲਕ ਦੇ ਨਾਲ ਪੇਸ਼ ਨਹੀਂ ਜਾ ਸਕਦੀ, ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਹੀ ਚਾਹੀਦਾ ਹੈ, (ਕਿਉਂਕਿ) ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ, ਸਾਰੇ ਸੁਖ ਉਸੇ ਦੇ ਹਿਰਦੇ ਵਿਚ ਆ ਵੱਸਦੇ ਹਨ ।
ਹੇ ਨਾਨਕ! ਜਿਸ ਮਨੁੱਖ ਤੋਂ ਪ੍ਰਭੂ ਆਪਣਾ ਹੁਕਮ ਮਨਾਉਂਦਾ ਹੈ, (ਦੁਨੀਆ ਦੇ) ਸਾਰੇ ਪਦਾਰਥ (ਮਾਨੋ) ਉਸ ਨੇ ਲੱਭ ਲਏ ਹਨ ।੧ ।
Follow us on Twitter Facebook Tumblr Reddit Instagram Youtube