ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥
ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥
ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥
ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥
ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥
ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥
ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥
ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥
ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥
ਨਾਨਕ ਤਿਨ ਜਨ ਸਰਨੀ ਪਇਆ ॥੭॥

Sahib Singh
ਝੂਰੇ = ਝੁਰਦਾ, ਚਿੰਤਾ ਕਰਦਾ ।
ਹਰਿ ਗੁਨ ਬਾਨੀ = ਹਰੀ ਦੇ ਗੁਣਾਂ ਵਾਲੀ ਬਾਣੀ ।
ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ ।
ਸਮਾਨੀ = ਲੀਨ ਹੋ ਜਾਂਦਾ ਹੈ ।
ਨਿਹਚਲ = ਟਿਕਵਾਂ, ਨਾਹ ਹਿੱਲਣ ਵਾਲਾ ।
ਕਮਲ = ਹਿਰਦਾ ਰੂਪ ਕਉਲ ਫੁੱਲ ।
ਬਿਗਾਸਨੁ = ਖਿੜਾਉ ।
ਅਨਹਦ = ਇਕ = ਰਸ, ਲਗਾਤਾਰ ।
ਝੁਨਕਾਰ = ਰਸੀਲੀ ਮਿੱਠੀ ਆਵਾਜ਼ ।
ਮਇਆ = ਮੇਹਰ, ਦਇਆ ।
    
Sahib Singh
ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ (ਸਾਰੇ) ਕੰਮ ਪੂਰੇ ਹੋ ਜਾਂਦੇ ਹਨ (ਭਾਵ, ਉਹ ਲੋੜਾਂ ਦੇ ਅਧੀਨ ਨਹੀਂ ਰਹਿੰਦਾ) ਅਤੇ ਕਦੇ ਚਿੰਤਾ ਦੇ ਵੱਸ ਨਹੀਂ ਹੁੰਦਾ ।
ਪ੍ਰਭੂ ਦਾ ਸਿਮਰਨ ਕਰਨ ਨਾਲ, ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ (ਭਾਵ, ਉਸ ਨੂੰ ਸਿਫ਼ਤਿ-ਸਾਲਾਹ ਦੀ ਆਦਤ ਪੈ ਜਾਂਦੀ ਹੈ) ਅਤੇ ਸਹਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ ।
ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦਾ (ਮਨ ਰੂਪੀ) ਆਸਨ ਡੋਲਦਾ ਨਹੀਂ ਅਤੇ ਉਸ ਦੇ (ਹਿਰਦੇ ਦਾ) ਕਉਲ-ਫੁੱਲ ਖਿੜਿਆ ਰਹਿੰਦਾ ਹੈ ।
ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ ਦੇ ਅੰਦਰ) ਇਕ-ਰਸ ਸੰਗੀਤ (ਜਿਹਾ) (ਹੁੰਦਾ ਰਹਿੰਦਾ ਹੈ), (ਭਾਵ) ਪ੍ਰਭੂ ਦੇ ਸਿਮਰਨ ਤੋਂ ਜੋ ਸੁਖ (ਉਪਜਦਾ) ਹੈ ਉਹ (ਕਦੇ) ਮੁੱਕਦਾ ਨਹੀਂ ।
ਉਹੀ ਮਨੁੱਖ (ਪ੍ਰਭੂ ਨੂੰ) ਸਿਮਰਦੇ ਹਨ, ਜਿਨ੍ਹਾਂ ਉਤੇ ਪ੍ਰਭੂ ਦੀ ਮੇਹਰ ਹੁੰਦੀ ਹੈ; ਹੇ ਨਾਨਕ! (ਕੋਈ ਵਡਭਾਗੀ) ਉਹਨਾਂ (ਸਿਮਰਨ ਕਰਨ ਵਾਲੇ) ਜਨਾਂ ਦੀ ਸਰਣੀ ਪੈਂਦਾ ਹੈ ।੭ ।
Follow us on Twitter Facebook Tumblr Reddit Instagram Youtube