ਛੰਤ ॥
ਜਪਿ ਮਨਾ ਤੂੰ ਰਾਮ ਨਰਾਇਣੁ ਗੋਵਿੰਦਾ ਹਰਿ ਮਾਧੋ ॥
ਧਿਆਇ ਮਨਾ ਮੁਰਾਰਿ ਮੁਕੰਦੇ ਕਟੀਐ ਕਾਲ ਦੁਖ ਫਾਧੋ ॥
ਦੁਖਹਰਣ ਦੀਨ ਸਰਣ ਸ੍ਰੀਧਰ ਚਰਨ ਕਮਲ ਅਰਾਧੀਐ ॥
ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ॥
ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ ॥
ਬਿਨਵੰਤਿ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੋ ॥੧॥

ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ ॥
ਸ੍ਰੀਰੰਗੋ ਦਇਆਲ ਮਨੋਹਰੁ ਭਗਤਿ ਵਛਲੁ ਬਿਰਦਾਇਆ ॥
ਭਗਤਿ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ॥
ਤਮ ਅੰਧ ਕੂਪ ਤੇ ਉਧਾਰੈ ਨਾਮੁ ਮੰਨਿ ਵਸਾਈਐ ॥
ਸੁਰ ਸਿਧ ਗਣ ਗੰਧਰਬ ਮੁਨਿ ਜਨ ਗੁਣ ਅਨਿਕ ਭਗਤੀ ਗਾਇਆ ॥
ਬਿਨਵੰਤਿ ਨਾਨਕ ਕਰਹੁ ਕਿਰਪਾ ਪਾਰਬ੍ਰਹਮ ਹਰਿ ਰਾਇਆ ॥੨॥

ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ ॥
ਕਰੁਣਾ ਮੈ ਸਮਰਥੁ ਸੁਆਮੀ ਘਟ ਘਟ ਪ੍ਰਾਣ ਅਧਾਰੀ ॥
ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ ॥
ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ ॥
ਰੋਗ ਸੋਗ ਸਭਿ ਦੋਖ ਬਿਨਸਹਿ ਜਪਤ ਨਾਮੁ ਮੁਰਾਰੀ ॥
ਬਿਨਵੰਤਿ ਨਾਨਕ ਕਰਹੁ ਕਿਰਪਾ ਸਮਰਥ ਸਭ ਕਲ ਧਾਰੀ ॥੩॥

ਗੁਣ ਗਾਉ ਮਨਾ ਅਚੁਤ ਅਬਿਨਾਸੀ ਸਭ ਤੇ ਊਚ ਦਇਆਲਾ ॥
ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ ॥
ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ ॥
ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ ਬਸੈ ॥
ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ ॥
ਬਿਨਵੰਤ ਨਾਨਕ ਇਛ ਪੁਨੀ ਜਪਤ ਦੀਨ ਦੈਆਲਾ ॥੪॥੩॥

Sahib Singh
ਸਰਬ = ਸਭਨਾਂ ਵਿਚ ।
ਜਿਨਿ = ਜਿਸ ਨੇ ।
ਕਰੁਣਾ = ਤਰਸ ।
ਕਰੁਣਾਮੈ = {ਕਰੁਣਾ = ਮਯ} ਤਰਸ-ਸਰੂਪ ।
ਅਧਾਰੀ = ਆਸਰਾ ।
ਜੀਅ = ਦਾਤਾ = ਜਿੰਦ ਦੇਣ ਵਾਲਾ ।
ਅਗਮ = ਅਪਹੁੰਚ ।
ਸਰਣਿ ਜੋਗੁ = ਆਸਰਾ ਦੇਣ ਜੋਗਾ ।
ਬਿਦਾਰੋ = ਨਾਸ ਕਰਨ ਵਾਲਾ ।
ਸਭਿ = ਸਾਰੇ ।੩ ।
ਅਚੁਤ = {Áਯੁ = ਚÎੁ, ਡਿੱਗ ਪੈਣਾ ।
ਚÎੁਤ = ਡਿੱਗਾ ਹੋਇਆ} ਜੋ ਕਦੇ ਨਾਹ ਡਿੱਗੇ, ਸਦਾ ਅਟੱਲ ਰਹਿਣ ਵਾਲਾ ।
ਬਿਸੰਭਰੁ = {ਵਿÓਵਜ਼ = ਭਰ ।
ਵਿਸ਼੍ਵ = ਸਾਰਾ ਜਗਤ} ਸਾਰੇ ਜਗਤ ਨੂੰ ਪਾਲਣ ਵਾਲਾ ।
ਦਾਨਾ = ਜਾਣਨ ਵਾਲਾ ।
ਸਭ ਕਿਸੈ = ਹਰੇਕ ਜੀਵ ਉਤੇ ।
ਕੰਟਕੁ = ਕੰਡਾ ।
ਕਾਲੁ = ਮੌਤ (ਦਾ ਸਹਮ) ।
ਜੀਅ ਜਾ ਕੈ = ਜਿਸ ਦੇ ਹਿਰਦੇ ਵਿਚ ।
ਸੁਪ੍ਰਸੰਨ = ਚੰਗੀ ਤ੍ਰਹਾਂ ਪ੍ਰਸੰਨ ।
ਘਾਲਾ = ਮਿਹਨਤ ।
ਇਛ = ਇੱਛਾ ।
ਜਪਤ = ਜਪਦਿਆਂ ।੪ ।
    
Sahib Singh
ਹੇ (ਮੇਰੇ) ਮਨ! ਪਾਰਬ੍ਰਹਮ ਪਰਮੇਸਰ ਨੂੰ ਚੇਤੇ ਰੱਖ, ਜਿਸ ਨੇ ਸਭਨਾਂ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ ਜੋ ਤਰਸ-ਸਰੂਪ ਹੈ, ਸਭ ਤਾਕਤਾਂ ਵਾਲਾ ਹੈ, ਸਭ ਦਾ ਮਾਲਕ ਹੈ, ਤੇ ਜੋ ਹਰੇਕ ਸਰੀਰ ਦਾ ਸਭ ਦੀ ਜਿੰਦ ਦਾ ਆਸਰਾ ਹੈ, ਜੋ ਪ੍ਰਾਣ ਮਨ ਤਨ ਤੇ ਜਿੰਦ ਦੇਣ ਵਾਲਾ ਹੈ, ਬੇਅੰਤ ਹੈ, ਅਪਹੁੰਚ ਹੈ, ਤੇ ਅਪਾਰ ਹੈ, ਜੋ ਸਰਨ ਪਏ ਦੀ ਸਹੈਤਾ ਕਰਨ ਜੋਗਾ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ ਸੁੰਦਰ ਹੈ ਤੇ ਸਾਰੇ ਵਿਕਾਰਾਂ ਦਾ ਨਾਸ ਕਰਨ ਵਾਲਾ ਹੈ ।
ਹੇ ਮਨ! ਮੁਰਾਰੀ-ਪ੍ਰਭੂ ਦਾ ਨਾਮ ਜਪਦਿਆਂ ਸਾਰੇ ਰੋਗ ਫ਼ਿਕਰ ਸਾਰੇ ਐਬ ਨਾਸ ਹੋ ਜਾਂਦੇ ਹਨ ।
ਨਾਨਕ ਬੇਨਤੀ ਕਰਦਾ ਹੈ—ਹੇ ਸਭ ਤਾਕਤਾਂ ਦੇ ਮਾਲਕ! ਹੇ ਸਭਨਾਂ ਵਿਚ ਆਪਣੀ ਸੱਤਾ ਟਿਕਾਣ ਵਾਲੇ ਪ੍ਰਭੂ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ।੩ ।
ਹੇ (ਮੇਰੇ) ਮਨ! ਤੂੰ ਉਸ ਪਰਮਾਤਮਾ ਦੇ ਗੁਣ ਗਾ, ਜੋ ਸਦਾ ਅਟੱਲ ਰਹਿਣ ਵਾਲਾ ਹੈ, ਜੋ ਕਦੇ ਨਾਸ ਨਹੀਂ ਹੁੰਦਾ, ਜੋ ਸਭ ਤੋਂ ਉੱਚਾ ਹੈ ਤੇ ਦਇਆ ਦਾ ਘਰ ਹੈ, ਜੋ ਸਾਰੇ ਜਗਤ ਨੂੰ ਪਾਲਣ ਵਾਲਾ ਹੈ ਜੋ ਆਪ ਹੀ ਸਭਕੁਝ ਦੇਣ ਜੋਗਾ ਹੈ, ਜੋ ਸਭ ਦੀ ਪਾਲਣਾ ਕਰਦਾ ਹੈ ।
(ਹੇ ਮੇਰੇ ਮਨ!) ਉਹ ਪਰਮਾਤਮਾ ਹਰੇਕ ਜੀਵ ਉਤੇ ਦਇਆ ਕਰਦਾ ਹੈ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ।
ਬੜਾ ਹੀ ਦਇਆਲ ਤੇ ਪਾਲਣਾ ਕਰਨ ਵਾਲਾ ਹੈ ।
ਜਿਸ ਮਨੁੱਖ ਦੇ ਹਿਰਦੇ ਵਿਚ ਉਹ ਪ੍ਰਭੂ ਆ ਵੱਸਦਾ ਹੈ, ਉਸ ਦੇ ਅੰਦਰੋਂ ਮੋਹ ਲੋਭ ਤੇ ਦੁਖਦਾਈ (ਕੰਡੇ ਵਾਂਗ ਚੁੱਭਦਾ ਰਹਿਣ ਵਾਲਾ) ਮੌਤ ਦਾ ਸਹਮ ਦੂਰ ਹੋ ਜਾਂਦਾ ਹੈ ।
(ਹੇ ਮਨ!) ਜਿਸ ਮਨੁੱਖ ਉਤੇ ਪ੍ਰਭੂ-ਦੇਵ ਜੀ ਚੰਗੀ ਤ੍ਰਹਾਂ ਪ੍ਰਸੰਨ ਹੋ ਜਾਣ, ਉਸ ਦੀ ਕੀਤੀ ਸੇਵਾ ਨੂੰ ਫਲ ਲੱਗ ਪਂੈਦਾ ਹੈ, ਉਸ ਦੀ ਕੀਤੀ ਮਿਹਨਤ ਸਿਰੇ ਚੜ੍ਹ ਜਾਂਦੀ ਹੈ ।
ਨਾਨਕ ਬੇਨਤੀ ਕਰਦਾ ਹੈ—ਗ਼ਰੀਬਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਦਾ ਨਾਮ ਜਪਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ।੪।੩ ।
Follow us on Twitter Facebook Tumblr Reddit Instagram Youtube