ਗਉੜੀ ਮਹਲਾ ੫ ॥
ਸਲੋਕੁ ॥
ਪਤਿਤ ਅਸੰਖ ਪੁਨੀਤ ਕਰਿ ਪੁਨਹ ਪੁਨਹ ਬਲਿਹਾਰ ॥
ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥

Sahib Singh
ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ ।
ਅਸੰਖ = ਅਣਗਿਣਤ {ਸੰਖਿਆ—ਗਿਣਤੀ} ।
ਕਰਿ = ਕਰੇ, ਕਰਦਾ ਹੈ ।
ਪੁਨਹ ਪੁਨਹ = {ਪੁਨ: ਪੁਨ:} ਮੁੜ ਮੁੜ ।
ਪਾਵਕੋ = ਪਾਵਕੁ, ਅੱਗ ।
ਤਿਨ = ਤਿਣ੍ਰ, ਤੀਲੇ ।
ਕਿਲਬਿਖ = ਪਾਪ ।
ਦਾਹਨਹਾਰ = ਸਾੜਨ ਦੀ ਸਮਰੱਥਾ ਵਾਲਾ ।੧ ।
ਮਨਾ = ਹੇ ਮਨ !
ਮਾਧੋ = ਮਾਇਆ ਦਾ ਪਤੀ {ਧਵ—ਪਤੀ} ਪਰਮਾਤਮਾ ।
ਮੁਰਾਰਿ = {ਮੁਰ = ਅਰਿ ।
ਅਰਿ = ਵੈਰੀ ।
    ਮੁਰ ਦੈਂਤ ਦਾ ਵੈਰੀ} ਪਰਮਾਤਮਾ ।
ਮੁਕੰਦ = {ਮੁਕੁਂਦ} ਮੁਕਤੀ ਦਾਤਾ ।
ਫਾਧੋ = ਫਾਹੀ ।
ਦੁਖਹਰਣ = ਦੁਖਾਂ ਦਾ ਨਾਸ ਕਰਨ ਵਾਲਾ ।
ਦੀਨ = ਗਰੀਬ ।
ਸ੍ਰੀਧਰ = ਲੱਛਮੀ ਦਾ ਆਸਰਾ ।
ਪੰਥੁ = ਰਸਤਾ ।
ਬਿਖੜਾ = ਅੌਖਾ ।
ਨਿਮਖ = ਅੱਖ ਝਮਕਣ ਜਿਤਨਾ ਸਮਾ ।
ਸਾਧੀਐ = ਸਾਧ ਲਈਦਾ ਹੈ, ਠੀਕ ਕਰ ਲਈਦਾ ਹੈ ।
ਕਲਮਲਹ = ਪਾਪਾਂ ਨੂੰ ।
ਦਹਤਾ = ਸਾੜਨ ਵਾਲਾ ।
ਸੁਧੁ = ਪਵਿਤ੍ਰ ।
ਕਰਤਾ = ਕਰਨ ਵਾਲਾ ।
ਰੈਣਿ = ਰਾਤ ।
ਗੋਪਾਲ = ਹੇ ਗੋਪਾਲ !
    ।੧ ।
ਦਾਮੋਦਰੁ = {ਦਾਮਨੱ = ਰੱਸੀ ।
ੳਦਰ = ਪੇਟ ।
    ਜਿਸ ਦੇ ਪੇਟ ਦੁਆਲੇ ਰੱਸੀ (ਤੜਾਗੀ) ਹੈ ।
    ਕਿ੍ਰਸ਼ਨ} ਪਰਮਾਤਮਾ ।
ਸ੍ਰੀ ਰੰਗੋ = ਸ੍ਰੀ ਰੰਗੁ, ਮਾਇਆ ਦਾ ਪਤੀ ।
ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ ।
ਬਿਰਦਾਇਆ = ਮੁੱਢ ਕਦੀਮਾਂ ਦਾ ਸੁਭਾਉ ।
ਮਨਹਿ = ਮਨ ਵਿਚ ।
ਚਿੰਦਿਆ = ਚਿਤਵਿਆ ਹੋਇਆ ।
ਤਮ = ਹਨੇਰਾ ।
ਅੰਧ ਕੂਪ = ਅੰਨ੍ਹਾ ਖੂਹ ।
ਤੇ = ਤੋਂ, ਵਿਚੋਂ ।
ਮੰਨਿ = ਮਨਿ, ਮਨ ਵਿਚ ।
ਸੁਰ = ਦੇਵਤੇ ।
ਸਿਧ = ਸਿੱਧ, ਕਰਾਮਾਤੀ ਜੋਗੀ ।
ਗਣ = ਸ਼ਿਵ ਜੀ ਦੇ ਦਾਸ = ਦੇਵਤੇ ।
ਗੰਧਰਬ = ਦੇਵਤਿਆਂ ਦੇ ਗਵਈਏ ।
ਮੁਨਿ ਜਨ = ਰਿਸ਼ੀ ਲੋਕ ।
ਭਗਤੀ = ਭਗਤੀਂ, ਭਗਤਾਂ ਨੇ ।
ਹਰਿ ਰਾਇਆ = ਹੇ ਪ੍ਰਭੂ = ਪਾਤਿਸ਼ਾਹ !
    ।੨ ।
    
Sahib Singh
ਸਲੋਕ ।
ਹੇ ਨਾਨਕ! ਪਰਮਾਤਮਾ ਦਾ ਨਾਮ ਜਪ, (ਇਸ ਨਾਮ ਤੋਂ) ਮੁੜ ਮੁੜ ਕੁਰਬਾਨ ਹੋ ।
ਇਹ ਨਾਮ ਅਣਗਿਣਤ ਵਿਕਾਰੀਆਂ ਨੂੰ ਪਵਿਤ੍ਰ ਕਰ ਦੇਂਦਾ ਹੈ ।
(ਜਿਵੇਂ) ਅੱਗ (ਘਾਹ ਦੇ) ਤੀਲਿਆਂ ਨੂੰ (ਤਿਵੇਂ ਇਹ ਹਰਿ ਨਾਮ) ਪਾਪਾਂ ਨੂੰ ਸਾੜਨ ਦੀ ਤਾਕਤ ਰੱਖਦਾ ਹੈ ।੧ ।
ਛੰਤ ।
ਹੇ ਮੇਰੇ ਮਨ! ਤੂੰ ਰਾਮ ਨਾਰਾਇਣ ਗੋਬਿੰਦ ਹਰੀ ਮਾਧੋ (ਦੇ ਨਾਮ) ਨੂੰ ਜਪ ।
ਹੇ ਮੇਰੇ ਮਨ! ਤੂੰ ਮੁਕੰਦ ਮੁਰਾਰੀ ਦਾ ਆਰਾਧਨ ਕਰ ।
(ਇਸ ਆਰਾਧਨ ਦੀ ਬਰਕਤਿ ਨਾਲ) ਮੌਤ ਤੇ ਦੁੱਖਾਂ ਦੀ ਫਾਹੀ ਕੱਟੀ ਜਾਂਦੀ ਹੈ ।
(ਹੇ ਮਨ!) ਉਸ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ, ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜੋ ਗ਼ਰੀਬਾਂ ਦਾ ਸਹਾਰਾ ਹੈ, ਜੋ ਲੱਖਮੀ ਦਾ ਆਸਰਾ ਹੈ ।
ਹੇ ਮਨ! ਜਮਾਂ ਦਾ ਅੌਖਾ ਰਸਤਾ, ਤੇ (ਵਿਕਾਰਾਂ ਦੀ) ਅੱਗ (ਨਾਲ ਭਰਿਆ ਹੋਇਆ ਸੰਸਾਰ-) ਸਮੁੰਦਰ ਰਤਾ ਭਰ ਸਮੇ ਲਈ ਨਾਮ ਸਿਮਰਿਆਂ ਸੋਹਣਾ ਬਣਾ ਲਈਦਾ ਹੈ ।
(ਹੇ ਮੇਰੇ ਮਨ!) ਦਿਨ ਰਾਤ ਉਸ ਹਰੀ-ਨਾਮ ਨੂੰ ਸਿਮਰਦਾ ਰਹੁ, ਜੋ ਪਾਪਾਂ ਦਾ ਸਾੜਨ ਵਾਲਾ ਹੈ ਤੇ ਜੋ ਪਵਿਤ੍ਰ ਕਰਨ ਵਾਲਾ ਹੈ ।
ਨਾਨਕ ਬੇਨਤੀ ਕਰਦਾ ਹੈ—ਹੇ ਗੋਪਾਲ! ਹੇ ਗੋਬਿੰਦ! ਹੇ ਮਾਧੋ! ਮਿਹਰ ਕਰ (ਕਿ ਮੈਂ ਤੇਰਾ ਨਾਮ ਸਦਾ ਸਿਮਰਦਾ ਰਹਾਂ) ।੧ ।
ਹੇ ਮੇਰੇ ਮਨ! ਉਸ ਪ੍ਰਭੂ-ਪਾਤਿਸ਼ਾਹ ਦਾਮੋਦਰ ਨੂੰ ਸਿਮਰ, ਜੋ ਦੁੱਖਾਂ ਦਾ ਦੂਰ ਕਰਨ ਵਾਲਾ ਹੈ, ਜੋ ਡਰਾਂ ਦਾ ਨਾਸ਼ ਕਰਨ ਵਾਲਾ ਹੈ, ਜੋ ਲੱਖਮੀ ਦਾ ਖਸਮ ਹੈ, ਜੋ ਦਇਆ ਦਾ ਸੋਮਾ ਹੈ, ਜੋ ਮਨ ਨੂੰ ਮੋਹ ਲੈਣ ਵਾਲਾ ਹੈ, ਤੇ ਭਗਤੀ ਨਾਲ ਪਿਆਰ ਕਰਨਾ ਜਿਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ ।(ਹੇ ਭਾਈ!) ਜੇ ਭਗਤੀ ਨਾਲ ਪਿਆਰ ਕਰਨ ਵਾਲੇ ਪੂਰਨ ਪੁਰਖ ਦਾ ਨਾਮ ਮਨ ਵਿਚ ਵਸਾ ਲਈਏ, ਤਾਂ ਮਨ ਵਿਚ ਚਿਤਵਿਆ ਹੋਇਆ ਹਰੇਕ ਮਨੋਰਥ ਪਾ ਲਈਦਾ ਹੈ, ਉਹ ਹਰੀ-ਨਾਮ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਦੇ ਹਨੇਰੇ ਵਿਚੋਂ ਕੱਢ ਲੈਂਦਾ ਹੈ ।
(ਹੇ ਮੇਰੇ ਮਨ!) ਦੇਵਤੇ, ਕਰਾਮਾਤੀ ਜੋਗੀ, ਸ਼ਿਵ ਜੀ ਦੇ ਦਾਸ-ਦੇਵਤੇ, ਦੇਵਤਿਆਂ ਦੇ ਗਵਈਏ, ਰਿਸ਼ੀ ਲੋਕ ਤੇ ਅਨੇਕਾਂ ਹੀ ਭਗਤ ਉਸੇ ਪਰਮਾਤਮਾ ਦੇ ਗੁਣ ਗਾਂਦੇ ਆ ਰਹੇ ਹਨ ।
ਨਾਨਕ ਬੇਨਤੀ ਕਰਦਾ ਹੈ—ਹੇ ਪ੍ਰਭੂ ਪਾਤਿਸ਼ਾਹ! ਮਿਹਰ ਕਰ (ਕਿ ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ।੨ ।
Follow us on Twitter Facebook Tumblr Reddit Instagram Youtube