ਸਲੋਕੁ ॥
ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ ॥
ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਮੈ ਮੋਰ ॥੧॥

Sahib Singh
ਬਨਿਤਾ = ਇਸਤ੍ਰੀ ।
ਬਿਨੋਦ = ਚੋਜ = ਤਮਾਸ਼ੇ ।
ਕੁਸਮ = ਫੁੱਲ, ਕਸੁੰਭਾ ਫੁੱਲ ।
ਬਿਖ ਸੋਰ = ਬਿਖਿਆ ਦੇ ਸ਼ੋਰ, ਮਾਇਆ ਦੀ ਫੂੰ-ਫਾਂ ।
ਪਰਉ = ਪਰਾਉਂ, ਮੈਂ ਪੈਂਦਾ ਹਾਂ ।
ਮੈ = ਹਉਮੈ ।
ਮੋਰ = ਮੇਰੀ, ਮਮਤਾ ।੧।ਪਉੜੀ:- ਸਾਕਤ—ਪ੍ਰਭੂ ਨਾਲੋਂ ਵਿੱਛੁੜੇ ਜੀਵ ।
ਕਰਮ ਰਤ = ਪੁੰਨ ਕਰਮਾਂ ਦੇ ਪ੍ਰੇਮੀ, ਕਰਮ ਕਾਂਡੀ ।
ਅਫਾਰ = ਨਾਹ ਝੱਲਿਆ ਜਾ ਸਕਣ ਵਾਲਾ, ਬਹੁਤ ।
ਭੀਤਿ = ਕੰਧ ।
ਸੁਧਿ = ਸਫ਼ਾਈ, ਪਵਿਤ੍ਰਤਾ ।੯ ।
    
Sahib Singh
(ਅਸੀ ਜੀਵ) ਇਸਤ੍ਰੀ ਆਦਿਕ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੋ ਰਹੇ ਹਾਂ, ਪਰ ਇਹ ਮਾਇਆ ਦੀ ਫੂੰ-ਫਾਂ ਕਸੁੰਭੇ ਦੇ ਰੰਗ (ਵਾਂਗ ਖਿਨ-ਭੰਗਰ ਹੀ ਹੈ) ।
ਹੇ ਨਾਨਕ! (ਆਖ—) ਮੈਂ ਤਾਂ ਉਸ ਪ੍ਰਭੂ ਦੀ ਸਰਨ ਪੈਂਦਾ ਹਾਂ (ਜਿਸ ਦੀ ਮਿਹਰ ਨਾਲ) ਹਉਮੈ ਤੇ ਮਮਤਾ ਦੂਰ ਹੋ ਜਾਂਦੀ ਹੈ ।੧ ।
ਪਉੜੀ:- ਹੇ ਮੇਰੇ ਮਨ! ਪ੍ਰਭੂ ਤੋਂ ਬਿਨਾ ਹੋਰ ਜਿਥੇ ਜਿਥੇ ਪ੍ਰੇਮ ਪਾਏਂਗਾ, ਉਥੇ ਉਥੇ ਮਾਇਆ ਦੇ ਬੰਧਨ ਪੈਣਗੇ ।
ਹਰੀ ਤੋਂ ਵਿੱਛੁੜੇ ਬੰਦੇ ਉਹੀ ਕੰਮ ਕਰਦੇ ਹਨ ਕਿ ਉਸ ਤਰੀਕੇ ਨਾਲ ਕਿਤੇ ਭੀ ਇਹਨਾਂ ਬੰਧਨਾਂ ਤੋਂ ਖ਼ਲਾਸੀ ਨਾਹ ਹੋ ਸਕੇ ।
(ਤੀਰਥ, ਦਾਨ ਆਦਿਕ) ਕਰਮਾਂ ਦੇ ਪ੍ਰੇਮੀ (ਇਹ ਕਰਮ ਕਰ ਕੇ, ਇਹਨਾਂ ਦੇ ਕੀਤੇ ਦਾ) ਮਾਣ ਕਰਦੇ ਫਿਰਦੇ ਹਨ, ਇਸ ਹਉਮੈ ਦਾ ਭਾਰ ਭੀ ਅਸਹਿ ਹੁੰਦਾ ਹੈ, ਜੇ ਪ੍ਰਭੂ ਦੇ ਨਾਮ ਨਾਲ ਪਿਆਰ ਨਹੀਂ ਬਣਿਆ, ਤਾਂ ਇਹ ਕਰਮ ਵਿਕਾਰ-ਰੂਪ ਹੋ ਜਾਂਦੇ ਹਨ ।
ਮਿੱਠੀ ਮਾਇਆ ਦੇ ਕੌਤਕਾਂ ਵਿਚ (ਫਸ ਕੇ ਜੀਵ) ਜਮ ਦੀ ਫਾਹੀ ਵਿਚ ਬੱਝ ਜਾਂਦੇ ਹਨ ।
ਭਟਕਣਾ ਵਿਚ ਫਸੇ ਹੋਇਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਭੂ ਸਦਾ ਸਾਡੇ ਨਾਲ ਹੈ ।
(ਅਸੀ ਜੀਵ ਇਤਨੇ ਮਾਇਆ-ਗ੍ਰਸੇ ਹਾਂ ਕਿ ਸਾਡੇ ਕੀਤੇ ਕੁਕਰਮਾਂ ਦਾ) ਲੇਖਾ ਕੀਤਿਆਂ ਸਾਡੀ ਬਰੀਅਤ ਨਹੀਂ ਹੋ ਸਕਦੀ, (ਪਾਣੀ ਨਾਲ ਧੋਤਿਆਂ) ਗਾਰੇ ਦੀ ਕੰਧ ਦੀ ਸਫ਼ਾਈ ਨਹੀਂ ਹੋ ਸਕਦੀ (ਹੋਰ ਹੋਰ ਗਾਰਾ ਬਣਦਾ ਜਾਇਗਾ) ।
ਹੇ ਨਾਨਕ! (ਆਖ—) ਪ੍ਰਭੂ ਆਪ ਜਿਸ ਮਨੁੱਖ ਨੂੰ ਸੂਝ ਬਖ਼ਸ਼ਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਦੀ ਬੁੱਧੀ ਪਵਿਤ੍ਰ ਹੋ ਜਾਂਦੀ ਹੈ ।੯ ।
Follow us on Twitter Facebook Tumblr Reddit Instagram Youtube