ਸਲੋਕੁ ॥
ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ ॥
ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥੧॥

Sahib Singh
ਬਿਆਪਤ = ਜ਼ੋਰ ਪਾ ਲੈਂਦੇ ਹਨ ।
ਅੰਧ = ਸੂਝ = ਹੀਣ, ਜਿਨ੍ਹਾਂ ਦੇ ਗਿਆਨ-ਨੇਤ੍ਰ ਬੰਦ ਹਨ ।
ਦੁਰਗੰਧ = ਗੰਦਗੀ, ਮੰਦੇ ਕੰਮ ।
ਬੰਧ = ਬੰਧਨ ।੧ ।
ਪਉੜੀ: = ਲਪਟਿ = ਚੰਬੜੇ ਹੋਏ ।
ਬਿਖੈ ਰਸ = ਵਿਸ਼ਿਆਂ ਦੇ ਸੁਆਦ ।
ਅਹੰਬੁਧਿ = 'ਮੈਂ ਮੈਂ' ਕਰਨ ਵਾਲੀ ਬੁੱਧੀ ।
ਮਦ = ਨਸ਼ਾ ।
ਮਾਤੇ = ਮਸਤ ।
ਊਨ = ਸੱਖਣਾ, ਊਣਾ, ਘੱਟ ।
ਸੁਘਰੁ = ਸਿਆਣਾ ।
ਮੂਰਾ = ਮੂੜ੍ਹ, ਮੂਰਖ ।
ਅਲਿਪਨਾ = ਅਲੇਪ, ਮਾਇਆ ਦੇ ਪ੍ਰਭਾਵ ਤੋਂ ਪਰੇ ।੧੧ ।
    
Sahib Singh
ਹੇ ਨਾਨਕ! ਜੋ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਵਿਚ ਫਸ ਜਾਂਦੇ ਹਨ, ਉਹਨਾਂ ਗਿਆਨ-ਹੀਣ ਮੂਰਖਾਂ ਉਤੇ ਲਾਲਚ ਝੂਠ ਵਿਕਾਰ ਮੋਹ ਆਦਿਕ ਜ਼ੋਰ ਪਾ ਲੈਂਦੇ ਹਨ, ਤੇ ਉਹ ਮੰਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ ।੧ ।
ਪਉੜੀ:- ਜੇਹੜੇ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦੇ ਹਨ, ਜਿਨ੍ਹਾਂ ਦੀ ਬੁਧਿ ਉਤੇ ਹਉਮੈ ਦਾ ਪਰਦਾ ਪੈ ਜਾਂਦਾ ਹੈ, ਉਹ ਮਨੁੱਖ ਵਿਸ਼ਿਆਂ ਦੇ ਸੁਆਦਾਂ ਨਾਲ ਚੰਬੜੇ ਰਹਿੰਦੇ ਹਨ, ਤੇ ਇਸ ਮਾਇਆ ਵਿਚ ਫਸ ਕੇ ਜਨਮ ਮਰਨ (ਦੇ ਗੇੜ ਵਿਚ ਪੈ ਜਾਂਦੇ ਹਨ), (ਪਰ ਜੀਵ ਦੇ ਕੀਹ ਵੱਸ?) ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਿਵੇਂ ਤਿਵੇਂ ਹੀ ਜੀਵ ਕਰਮ ਕਰਦੇ ਹਨ ।
(ਆਪਣੀ ਚਤੁਰਾਈ ਨਾਲ) ਨਾਹ ਕੋਈ ਜੀਵ ਪੂਰਨ ਬਣ ਸਕਦਾ ਹੈ, ਨਾਹ ਕੋਈ ਕਮਜ਼ੋਰ ਰਹਿ ਜਾਂਦਾ ਹੈ, ਨਾਹ ਕੋਈ (ਆਪਣੇ ਬਲ ਆਸਰੇ) ਸਿਆਣਾ ਹੋ ਗਿਆ ਹੈ, ਨਾਹ ਕੋਈ ਮੂਰਖ ਰਹਿ ਗਿਆ ਹੈ ।
ਹੇ ਪ੍ਰਭੂ! ਜਿਸ ਜਿਸ ਪਾਸੇ ਤੂੰ ਜੀਵਾਂ ਨੂੰ ਪ੍ਰੇਰਦਾ ਹੈਂ, ਉਧਰ ਉਧਰ ਹੀ ਇਹ ਲੱਗ ਪੈਂਦੇ ਹਨ ।
ਹੇ ਨਾਨਕ! (ਕੈਸੀ ਅਚਰਜ ਖੇਡ ਹੈ! ਸਭ ਜੀਵਾਂ ਵਿਚ ਬੈਠ ਕੇ ਪਾਲਣਹਾਰ ਪ੍ਰਭੂ ਪ੍ਰੇਰਨਾ ਕਰ ਰਿਹਾ ਹੈ, ਫਿਰ ਭੀ) ਪ੍ਰਭੂ ਆਪ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ।੧੧ ।
Follow us on Twitter Facebook Tumblr Reddit Instagram Youtube