ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥
ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥
ਜਿਹ ਪੈਡੈ ਮਹਾ ਅੰਧ ਗੁਬਾਰਾ ॥
ਹਰਿ ਕਾ ਨਾਮੁ ਸੰਗਿ ਉਜੀਆਰਾ ॥
ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥
ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥
ਜਹ ਮਹਾ ਭਇਆਨ ਤਪਤਿ ਬਹੁ ਘਾਮ ॥
ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥
ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥
ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥੪॥

Sahib Singh
ਜਿਹ = ਜਿਸ ।
ਮਾਰਗ = ਰਾਹ, ਪੈਂਡਾ ।
ਊਹਾ = ਓਥੇ ।
ਸੰਗਿ = (ਤੇਰੇ) ਨਾਲ ।
ਤੋਸਾ = ਖ਼ਰਚ, ਪੂੰਜੀ ।
ਜਿਹ ਪੈਡੈ = ਜਿਸ ਰਾਹ ਵਿਚ ।
ਗੁਬਾਰਾ = ਹਨੇਰਾ ।
ਉਜੀਆਰਾ = ਚਾਨਣ ।
ਪੰਥਿ = ਰਾਹ ਵਿਚ ।
ਭਇਆਨ = ਭਿਆਨਕ, ਡਰਾਉਣਾ ।
ਤਪਤਿ = ਤਪਸ਼ ।
ਘਾਮ = ਗਰਮੀ ।
ਛਾਮ = ਛਾਂ ।
ਤਿ੍ਰਖਾ = ਤਿ੍ਰਹ ।
ਆਕਰਖੈ = ਖਿੱਚਦੀ ਹੈ, ਘਬਰਾਹਟ ਪਾਉਂਦੀ ਹੈ ।
ਤੁਝੁ = ਤੈਨੂੰ ।
ਬਰਖੈ = ਵਰਸਦਾ ਹੈ ।
    
Sahib Singh
ਜਿਸ (ਜ਼ਿੰਦਗੀ ਰੂਪੀ) ਪੈਂਡੇ ਦੇ ਕੋਹ ਗਿਣੇ ਨਹੀਂ ਜਾ ਸਕਦੇ, ਉਥੇ (ਭਾਵ, ਉਸ ਲੰਮੇ ਸਫ਼ਰ ਵਿਚ) ਪ੍ਰਭੂ ਦਾ ਨਾਮ (ਜੀਵ ਦੇ) ਨਾਲ (ਰਾਹ ਦੀ) ਰਾਸ-ਪੂੰਜੀ ਹੈ ।
ਜਿਸ (ਜ਼ਿੰਦਗੀ ਰੂਪ) ਰਾਹ ਵਿਚ (ਵਿਕਾਰਾਂ ਦਾ) ਬੜਾ ਘੁੱਪ ਹਨੇਰਾ ਹੈ, (ਓਥੇ) ਪ੍ਰਭੂ ਦਾ ਨਾਮ (ਜੀਵ ਦੇ) ਨਾਲ ਚਾਨਣ ਹੈ ।ਜਿਸ ਰਸਤੇ ਵਿਚ (ਹੇ ਜੀਵ!) ਤੇਰਾ ਕੋਈ (ਅਸਲੀ) ਮਰਹਮ ਨਹੀਂ ਹੈ, ਓਥੇ ਪ੍ਰਭੂ ਦਾ ਨਾਮ ਤੇਰੇ ਨਾਲ (ਸੱਚਾ) ਸਾਥੀ ਹੈ ।
ਜਿਥੇ (ਜ਼ਿੰਦਗੀ ਦੇ ਸਫ਼ਰ ਵਿਚ) (ਵਿਕਾਰਾਂ ਦੀ) ਬੜੀ ਭਿਆਨਕ ਤਪਸ਼ ਤੇ ਗਰਮੀ ਹੈ, ਓਥੇ ਪ੍ਰਭੂ ਦਾ ਨਾਮ (ਹੇ ਜੀਵ!) ਤੇਰੇ ਉਤੇ ਛਾਂ ਹੈ ।
(ਹੇ ਜੀਵ!) ਜਿਥੇ (ਮਾਇਆ ਦੀ) ਤਿ੍ਰਹ ਤੈਨੂੰ (ਸਦਾ) ਖਿੱਚ ਪਾਉਂਦੀ ਹੈ, ਓਥੇ, ਹੇ ਨਾਨਕ! ਪ੍ਰਭੂ ਦੇ ਨਾਮ ਦੀ ਬਰਖਾ ਹੁੰਦੀ ਹੈ (ਜੋ ਤਪਸ਼ ਨੂੰ ਬੁਝਾ ਦੇਂਦੀ ਹੈ) ।੪ ।
Follow us on Twitter Facebook Tumblr Reddit Instagram Youtube