ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥
ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥
ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥
ਪ੍ਰਭ ਕੈ ਸਿਮਰਨਿ ਪੂਰਨ ਆਸਾ ॥
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥
ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥
ਨਾਨਕ ਜਨ ਕਾ ਦਾਸਨਿ ਦਸਨਾ ॥੪॥

Sahib Singh
ਉਧਰੇ = (ਵਿਕਾਰਾਂ ਤੋਂ) ਬਚ ਜਾਂਦੇ ਹਨ ।
ਮੂਚਾ = ਮਹਾਨ ਉੱਚਾ, ਬਹੁਤ ਸਾਰੇ ।
ਤਿ੍ਰਸਨਾ = (ਮਾਇਆ ਦੀ) ਤਿ੍ਰਹ ।
ਸਭੁ ਕਿਛੁ = ਹਰੇਕ ਗੱਲ ।
ਤ੍ਰਾਸ = ਡਰ ।
ਜਮ ਤ੍ਰਾਸਾ = ਜਮਾਂ ਦਾ ਡਰ ।
ਰਿਦ ਮਾਹਿ = ਹਿਰਦੇ ਵਿਚ ।
ਸਮਾਇ = ਟਿਕ ਜਾਂਦਾ ਹੈ ।
ਰਸਨਾ = ਜੀਭ ।
ਜਨ ਕਾ = ਜਨਾਂ ਦਾ, ਸਾਧਾਂ ਦਾ ।
ਸਾਧ = ਗੁਰਮੁਖ ।
ਦਾਸਨਿ ਦਸਨਾ = ਦਾਸਾਂ ਦਾ ਦਾਸ ।
    
Sahib Singh
ਪ੍ਰਭੂ ਦਾ ਸਿਮਰਨ ਕਰਨਾ (ਹੋਰ) ਸਾਰੇ (ਆਹਰਾਂ) ਨਾਲੋਂ ਚੰਗਾ ਹੈ; ਪ੍ਰਭੂ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ (ਜੀਵ) (ਵਿਕਾਰਾਂ ਤੋਂ) ਬਚ ਜਾਂਦੇ ਹਨ ।
ਪ੍ਰਭੂ ਦਾ ਸਿਮਰਨ ਕਰਨ ਨਾਲ (ਮਾਇਆ ਦੀ) ਤਿ੍ਰਹ ਮਿਟ ਜਾਂਦੀ ਹੈ, (ਕਿਉਂਕਿ ਮਾਇਆ ਦੇ) ਹਰੇਕ (ਕੇਲ) ਦੀ ਸਮਝ ਪੈ ਜਾਂਦੀ ਹੈ ।
ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ, ਤੇ, (ਜੀਵ ਦੀ) ਆਸ ਪੂਰਨ ਹੋ ਜਾਂਦੀ ਹੈ (ਭਾਵ, ਆਸਾਂ ਵੱਲੋਂ ਮਨ ਰੱਜ ਜਾਂਦਾ ਹੈ) ।
ਪ੍ਰਭੂ ਦਾ ਸਿਮਰਨ ਕੀਤਿਆਂ ਮਨ ਦੀ (ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਅਤੇ ਮਨੁੱਖ ਦੇ ਹਿਰਦੇ ਵਿਚ (ਪ੍ਰਭੂ ਦਾ) ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ ।
ਪ੍ਰਭੂ ਜੀ ਗੁਰਮੁਖ ਮਨੁੱਖਾਂ ਦੀ ਜੀਭ ਉਤੇ ਵੱਸਦੇ ਹਨ (ਭਾਵ, ਸਾਧ ਜਨ ਸਦਾ ਪ੍ਰਭੂ ਨੂੰ ਜਪਦੇ ਹਨ) ।
(ਆਖ) ਹੇ ਨਾਨਕ! (ਮੈਂ) ਗੁਰਮੁਖਾਂ ਦੇ ਸੇਵਕਾਂ ਦਾ ਸੇਵਕ (ਬਣਾਂ) ।੪ ।
Follow us on Twitter Facebook Tumblr Reddit Instagram Youtube