ਸਲੋਕੁ ॥
ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥
ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥੧॥

Sahib Singh
ਸਤਿ = ਸੱਚ ।
ਕਹਉ = ਕਹਉਂ, ਮੈਂ ਆਖਦਾ ਹਾਂ ।
ਮਨ = ਹੇ ਮਨ !
ਉਕਤਿ = ਦਲੀਲ = ਬਾਜ਼ੀ ।੧ ।
ਪਉੜੀ: = ਇਆਨਾ = ਹੇ ਅੰਞਾਣ !
ਹਿਕਮਤਿ = ਚਲਾਕੀ ਨਾਲ ।
ਹੁਕਮਿ = ਹੁਕਮ ਦੀ ਰਾਹੀਂ ।
ਸਹਸ = ਹਜ਼ਾਰਾਂ ।
ਸੋਊ = ਉਸ ਪ੍ਰਭੂ ਨੂੰ ਹੀ ।
ਰੇ ਜੀਅ = ਹੇ ਜਿੰਦੇ !
ਸਾਧ = ਗੁਰੂ ।
ਜਿਹ = ਜਿਸ ਨੂੰ ।
ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ ।੫੦ ।
    
Sahib Singh
ਹੇ ਮੇਰੇ ਮਨ! ਮੈਂ ਤੈਨੂੰ ਸੱਚੀ ਗੱਲ ਦੱਸਦਾ ਹਾਂ, (ਇਸ ਨੂੰ) ਸੁਣ ।
ਪਰਮਾਤਮਾ ਦੀ ਸਰਨ ਪਉ ।
ਹੇ ਨਾਨਕ! ਸਾਰੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ ਦੇ, (ਸਰਲ ਸੁਭਾਵ ਹੋ ਕੇ ਆਸਰਾ ਲਏਂਗਾ, ਤਾਂ) ਪ੍ਰਭੂ ਤੈਨੂੰ ਆਪਣੇ ਚਰਨਾਂ ਵਿਚ ਜੋੜ ਲਏਗਾ ।੧ ।
ਪਉੜੀ:- ਹੇ ਮੇਰੇ ਅੰੰਞਾਣ ਮਨ! ਚਲਾਕੀਆਂ ਛੱਡ ।
ਪਰਮਾਤਮਾ ਚਲਾਕੀਆਂ ਨਾਲ ਤੇ ਹੁਕਮ ਕੀਤਿਆਂ (ਭਾਵ, ਆਕੜ ਵਿਖਾਇਆਂ) ਖ਼ੁਸ਼ ਨਹੀਂ ਹੁੰਦਾ ।
ਜੇ ਤੂੰ ਹਜ਼ਾਰਾਂ ਕਿਸਮਾਂ ਦੀਆਂ ਚਲਾਕੀਆਂ ਭੀ ਕਰੇਂਗਾ, ਇੱਕ ਚਲਾਕੀ ਭੀ ਤੇਰੀ ਮਦਦ ਨਹੀਂ ਕਰ ਸਕੇਗੀ (ਪ੍ਰਭੂ ਦੀ ਹਜ਼ੂਰੀ ਵਿਚ ਤੇਰੇ ਨਾਲ ਨਹੀਂ ਜਾਇਗੀ, ਮੰਨੀ ਨਹੀਂ ਜਾ ਸਕੇਗੀ) ।
ਹੇ ਮੇਰੀ ਜਿੰਦੇ! ਬੱਸ! ਉਸ ਪ੍ਰਭੂ ਨੂੰ ਹੀ ਦਿਨ ਰਾਤ ਯਾਦ ਕਰਦੀ ਰਹੁ, ਪ੍ਰਭੂ ਦੀ ਯਾਦ ਨੇ ਹੀ ਤੇਰੇ ਨਾਲ ਜਾਣਾ ਹੈ ।
(ਪਰ ਇਹ ਸਿਮਰਨ ਉਹੀ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਗੁਰੂ ਦੇ ਦਰ ਤੇ ਲਿਆਵੇ) ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਆਪ ਗੁਰੂ ਦੀ ਸੇਵਾ ਵਿਚ ਜੋੜਦਾ ਹੈ, ਉਸ ਉਤੇ ਕੋਈ ਦੁੱਖ-ਕਲੇਸ਼ ਜ਼ੋਰ ਨਹੀਂ ਪਾ ਸਕਦਾ ।੫੦ ।
Follow us on Twitter Facebook Tumblr Reddit Instagram Youtube