ਅਸਟਪਦੀ ॥
ਜਾਪ ਤਾਪ ਗਿਆਨ ਸਭਿ ਧਿਆਨ ॥
ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥
ਸਗਲ ਤਿਆਗਿ ਬਨ ਮਧੇ ਫਿਰਿਆ ॥
ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥
ਪੁੰਨ ਦਾਨ ਹੋਮੇ ਬਹੁ ਰਤਨਾ ॥
ਸਰੀਰੁ ਕਟਾਇ ਹੋਮੈ ਕਰਿ ਰਾਤੀ ॥
ਵਰਤ ਨੇਮ ਕਰੈ ਬਹੁ ਭਾਤੀ ॥
ਨਹੀ ਤੁਲਿ ਰਾਮ ਨਾਮ ਬੀਚਾਰ ॥
ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥

Sahib Singh
ਜਾਪ = ਵੇਦ ਆਦਿਕਾਂ ਦੇ ਮੰਤ੍ਰਾਂ (ਜਾਂ ਦੇਵਤਿਆਂ ਦੇ ਨਾਮ) ਸਹਜੇ ਸਹਜੇ ਉਚਾਰਨੇ ।
ਤਾਪ = ਸਰੀਰ ਨੂੰ ਧੂਣੀਆਂ ਆਦਿਕ ਨਾਲ ਕਸ਼ਟ ਦੇਣੇ ਤਾਕਿ ਸਰੀਰਕ ਇੰਦ੍ਰੇ ਮਨ ਅਤੇ ਆਤਮਾ ਉਤੇ ਜ਼ੋਰ ਨਾਹ ਪਾ ਸਕਣ ।
ਧਿਆਨ = ਕਿਸੇ ਦੇਵਤਾ ਆਦਿਕ ਦੇ ਗੁਣਾਂ ਨੂੰ ਮਨ ਦੇ ਸਾਹਮਣੇ ਰੱਖਣਾ ।
ਖਟ ਸਾਸਤ੍ਰ = ਛੇ ਸ਼ਾਸਤ੍ਰ, ਛੇ ਦਰਸ਼ਨ (ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ) ।
ਵਖਿਆਨ = ਉਪਦੇਸ਼ ।
ਕਰਮ ਧ੍ਰਮ ਕਿਰਿਆ = ਕਰਮ = ਕਾਂਡ ਦੇ ਧਰਮ ਦੇ ਕੰਮ ।
ਤਿਆਗਿ = ਛੱਡ ਕੇ ।
ਮਧੇ = ਵਿਚ ।
ਹੋਮੈ = ਹਵਨ ਕਰੇ, ਅੱਗ ਵਿਚ ਪਾਵੇ ।
ਰਤਨਾ = ਘਿਉ ।
ਕਰਿ ਰਾਤੀ = ਰਤੀ ਰਤੀ ਕਰ ਕੇ ।
ਨੇਮ = ਬੰਧੇਜ ।
ਇਕ ਬਾਰ = ਇਕ ਵਾਰੀ ।
    
Sahib Singh
(ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ, ਛੇ ਸ਼ਾਸਤ੍ਰਾਂ ਤੇ ਸਿਮਿ੍ਰਤੀਆਂ ਦਾ ਉਪਦੇਸ਼ ਕਰੇ; ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕਿ੍ਰਆ ਕਰੇ, (ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ; ਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ, ਪੁੰਨਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ, ਆਪਣੇ ਸਰੀਰ ਨੂੰ ਰਤੀ ਰਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ, ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ; (ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ, (ਭਾਵੇਂ) ਹੇ ਨਾਨਕ! ਇਹ ਨਾਮ ਇਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ।੧ ।
Follow us on Twitter Facebook Tumblr Reddit Instagram Youtube