ਕਰਤੂਤਿ ਪਸੂ ਕੀ ਮਾਨਸ ਜਾਤਿ ॥
ਲੋਕ ਪਚਾਰਾ ਕਰੈ ਦਿਨੁ ਰਾਤਿ ॥
ਬਾਹਰਿ ਭੇਖ ਅੰਤਰਿ ਮਲੁ ਮਾਇਆ ॥
ਛਪਸਿ ਨਾਹਿ ਕਛੁ ਕਰੈ ਛਪਾਇਆ ॥
ਬਾਹਰਿ ਗਿਆਨ ਧਿਆਨ ਇਸਨਾਨ ॥
ਅੰਤਰਿ ਬਿਆਪੈ ਲੋਭੁ ਸੁਆਨੁ ॥
ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥
ਗਲਿ ਪਾਥਰ ਕੈਸੇ ਤਰੈ ਅਥਾਹ ॥
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥
ਨਾਨਕ ਤੇ ਜਨ ਸਹਜਿ ਸਮਾਤਿ ॥੫॥

Sahib Singh
ਮਾਨਸ = ਮਨੁੱਖ ਦੀ ।
ਪਚਾਰਾ = (ਸ਼ਕਟ. @ਪਚਾਰ) ਵਿਖਾਵਾ ।
ਅੰਤਰਿ = ਮਨ ਵਿਚ ।
ਕਛੁ ਕਰੈ = (ਭਾਵੇਂ) ਕੋਈ (ਜਤਨ) ਕਰੇ ।
ਬਿਆਪੈ = ਜ਼ੋਰ ਪਾ ਰਿਹਾ ਹੈ ।
ਸੁਆਨੁ = ਕੁੱਤਾ ।
ਅਗਨਿ = (ਤਿ੍ਰਸਨਾ ਦੀ) ਅੱਗ ।
ਗਲਿ = ਗਲ ਵਿਚ ।
ਅਥਾਹ = ਜਿਸ ਦੀ ਡੂੰਘਾਈ ਦਾ ਪਤਾ ਨਾ ਲੱਗ ਸਕੇ ।
ਜਾ ਕੈ ਅੰਤਰਿ = ਜਿਸ ਮਨੁੱਖ ਦੇ ਹਿਰਦੇ ਵਿਚ ।
ਸਹਜਿ = ਸਹਜ ਵਿਚ, ਉਸ ਅਵਸਥਾ ਵਿਚ ਜਿਥੇ ਮਨ ਡੋਲਦਾ ਨਹੀਂ ।
ਸਮਾਤਿ = ਸਮਾ ਜਾਂਦਾ ਹੈ, ਟਿਕ ਜਾਂਦਾ ਹੈ ।
    
Sahib Singh
ਜਾਤਿ ਮਨੁੱਖ ਦੀ ਹੈ (ਭਾਵ, ਮਨੁੱਖ-ਸ਼੍ਰੇਣੀ ਵਿਚੋਂ ਜੰਮਿਆ ਹੈ) ਪਰ ਕੰਮ ਪਸ਼ੂਆਂ ਵਾਲੇ ਹਨ, (ਉਂਞ) ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ ।
ਬਾਹਰ (ਸਰੀਰ ਉਤੇ) ਧਾਰਮਿਕ ਪੁਸ਼ਾਕ ਹੈ ਪਰ ਮਨ ਵਿਚ ਮਾਇਆ ਦੀ ਮੈਲ ਹੈ, (ਬਾਹਰਲੇ ਭੇਖ ਨਾਲ) ਛਪਾਉਣ ਦਾ ਜਤਨ ਕੀਤਿਆਂ (ਮਨ ਦੀ ਮੈਲ) ਲੁਕਦੀ ਨਹੀਂ ।
ਬਾਹਰ (ਵਿਖਾਵੇ ਵਾਸਤੇ) (ਤੀਰਥ) ਇਸ਼ਨਾਨ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ ਭੀ ਲਾਉਂਦਾ ਹੈ, ਪਰ ਮਨ ਵਿਚ ਲੋਭ (-ਰੂਪ) ਕੁੱਤਾ ਜ਼ੋਰ ਪਾ ਰਿਹਾ ਹੈ ।
ਮਨ ਵਿਚ (ਤ੍ਰਿਸ਼ਨਾ ਦੀ) ਅੱਗ ਹੈ, ਬਾਹਰ ਸਰੀਰ ਸੁਆਹ (ਨਾਲ ਲਿਬੇੜਿਆ ਹੋਇਆ ਹੈ); (ਜੇ) ਗਲ ਵਿਚ (ਵਿਕਾਰਾਂ ਦੇ) ਪੱਥਰ (ਹੋਣ ਤਾਂ) ਅਥਾਹ (ਸੰਸਾਰ-ਸਮੁੰਦਰ ਨੂੰ ਜੀਵ) ਕਿਵੇਂ ਤਰੇ ?
ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਹੇ ਨਾਨਕ! ਉਹੀ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ ।੫ ।
Follow us on Twitter Facebook Tumblr Reddit Instagram Youtube