ਸੰਗਿ ਸਹਾਈ ਸੁ ਆਵੈ ਨ ਚੀਤਿ ॥
ਜੋ ਬੈਰਾਈ ਤਾ ਸਿਉ ਪ੍ਰੀਤਿ ॥
ਬਲੂਆ ਕੇ ਗ੍ਰਿਹ ਭੀਤਰਿ ਬਸੈ ॥
ਅਨਦ ਕੇਲ ਮਾਇਆ ਰੰਗਿ ਰਸੈ ॥
ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥
ਕਾਲੁ ਨ ਆਵੈ ਮੂੜੇ ਚੀਤਿ ॥
ਬੈਰ ਬਿਰੋਧ ਕਾਮ ਕ੍ਰੋਧ ਮੋਹ ॥
ਝੂਠ ਬਿਕਾਰ ਮਹਾ ਲੋਭ ਧ੍ਰੋਹ ॥
ਇਆਹੂ ਜੁਗਤਿ ਬਿਹਾਨੇ ਕਈ ਜਨਮ ॥
ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥

Sahib Singh
ਚੀਤਿ = ਚਿੱਤ ਵਿਚ ।
ਬੈਰਾਈ = ਵੈਰੀ ।
ਬਲੂਆ = ਰੇਤ ।
ਗਿ੍ਰਹ = ਘਰ ।
ਭੀਤਰਿ = ਵਿਚ ।
ਰੰਗਿ = ਰੰਗ ਵਿਚ, ਮਸਤੀ ਵਿਚ ।
ਕੇਲ = ਚੋਜ = ਖੇਡਾਂ ।
ਦਿ੍ਰੜੁ = ਪੱਕਾ ।
ਮਨਹਿ = ਮਨ ਵਿਚ ।
ਪ੍ਰਤੀਤਿ = ਯਕੀਨ ।
ਮੂੜੇ ਚੀਤਿ = ਮੂਰਖ ਦੇ ਚਿੱਤ ਵਿਚ ।
ਕਾਲੁ = ਮੌਤ ।
ਬਿਰੋਧ = ਮੁਖ਼ਾਲਫ਼ਤ ।
ਧ੍ਰੋਹ = ਠੱਗੀ, ਦਗ਼ਾ ।
ਇਆਹੂ ਜੁਗਤਿ = ਇਸ ਤਰੀਕੇ ਨਾਲ ।
ਬਿਹਾਨੇ = ਗੁਜ਼ਰ ਗਏ ਹਨ ।
ਆਪਨ ਕਰਮ = ਆਪਣੀ ਮੇਹਰ ।
    
Sahib Singh
ਜੋ ਪ੍ਰਭੂ (ਇਸ ਮੂਰਖ ਦਾ) ਸੰਗੀ ਸਾਥੀ ਹੈ, ਉਸ ਨੂੰ (ਇਹ) ਚੇਤੇ ਨਹੀਂ ਕਰਦਾ, (ਪਰ) ਜੋ ਵੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ ।
ਰੇਤ ਦੇ ਘਰ ਵਿਚ ਵੱਸਦਾ ਹੈ (ਭਾਵ ਰੇਤ ਦੇ ਕਿਣਕਿਆਂ ਵਾਂਗ ਉਮਰ ਛਿਨ ਛਿਨ ਕਰ ਕੇ ਕਿਰ ਰਹੀ ਹੈ), (ਫਿਰ ਭੀ) ਮਾਇਆ ਦੀ ਮਸਤੀ ਵਿਚ ਆਨੰਦ ਮੌਜਾਂ ਮਾਣ ਰਿਹਾ ਹੈ ।
(ਆਪਣੇ ਆਪ ਨੂੰ) ਅਮਰ ਸਮਝੀ ਬੈਠਾ ਹੈ, ਮਨ ਵਿਚ (ਇਹੀ) ਯਕੀਨ ਬਣਿਆ ਹੋਇਆ ਹੈ; ਪਰ ਮੂਰਖ ਦੇ ਚਿਤ ਵਿਚ (ਕਦੇ) ਮੌਤ (ਦਾ ਖਿ਼ਆਲ ਭੀ) ਨਹੀਂ ਆਉਂਦਾ ।
ਵੈਰ ਵਿਰੋਧ, ਕਾਮ, ਗੁੱਸਾ, ਮੋਹ, ਝੂਠ, ਮੰਦੇ ਕਰਮ, ਭਾਰੀ ਲਾਲਚ ਤੇ ਦਗ਼ਾ—ਇਸੇ ਰਾਹੇ ਪੈ ਕੇ (ਇਸ ਦੇ) ਕਈ ਜਨਮ ਗੁਜ਼ਾਰ ਗਏ ਹਨ ।
ਹੇ ਨਾਨਕ! (ਇਸ ਵਿਚਾਰੇ ਜੀਵ ਵਾਸਤੇ ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ) ਆਪਣੀ ਮੇਹਰ ਕਰ ਕੇ (ਇਸ ਨੂੰ) ਬਚਾ ਲਵੋ ।੭ ।
Follow us on Twitter Facebook Tumblr Reddit Instagram Youtube