ਆਦਿ ਅੰਤਿ ਜੋ ਰਾਖਨਹਾਰੁ ॥
ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥
ਜਾ ਕੀ ਸੇਵਾ ਨਵ ਨਿਧਿ ਪਾਵੈ ॥
ਤਾ ਸਿਉ ਮੂੜਾ ਮਨੁ ਨਹੀ ਲਾਵੈ ॥
ਜੋ ਠਾਕੁਰੁ ਸਦ ਸਦਾ ਹਜੂਰੇ ॥
ਤਾ ਕਉ ਅੰਧਾ ਜਾਨਤ ਦੂਰੇ ॥
ਜਾ ਕੀ ਟਹਲ ਪਾਵੈ ਦਰਗਹ ਮਾਨੁ ॥
ਤਿਸਹਿ ਬਿਸਾਰੈ ਮੁਗਧੁ ਅਜਾਨੁ ॥
ਸਦਾ ਸਦਾ ਇਹੁ ਭੂਲਨਹਾਰੁ ॥
ਨਾਨਕ ਰਾਖਨਹਾਰੁ ਅਪਾਰੁ ॥੩॥

Sahib Singh
ਆਦਿ = ਮੁੱਢ ਤੋਂ (ਭਾਵ, ਜਨਮ ਸਮੇ ਤੋਂ) ।
ਅੰਤਿ = ਅਖ਼ੀਰ ਤਕ (ਭਾਵ, ਮਰਨ ਤਕ) ।
ਗਵਾਰੁ = ਮੂਰਖ ਮਨੁੱਖ ।
ਜਾ ਕੀ = ਜਿਸ (ਪ੍ਰਭੂ) ਦੀ ।
ਨਵ ਨਿਧਿ = ਨੌ ਖ਼ਜ਼ਾਨੇ ।
ਤਾ ਸਿਉ = ਉਸ ਨਾਲ ।
ਮੂੜਾ = ਮੂਰਖ ।
ਹਜੂਰੇ = ਹਾਜ਼ਰ = ਨਾਜ਼ਰ, ਅੰਗ-ਸੰਗ ।
ਤਾ ਕਉ = ਉਸ ਨੂੰ ।
ਤਿਸਹਿ = ਉਸ (ਪ੍ਰਭੂ) ਨੂੰ ।
ਮੁਗਧੁ = ਮੂਰਖ ।
ਇਹੁ = ਇਹ (ਜੀਵ) ।
ਅਪਾਰੁ = ਬੇਅੰਤ ।
    
Sahib Singh
ਮੂਰਖ ਮਨੁੱਖ ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ, ਜੋ (ਇਸ ਦੇ) ਜਨਮ ਤੋਂ ਲੈ ਕੇ ਮਰਨ ਸਮੇ ਤਕ (ਇਸ ਦੀ) ਰਾਖੀ ਕਰਨ ਵਾਲਾ ਹੈ ।
ਮੂਰਖ ਜੀਵ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ, ਜਿਸ ਦੀ ਸੇਵਾ ਕੀਤਿਆਂ (ਇਸ ਨੂੰ ਸਿ੍ਰਸ਼ਟੀ ਦੇ) ਨੌ ਹੀ ਖ਼ਜ਼ਾਨੇ ਮਿਲ ਜਾਂਦੇ ਹਨ ।
ਅੰਨ੍ਹਾ ਮਨੁੱਖ ਉਸ ਠਾਕੁਰ ਨੂੰ (ਕਿਤੇ) ਦੂਰ (ਬੈਠਾ) ਸਮਝਦਾ ਹੈ, ਜੋ ਹਰ ਵੇਲੇ ਇਸ ਦੇ ਅੰਗ-ਸੰਗ ਹੈ ।
ਮੂਰਖ ਤੇ ਅੰਞਾਣ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦਾ ਹੈ, ਜਿਸ ਦੀ ਟਹਲ ਕੀਤਿਆਂ ਇਸ ਨੂੰ (ਪ੍ਰਭੂ ਦੀ) ਦਰਗਾਹ ਵਿਚ ਆਦਰ ਮਿਲਦਾ ਹੈ ।
(ਪਰ ਕੇਹੜਾ ਕੇਹੜਾ ਅੌਗੁਣ ਚਿਤਾਰੀਏ?) ਇਹ ਜੀਵ (ਤਾਂ) ਸਦਾ ਹੀ ਭੁੱਲਾਂ ਕਰਦਾ ਰਹਿੰਦਾ ਹੈ; ਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਬੇਅੰਤ ਹੈ (ਉਹ ਇਸ ਜੀਵ ਦੇ ਅੌਗੁਣਾਂ ਵਲ ਨਹੀਂ ਤੱਕਦਾ) ।੩ ।
Follow us on Twitter Facebook Tumblr Reddit Instagram Youtube