ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥
ਹਰਿ ਸਿਮਰਨਿ ਲਗਿ ਬੇਦ ਉਪਾਏ ॥
ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥
ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥
ਹਰਿ ਸਿਮਰਨਿ ਧਾਰੀ ਸਭ ਧਰਨਾ ॥
ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥
ਹਰਿ ਸਿਮਰਨਿ ਕੀਓ ਸਗਲ ਅਕਾਰਾ ॥
ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥
ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥
ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥

Sahib Singh
ਹਰਿ ਸਿਮਰਨੁ = ਪ੍ਰਭੂ ਦਾ ਸਿਮਰਨ ।
ਕਰਿ = ਕਰ ਕੇ ।
ਪ੍ਰਗਟਾਏ = ਮਸ਼ਹੂਰ ਹੋਏ ।
ਹਰਿ ਸਿਮਰਨਿ = ਪ੍ਰਭੂ ਦੇ ਸਿਮਰਨ ਵਿਚ ।
ਲਗਿ = ਲੱਗ ਕੇ, ਜੁੜ ਕੇ ।
ਉਪਾਏ = ਪੈਦਾ ਕੀਤੇ ।
ਭਏ = ਹੋ ਗਏ ।
ਸਿਧ = ਉਹ ਪੁਰਸ਼ ਜੋ ਸਾਧਨਾਂ ਦੁਆਰਾ ਆਤਮਕ ਅਵਸਥਾ ਦੀ ਸਿਖਰ ਤੇ ਪਹੁੰਚ ਜਾਏ ।
ਜਤੀ = ਆਪਣੇ ਸਰੀਰਕ ਇੰਦਿ੍ਰਆਂ ਨੂੰ ਵੱਸ ਵਿਚ ਰੱਖਣ ਵਾਲਾ ।
ਚਹੁ ਕੁੰਟ = ਚਹੁੰ = ਪਾਸੀਂ, ਸਾਰੇ ਜਗਤ ਵਿਚ ।
ਜਾਤੇ = ਮਸ਼ਹੂਰ ।
ਸਿਮਰਨਿ = ਸਿਮਰਨ ਨੇ ।
ਧਾਰੀ = ਟਿਕਾਈ ।
ਧਰਨਾ = ਧਰਤੀ ।
ਕਾਰਨ ਕਰਨ = ਜਗਤ ਦਾ ਕਾਰਨ, ਜਗਤ ਦਾ ਮੂਲ, ਸਿ੍ਰਸ਼ਟੀ ਦਾ ਕਰਤਾ ।
ਆਕਾਰਾ = ਦਿ੍ਰਸ਼ਟਮਾਨ ਜਗਤ ।
ਮਹਿ = ਵਿਚ ।
ਜਿਸੁ = ਜਿਸ ਨੂੰ ।
ਨਾਨਕ = ਹੇ ਨਾਨਕ !
ਤਿਨਿ = ਉਸ ਮਨੁੱਖ ਨੇ ।
ਗੁਰਮੁਖਿ = ਗੁਰੂ ਦੀ ਰਾਹੀਂ ।
    
Sahib Singh
ਪ੍ਰਭੂ ਦਾ ਸਿਮਰਨ ਕਰ ਕੇ ਭਗਤ (ਜਗਤ ਵਿਚ) ਮਸ਼ਹੂਰ ਹੁੰਦੇ ਹਨ, ਸਿਮਰਨ ਵਿਚ ਹੀ ਜੁੜ ਕੇ (ਰਿਸ਼ੀਆਂ ਨੇ) ਵੇਦ (ਆਦਿਕ ਧਰਮ ਪੁਸਤਕ) ਰਚੇ ।
ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ; ਸਿਮਰਨ ਦੀ ਬਰਕਤਿ ਨਾਲ ਨੀਚ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਗਏ ।
ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ; (ਤਾਂ ਤੇ ਹੇ ਭਾਈ!) ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ ।
ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ; ਜਿਥੇ ਸਿਮਰਨ ਹੈ ਓਥੇ ਨਿਰੰਕਾਰ ਆਪ ਵੱਸਦਾ ਹੈ ।
ਮੇਹਰ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਕਰਨ ਦੀ) ਸਮਝ ਦੇਂਦਾ ਹੈ, ਹੇ ਨਾਨਕ! ਉਸ ਮਨੁੱਖ ਨੇ ਗੁਰੂ ਦੁਆਰਾ ਸਿਮਰਨ (ਦੀ ਦਾਤ) ਪ੍ਰਾਪਤ ਕਰ ਲਈ ਹੈ ।੮।੧ ।
Follow us on Twitter Facebook Tumblr Reddit Instagram Youtube