ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥
ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥
ਆਪਸ ਕਉ ਜੋ ਜਾਣੈ ਨੀਚਾ ॥
ਸੋਊ ਗਨੀਐ ਸਭ ਤੇ ਊਚਾ ॥
ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥
ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥
ਮਨ ਅਪੁਨੇ ਤੇ ਬੁਰਾ ਮਿਟਾਨਾ ॥
ਪੇਖੈ ਸਗਲ ਸ੍ਰਿਸਟਿ ਸਾਜਨਾ ॥
ਸੂਖ ਦੂਖ ਜਨ ਸਮ ਦ੍ਰਿਸਟੇਤਾ ॥
ਨਾਨਕ ਪਾਪ ਪੁੰਨ ਨਹੀ ਲੇਪਾ ॥੬॥

Sahib Singh
ਜਾ ਕਾ = ਜਿਸ (ਮਨੁੱਖ) ਦਾ ।
ਸਗਲ = ਸਾਰੇ ।
ਪੁਰਖ = ਮਨੁੱਖ ।
ਆਪਸ ਕਉ = ਆਪਣੇ ਆਪ ਨੂੰ ।
ਨੀਚਾ = ਨੀਵਾਂ, ਮੰਦਾ, ਮਾੜਾ ।
ਸੋਊ = ਉਸੇ ਮਨੁੱਖ ਨੂੰ ।
ਗਨੀਐ = ਜਾਣੀਏ, ਸਮਝੀਏ ।
ਰੀਨਾ = ਧੂੜ, ਚਰਨਾਂ ਦੀ ਧੂੜ ।
ਨਾਮੁ = ਸਰਬ = ਵਿਆਪਕ ਤਾਕਤ ।
ਤਿਨਿ = ਉਸ (ਮਨੁੱਖ ਨੇ) ।
ਘਟਿ ਘਟਿ = ਹਰੇਕ ਸਰੀਰ ਵਿਚ ।
ਚੀਨਾ = ਪਛਾਣ ਲਿਆ ਹੈ ।
ਬੁਰਾ = ਬੁਰਾਈ ।
ਪੇਖੈ = ਵੇਖਦਾ ਹੈ ।
ਸਮ = ਬਰਾਬਰ, ਇਕੋ ਜਿਹਾ ।
ਦਿ੍ਰਸਟੇਤਾ = ਵੇਖਣ ਵਾਲਾ ।
ਲੇਪਾ = ਅਸਰ, ਪ੍ਰਭਾਵ ।
ਜਨ = (ਉਹ) ਮਨੁੱਖ ।
    
Sahib Singh
ਸਤ ਸੰਗ ਵਿਚ (ਰਹਿ ਕੇ) ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ, (ਉਹ) ਮਨੁੱਖ ਸਾਰੇ ਮਨੁੱਖਾਂ ਵਿਚੋਂ ਵੱਡਾ ਹੈ ।
ਜੋ ਮਨੁੱਖ ਆਪਣੇ ਆਪ ਨੂੰ (ਸਾਰਿਆਂ ਨਾਲੋਂ) ਮੰਦ-ਕਰਮੀ ਖਿ਼ਆਲ ਕਰਦਾ ਹੈ, ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ ।
ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੁੰਦਾ ਹੈ (ਭਾਵ, ਜੋ ਸਭ ਨਾਲ ਗਰੀਬੀ-ਸੁਭਾਉ ਵਰਤਦਾ ਹੈ) ਉਸ ਮਨੁੱਖ ਨੇ ਹਰੇਕ ਸਰੀਰ ਵਿਚ ਪ੍ਰਭੂ ਦੀ ਸੱਤਾ ਪਛਾਣ ਲਈ ਹੈ ।
ਜਿਸ ਨੇ ਆਪਣੇ ਮਨ ਵਿਚੋਂ ਬੁਰਾਈ ਮਿਟਾ ਦਿੱਤੀ ਹੈ, ਉਹ ਸਾਰੀ ਸਿ੍ਰਸ਼ਟੀ (ਦੇ ਜੀਵਾਂ ਨੂੰ ਆਪਣਾ) ਮਿਤ੍ਰ ਵੇਖਦਾ ਹੈ ।
ਹੇ ਨਾਨਕ! (ਇਹੋ ਜਿਹੇ) ਮਨੁੱਖ ਸੁਖਾਂ ਤੇ ਦੁਖਾਂ ਨੂੰ ਇਕੋ ਜਿਹਾ ਸਮਝਦੇ ਹਨ, (ਤਾਹੀਏਂ) ਪਾਪ ਤੇ ਪੁੰਨ ਦਾ ਉਹਨਾਂ ਉਤੇ ਅਸਰ ਨਹੀਂ ਹੁੰਦਾ (ਭਾਵ, ਨਾਹ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ, ਤੇ ਨਾਹ ਹੀ ਸੁਰਗ ਆਦਿਕ ਦਾ ਲਾਲਚ ਕਰ ਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਹ ਪੁੰਨ ਕਰਮ ਕਰਦੇ ਹਨ, ਉਹਨਾਂ ਦਾ ਸੁਭਾਵ ਹੀ ਨੇਕੀ ਕਰਨਾ ਬਣ ਜਾਂਦਾ ਹੈ) ।੬ ।
Follow us on Twitter Facebook Tumblr Reddit Instagram Youtube