ਨਿਰਧਨ ਕਉ ਧਨੁ ਤੇਰੋ ਨਾਉ ॥
ਨਿਥਾਵੇ ਕਉ ਨਾਉ ਤੇਰਾ ਥਾਉ ॥
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥
ਸਗਲ ਘਟਾ ਕਉ ਦੇਵਹੁ ਦਾਨੁ ॥
ਕਰਨ ਕਰਾਵਨਹਾਰ ਸੁਆਮੀ ॥
ਸਗਲ ਘਟਾ ਕੇ ਅੰਤਰਜਾਮੀ ॥
ਅਪਨੀ ਗਤਿ ਮਿਤਿ ਜਾਨਹੁ ਆਪੇ ॥
ਆਪਨ ਸੰਗਿ ਆਪਿ ਪ੍ਰਭ ਰਾਤੇ ॥
ਤੁਮ੍ਹਰੀ ਉਸਤਤਿ ਤੁਮ ਤੇ ਹੋਇ ॥
ਨਾਨਕ ਅਵਰੁ ਨ ਜਾਨਸਿ ਕੋਇ ॥੭॥

Sahib Singh
ਨਿਰਧਨ = ਧਨ = ਹੀਨ, ਕੰਗਾਲ ।
ਕਉ = ਨੂੰ, ਵਾਸਤੇ ।
ਨਿਥਾਵੇ ਕਉ = ਨਿਆਸਰੇ ਨੂੰ ।
ਥਾਉ = ਆਸਰਾ ।
ਨਿਮਾਨਾ = ਜਿਸ ਨੂੰ ਕਿਤੇ ਮਾਣ ਆਦਰ ਨਾਹ ਮਿਲੇ, ਦੀਨ ।
ਘਟ = ਸਰੀਰ, ਪ੍ਰਾਣੀ ।
ਦੇਵਹੁ = ਤੂੰ ਦੇਂਦਾ ਹੈਂ ।
ਅੰਤਰਜਾਮੀ = ਅੰਦਰ ਦੀ ਜਾਣਨ ਵਾਲਾ, ਦਿਲ ਦੀ ਬੁੱਝਣ ਵਾਲਾ ।
ਗਤਿ = ਹਾਲਤ, ਅਵਸਥਾ ।
ਪ੍ਰਭ = ਹੇ ਪ੍ਰਭੂ !
ਰਾਤੇ = ਮਗਨ, ਮਸਤ ।
ਉਸਤਤਿ = ਸੋਭਾ, ਵਡਿਆਈ ।
ਤੁਮ ਤੇ = ਤੈਥੋਂ ।
ਕੋਇ = ਕੋਈ ਹੋਰ ।
    
Sahib Singh
(ਹੇ ਪ੍ਰਭੂ) ਕੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ, ਨਿਆਸਰੇ ਨੂੰ ਤੇਰਾ ਆਸਰਾ ਹੈ ।
ਨਿਮਾਣੇ ਵਾਸਤੇ ਤੇਰਾ (ਨਾਮ), ਹੇ ਪ੍ਰਭੂ! ਆਦਰ ਮਾਣ ਹੈ, ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਂਦਾ ਹੈਂ ।
ਹੇ ਸੁਆਮੀ! ਹੇ ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ! ਤੂੰ ਆਪ ਹੀ ਸਭ ਕੁਝ ਕਰਦਾ ਹੈਂ, ਤੇ, ਆਪ ਹੀ ਕਰਾਉਂਦਾ ਹੈਂ ।
ਹੇ ਪ੍ਰਭੂ! ਤੂੰ ਆਪਣੀ ਹਾਲਤ ਤੇ ਆਪਣੀ (ਵਡਿਆਈ ਦੀ) ਮਰਯਾਦਾ ਆਪ ਹੀ ਜਾਣਦਾ ਹੈਂ; ਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ ।
ਹੇ ਨਾਨਕ! (ਆਖ, ਕਿ, ਹੇ ਪ੍ਰਭੂ!) ਤੇਰੀ ਵਡਿਆਈ ਤੈਥੋਂ ਹੀ (ਬਿਆਨ) ਹੋ ਸਕਦੀ ਹੈ, ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ ।੭ ।
Follow us on Twitter Facebook Tumblr Reddit Instagram Youtube