ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥
ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥
ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥
ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥
ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥
ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥

Sahib Singh
ਸਿਮਰਨਿ = ਸਿਮਰਨ ਦੁਆਰਾ, ਸਿਮਰਨ ਕਰਨ ਨਾਲ ।
ਪ੍ਰਭ ਕੈ ਸਿਮਰਨਿ = ਪ੍ਰਭੂ ਦਾ ਸਿਮਰਨ ਕਰਨ ਨਾਲ ।
ਗਰਭਿ = ਗਰਭ ਵਿਚ, ਮਾਂ ਦੇ ਪੇਟ ਵਿਚ, ਜੂਨ ਵਿਚ, ਜਨਮ (ਮਰਨ) ਵਿਚ ।
ਪਰਹਰੈ = (ਸਕਟ. ਪਰਿ੍ਹã ਟੋ ੳਵੋਦਿ, ਸਹੁਨ) ਪਰੇ ਹਟ ਜਾਂਦਾ ਹੈ ।
ਟਰੈ = ਟਲ ਜਾਂਦਾ ਹੈ ।
ਸਿਮਰਤ = ਸਿਮਰਦਿਆਂ, ਸਿਮਰਨ ਕੀਤਿਆਂ ।
ਕਛੁ = ਕੋਈ ।
ਬਿਘਨੁ = ਰੁਕਾਵਟ, ਅੌਕੜ ।
ਅਨਦਿਨੁ = ਹਰ ਰੋਜ਼ ।
ਜਾਗੈ = ਸੁਚੇਤ ਰਹਿੰਦਾ ਹੈ ।
ਭਉ = ਡਰ ।
ਬਿਆਪੈ = ਜ਼ੋਰ ਪਾਉਂਦਾ ਹੈ, ਗ਼ਲਬਾ ਪਾਉਂਦਾ ਹੈ ।
ਸੰਤਾਪੈ = ਤੰਗ ਕਰਦਾ ਹੈ ।
ਸਰਬ = ਸਾਰੇ ।
ਨਿਧਾਨ = ਖ਼ਜ਼ਾਨੇ ।
ਨਾਨਕ = ਹੇ ਨਾਨਕ !
ਰੰਗਿ = ਪਿਆਰ ਵਿਚ ।
    
Sahib Singh
ਪ੍ਰਭੂ ਦਾ ਸਿਮਰਨ ਕਰਨ ਨਾਲ (ਜੀਵ) ਜਨਮ ਵਿਚ ਨਹੀਂ ਆਉਂਦਾ, (ਜੀਵ ਦਾ) ਦੁਖ ਤੇ ਜਮ (ਦਾ ਡਰ) ਦੂਰ ਹੋ ਜਾਂਦਾ ਹੈ ।
ਮੌਤ (ਦਾ ਭਉ) ਪਰੇ ਹਟ ਜਾਂਦਾ ਹੈ, (ਵਿਕਾਰ ਰੂਪੀ) ਦੁਸ਼ਮਨ ਟਲ ਜਾਂਦਾ ਹੈ ।
ਪ੍ਰਭੂ ਨੂੰ ਸਿਮਰਿਆਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ, (ਕਿਉਂਕਿ) ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ) ਹਰ ਵੇਲੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ ।
ਪ੍ਰਭੂ ਦਾ ਸਿਮਰਨ ਕਰਨ ਨਾਲ (ਕੋਈ) ਡਰ (ਜੀਵ ਉਤੇ) ਦਬਾਉ ਨਹੀਂ ਪਾ ਸਕਦਾ ਤੇ (ਕੋਈ) ਦੁੱਖ ਵਿਆਕੁਲ ਨਹੀਂ ਕਰ ਸਕਦਾ ।
ਅਕਾਲ ਪੁਰਖ ਦਾ ਸਿਮਰਨ ਗੁਰਮਖਿ ਦੀ ਸੰਗਤਿ ਵਿਚ (ਮਿਲਦਾ ਹੈ); (ਅਤੇ ਜੋ ਮਨੁੱਖ ਸਿਮਰਨ ਕਰਦਾ ਹੈ, ਉਸ ਨੂੰ) ਹੇ ਨਾਨਕ! ਅਕਾਲ ਪੁਰਖ ਦੇ ਪਿਆਰ ਵਿਚ (ਹੀ) (ਦੁਨੀਆ ਦੇ) ਸਾਰੇ ਖ਼ਜ਼ਾਨੇ (ਪ੍ਰਤੀਤ ਹੁੰਦੇ ਹਨ) ।੨ ।
Follow us on Twitter Facebook Tumblr Reddit Instagram Youtube