ਮਨ ਕਾਮਨਾ ਤੀਰਥ ਦੇਹ ਛੁਟੈ ॥
ਗਰਬੁ ਗੁਮਾਨੁ ਨ ਮਨ ਤੇ ਹੁਟੈ ॥
ਸੋਚ ਕਰੈ ਦਿਨਸੁ ਅਰੁ ਰਾਤਿ ॥
ਮਨ ਕੀ ਮੈਲੁ ਨ ਤਨ ਤੇ ਜਾਤਿ ॥
ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥
ਮਨ ਤੇ ਕਬਹੂ ਨ ਬਿਖਿਆ ਟਰੈ ॥
ਜਲਿ ਧੋਵੈ ਬਹੁ ਦੇਹ ਅਨੀਤਿ ॥
ਸੁਧ ਕਹਾ ਹੋਇ ਕਾਚੀ ਭੀਤਿ ॥
ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥
ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥

Sahib Singh
ਮਨ ਕਾਮਨਾ = ਮਨ ਦੀ ਕਾਮਨਾ, ਮਨ ਦੀ ਇੱਛਾ ।
ਤੀਰਥ = ਤੀਰਥਾਂ ਉਤੇ ।
ਛੁਟੈ = ਵਿਛੁੜੇ, (ਜੀਵਾਤਮਾ ਨਾਲੋਂ) ਵੱਖ ਹੋਵੇ ।
ਗਰਬੁ = ਅਹੰਕਾਰ ।
ਗੁਮਾਨੁ = ਅਹੰਕਾਰ ।
ਹੁਟੈ = ਘਟਦਾ ।
ਸੋਚ = ਸੌਚ, ਇਸ਼ਨਾਨ ।
ਤਨ ਤੇ = ਸਰੀਰ ਤੋਂ, ਸਰੀਰ ਧੋਤਿਆਂ ।
ਨ ਜਾਤਿ = ਨਹੀਂ ਜਾਂਦੀ ।
ਦੇਹੀ ਕਉ = ਸਰੀਰ ਦੀ ਖ਼ਾਤਰ ।
ਸਾਧਨਾ = ਉੱਦਮ ।
ਬਿਖਿਆ = ਮਾਇਆ ।
ਨ ਟਰੈ = ਨਹੀਂ ਟਲਦੀ, ਨਹੀਂ ਹਟਦੀ ।
ਜਲਿ = ਪਾਣੀ ਨਾਲ ।
ਅਨੀਤਿ = ਨਾਹ ਨਿੱਤ ਰਹਿਣ ਵਾਲੀ (ਦੇਹ), ਨਾਸਵੰਤ ।
ਭੀਤਿ = ਕੰਧ ।
ਨਾਮਿ = ਨਾਮ ਦੀ ਰਾਹੀਂ ।
ਬਹੁ ਮੂਚ = ਬਹੁਤ, ਅਣਗਿਣਤ (ਜੀਵ) ।
ਪਤਿਤ = ਡਿੱਗੇ ਹੋਏ, ਮੰਦ = ਕਰਮੀ ।
    
Sahib Singh
(ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ, (ਪਰ ਇਸ ਤ੍ਰਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ ।
(ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ, (ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ ।
(ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ, (ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ ।(ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ (ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ ?
ਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ ।
ਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ।੩ ।
Follow us on Twitter Facebook Tumblr Reddit Instagram Youtube