ਭਗਤ ਜਨਾ ਕੀ ਬਰਤਨਿ ਨਾਮੁ ॥
ਸੰਤ ਜਨਾ ਕੈ ਮਨਿ ਬਿਸ੍ਰਾਮੁ ॥
ਹਰਿ ਕਾ ਨਾਮੁ ਦਾਸ ਕੀ ਓਟ ॥
ਹਰਿ ਕੈ ਨਾਮਿ ਉਧਰੇ ਜਨ ਕੋਟਿ ॥
ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥
ਹਰਿ ਹਰਿ ਅਉਖਧੁ ਸਾਧ ਕਮਾਤਿ ॥
ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥
ਪਾਰਬ੍ਰਹਮਿ ਜਨ ਕੀਨੋ ਦਾਨ ॥
ਮਨ ਤਨ ਰੰਗਿ ਰਤੇ ਰੰਗ ਏਕੈ ॥
ਨਾਨਕ ਜਨ ਕੈ ਬਿਰਤਿ ਬਿਬੇਕੈ ॥੫॥

Sahib Singh
ਬਰਤਨਿ = ਵਰਤੋਂ, ਉਹ ਚੀਜ਼ ਜੋ ਹਰ ਵੇਲੇ ਲੋੜੀਂਦੀ ਹੈ, ਹੱਥ-ਠੋਕਾ ।
ਮਨਿ = ਮਨ ਵਿਚ ।
ਓਟ = ਆਸਰਾ ।
ਹਰਿ ਕੈ ਨਾਮਿ = ਪ੍ਰਭੂ ਦੇ ਨਾਮ ਦੀ ਰਾਹੀਂ ।
ਜਨ = ਮਨੁੱਖ ।
ਹਰਿ ਜਸੁ = ਹਰੀ ਦੀ ਸਿਫ਼ਤਿ, ਪ੍ਰਭੂ ਦੀ ਵਡਿਆਈ ।
ਅਉਖਧੁ = ਦਵਾਈ, ਦਾਰੂ ।
ਕਮਾਤਿ = ਕਮਾਉਂਦੇ ਹਨ, ਹਾਸਲ ਕਰਦੇ ਹਨ ।
ਹਰਿ ਜਨ ਕੈ = ਪ੍ਰਭੂ ਦੇ ਸੇਵਕ ਦੇ (ਪਾਸ) ।
ਨਿਧਾਨੁ = ਖ਼ਜ਼ਾਨਾ ।
ਪਾਰਬ੍ਰਹਮਿ = ਪਾਰਬ੍ਰਹਮ ਨੇ, ਪ੍ਰਭੂ ਨੇ ।
ਕੀਨੋ = ਕੀਤਾ ਹੈ ।
ਜਨ = ਜਨਾਂ ਨੂੰ, ਆਪਣੇ ਸੇਵਕਾਂ ਨੂੰ ।
ਰੰਗ = ਪਿਆਰ ।
ਬਿਰਤਿ = ਸੁਭਾਉ, ਰੁਚੀ ।
ਬਿਬੇਕੈ = ਪਰਖ, ਵਿਚਾਰ ।
ਬਿਰਤਿ ਬਿਬੇਕੈ = ਚੰਗੇ ਮੰਦੇ ਦੀ ਪਰਖ ਕਰਨ ਦਾ ਸੁਭਾਉ ।
    
Sahib Singh
ਪ੍ਰਭੂ-ਨਾਮ ਭਗਤਾਂ ਦਾ ਹੱਥ-ਠੋਕਾ ਹੈ, ਭਗਤਾਂ ਦੇ ਹੀ ਮਨ ਵਿਚ ਇਹ ਟਿਕਿਆ ਰਹਿੰਦਾ ਹੈ ।
ਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ, ਪ੍ਰਭੂ-ਨਾਮ ਦੀ ਰਾਹੀਂ ਕਰੋੜਾਂ ਬੰਦੇ (ਵਿਕਾਰਾਂ ਤੋਂ) ਬਚ ਜਾਂਦੇ ਹਨ ।
ਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ, ਤੇ, ਪ੍ਰਭੂ-ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ (ਜਿਸ ਨਾਲ ਹਉਮੈ ਰੋਗ ਦੂਰ ਹੁੰਦਾ ਹੈ) ।
ਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖ਼ਜ਼ਾਨਾ ਹੈ, ਪ੍ਰਭੂ ਨੇ ਨਾਮ ਦੀ ਬਖ਼ਸ਼ਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ ।
ਭਗਤ ਜਨ ਮਨੋਂ ਤਨੋਂ ਇਕ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ; ਹੇ ਨਾਨਕ! ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਉ ਬਣ ਜਾਂਦਾ ਹੈ ।੫ ।
Follow us on Twitter Facebook Tumblr Reddit Instagram Youtube