ਰਾਗੁ ਗਉੜੀ ਛੰਤ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਮੇਰੈ ਮਨਿ ਬੈਰਾਗੁ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ ॥
ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ ॥
ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ ॥
ਕਰ ਕਰਹਿ ਸੇਵਾ ਸੀਸੁ ਚਰਣੀ ਮਨਿ ਆਸ ਦਰਸ ਨਿਮਾਣੀਆ ॥
ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ ॥
ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ॥੧॥

ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥
ਮੇਰਾ ਮਨੁ ਤਨੁ ਮੋਹਿ ਲੀਆ ਜੀਉ ਦੇਖਿ ਚਲਤ ਤੁਮਾਰੇ ॥
ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ ॥
ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ ਭਰਪੂਰਏ ॥
ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ ॥
ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ॥੨॥

ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥
ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ ॥
ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ ॥
ਖਿਨ ਮਾਹਿ ਸਗਲਾ ਦੂਖੁ ਮਿਟਿਆ ਮਨਹੁ ਚਿੰਦਿਆ ਪਾਇਆ ॥
ਦਿਨੁ ਰੈਣਿ ਰਲੀਆ ਕਰੈ ਕਾਮਣਿ ਮਿਟੇ ਸਗਲ ਅੰਦੇਸਾ ॥
ਬਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ ਜੈਸਾ ॥੩॥

ਮੇਰੈ ਮਨਿ ਅਨਦੁ ਭਇਆ ਜੀਉ ਵਜੀ ਵਾਧਾਈ ॥
ਘਰਿ ਲਾਲੁ ਆਇਆ ਪਿਆਰਾ ਸਭ ਤਿਖਾ ਬੁਝਾਈ ॥
ਮਿਲਿਆ ਤ ਲਾਲੁ ਗੁਪਾਲੁ ਠਾਕੁਰੁ ਸਖੀ ਮੰਗਲੁ ਗਾਇਆ ॥
ਸਭ ਮੀਤ ਬੰਧਪ ਹਰਖੁ ਉਪਜਿਆ ਦੂਤ ਥਾਉ ਗਵਾਇਆ ॥
ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ ॥
ਬਿਨਵੰਤਿ ਨਾਨਕੁ ਸਹਜਿ ਰਹੈ ਹਰਿ ਮਿਲਿਆ ਕੰਤੁ ਸੁਖਦਾਈ ॥੪॥੧॥

Sahib Singh
ਮੇਰੈ ਮਨਿ = ਮੇਰੇ ਮਨ ਵਿਚ ।
ਬੈਰਾਗੁ = ਉਤਸੁਕਤਾ, ਉਤਾਵਲਾ-ਪਨ, ਕਾਹਲੀ ।
ਦੇਖਾ = ਦੇਖਾਂ, ਮੈਂ ਵੇਖਾਂ ।
ਪ੍ਰਭ = ਹੇ ਪ੍ਰਭੂ !
ਦਾਤੇ = ਹੇ ਦਾਤਾਰ !
ਸਖਾ = ਸਾਥੀ ।
ਬਿਧਾਤੇ = ਹੇ ਸਿਰਜਣਹਾਰ !
ਸ੍ਰੀ = ਲੱਛਮੀ ।
ਸ੍ਰੀਧਰੁ = ਲੱਛਮੀ ਦਾ ਆਸਰਾ ।
ਮਿਲਹ = ਅਸੀ ਮਿਲੀਏ ।
ਉਡੀਣੀਆ = ਵਿਆਕੁਲ ।
ਕਰ = ਹੱਥਾਂ ਨਾਲ ।
ਕਰਹਿ = (ਜੋ) ਕਰਦੀਆਂ ਹਨ ।
ਆਸ ਦਰਸ = ਦਰਸਨ ਦੀ ਆਸ ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ ।
ਮੂਰਤੁ = ਮੁਹੂਰਤ, ਦੋ ਘੜੀ ਦਾ ਸਮਾ ।
ਸਾਰਿੰਗ = ਪਪੀਹਾ ।੧ ।
ਬਿਨਉ = ਬੇਨਤੀ ।
ਕਰਉ = ਕਰਉਂ, ਮੈਂ ਕਰਦੀ ਹਾਂ ।
ਕੰਤ = ਹੇ ਕੰਤ !
ਦੇਖਿ = ਵੇਖ ਕੇ ।
ਚਲਤ = ਚਰਿਤ੍ਰ,ਕੌਤਕ ।
ਮੋਹੀ = ਮੈਂ ਠੱਗੀ ਗਈ ਹਾਂ ।
ਧਨ = ਜੀਵ = ਇਸਤ੍ਰੀ ।
ਧੀਰਏ = ਧੀਰਜ ਹਾਸਲ ਕਰੇ ।
ਨਾਹ = ਹੇ ਨਾਥ !
    ਹੇ ਪਤੀ !
ਬਾਲਾ = ਸਦਾ ਜਵਾਨ ਰਹਿਣ ਵਾਲਾ ।
ਪਿਰ = ਹੇ ਪਤੀ !
ਹਉ = ਮੈਂ (ਆਪ) ।
ਬੁਰਿਆਰੇ = ਮੰਦ = ਕਰਮਣ ।
ਘਰਿ = ਹਿਰਦੇ = ਘਰ ਵਿਚ ।੨ ।
ਹਉ = ਮੈਂ ।
ਅਰਪੀ = ਅਰਪੀਂ, ਮੈਂ ਭੇਟ ਕਰਦਾ ਹਾਂ ।
ਸਭਿ = ਸਾਰੇ ।
ਪ੍ਰਭ ਸਦੇਸਾ = ਪ੍ਰਭੂ (ਦੇ ਮਿਲਾਪ ਦਾ) ਸੁਨੇਹਾ ।
ਸੁਥਾਨਿ = ਸੋਹਣੇ ਥਾਂ ਵਿਚ, ਸਾਧ ਸੰਗਤਿ ਵਿਚ (ਬੈਠ ਕੇ) ।
ਪਹਿ = ਪਾਸ ।
ਮਾਹਿ = ਵਿਚ ।
ਮਨਹੁ ਚਿੰਦਿਆ = ਮਨ ਤੋਂ ਚਿਤਵਿਆ ਹੋਇਆ, ਮਨ-ਇੱਛਤ ।
ਰੈਣਿ = ਰਾਤ ।
ਰਲੀਆ = ਮੌਜਾਂ ।
ਕਾਮਣਿ = (ਜੀਵ) ਇਸਤ੍ਰੀ ।
ਅੰਦੇਸਾ = ਚਿੰਤਾ = ਫ਼ਿਕਰ ।
ਹਮ = ਅਸੀ ।
ਜੈਸਾ = ਜਿਹੋ ਜਿਹਾ ।੩ ।
ਮਨਿ = ਮਨ ਵਿਚ ।
ਅਨਦ = ਚਾਉ ।
ਵਧਾਈ = ਉਹ ਆਤਮਕ ਹਾਲਤ ਜਦੋਂ ਦਿਲ ਵਧਦਾ ਹੈ, ਜਦੋਂ ਦਿਲ ਨੂੰ ਖ਼ੁਸ਼ੀ ਦਾ ਹੁਲਾਰਾ ਆਉਂਦਾ ਹੈ ।
ਵਜੀ = ਵੱਜੀ, ਜ਼ੋਰਾਂ ਵਿਚ ਆ ਰਹੀ ਹੈ, (ਜਿਵੇਂ ਢੋਲ ਵੱਜਿਆਂ ਹੋਰ ਨਿੱਕੇ ਨਿੱਕੇ ਖੜਾਕ ਮੱਧਮ ਪੈ ਜਾਂਦੇ ਹਨ) ।
ਘਰਿ = ਹਿਰਦੇ = ਘਰ ਵਿਚ ।
ਤਿਖਾ = ਤ੍ਰੇਹ, ਮਾਇਆ ਦੀ ਤ੍ਰਿਸ਼ਨਾ ।
ਗੁਪਾਲੁ = ਸਿ੍ਰਸ਼ਟੀ ਦਾ ਪਾਲਣਹਾਰ ।
ਸਖੀ = ਸਖੀਆਂ ਨੇ, ਸਹੇਲੀਆਂ ਨੇ, ਗਿਆਨ-ਇੰਦਿ੍ਰਆਂ ਨੇ ।
ਮੰਗਲੁ = ਖ਼ੁਸ਼ੀ ਦਾ ਗੀਤ ।
ਬੰਧਪ = ਸਨਬੰਧੀ ।
ਹਰਖੁ = ਖ਼ੁਸ਼ੀ ਚਾਉ ।
ਦੂਤ ਥਾਉ = ਦੂਤਾਂ ਦਾ ਥਾਂ, ਕਾਮਾਦਿਕ ਵੈਰੀਆਂ ਦਾ ਨਾਮ-ਨਿਸ਼ਾਨ ।
ਅਨਹਤ = {ਅਨਹਤ = ਬਿਨਾ ਵਜਾਏ} ਇਕ-ਰਸ, ਲਗਾਤਾਰ ।
ਵਜਹਿ = ਵੱਜਦੇ ਹਨ ।
ਸੰਗਿ = ਨਾਲ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਖਦਾਈ = ਸੁਖ ਦੇਣ ਵਾਲਾ ।੪ ।
    
Sahib Singh
ਹੇ ਮੇਰੇ ਦਾਤਾਰ ਪ੍ਰਭੂ! ਹੇ ਮੇਰੇ ਮਿੱਤਰ! ਹੇ ਮੇਰੇ ਸਾਥੀ! ਹੇ ਹਰੀ! ਹੇ ਸਭ ਤੋਂ ਵੱਡੇ! ਹੇ ਸਰਬ-ਵਿਆਪਕ! ਹੇ ਸਿਰਜਣਹਾਰ ਜੀਉ! (ਤੇਰੇ ਦਰਸਨ ਤੋਂ ਬਿਨਾ) ਮੇਰੇ ਮਨ ਵਿਚ ਕਾਹਲੀ ਪੈ ਰਹੀ ਹੈ, (ਦੱਸ) ਮੈਂ ਤੈਨੂੰ ਕਿਵੇਂ ਵੇਖਾਂ ?
ਤੂੰ ਸਰਬ-ਵਿਆਪਕ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਹੀ ਲੱਛਮੀ-ਪਤੀ ਹੈਂ (ਤੈਥੋਂ ਵਿੱਛੁੜ ਕੇ) ਅਸੀ ਵਿਆਕੁਲ ਹੋ ਰਹੀਆਂ ਹਾਂ, (ਦੱਸ,) ਅਸੀ ਤੈਨੂੰ ਕਿਵੇਂ ਮਿਲੀਏ ?
(ਹੇ ਜਿੰਦੇ! ਜੇਹੜੀਆਂ ਜੀਵ-ਇਸਤ੍ਰੀਆਂ) ਮਾਣ ਛੱਡ ਕੇ (ਆਪਣੇ) ਹੱਥਾਂ ਨਾਲ ਸੇਵਾ ਕਰਦੀਆਂ ਹਨ, (ਆਪਣਾ) ਸਿਰ (ਗੁਰੂ ਦੇ) ਚਰਨਾਂ ਉਤੇ ਰੱਖਦੀਆਂ ਹਨ, ਤੇ (ਆਪਣੇ) ਮਨ ਵਿਚ (ਪ੍ਰਭੂ ਦੇ) ਦਰਸਨ ਦੀ ਆਸ ਧਰਦੀਆਂ ਹਨ, ਉਹਨਾਂ ਨੂੰ ਹਰੇਕ ਸਾਹ ਦੇ ਨਾਲ (ਉਹ ਚੇਤੇ ਰਹਿੰਦਾ ਹੈ) ਉਹਨਾਂ ਨੂੰ ਦਿਨ ਰਾਤ (ਕਿਸੇ ਭੀ ਵੇਲੇ) ਇਕ ਘੜੀ ਭਰ, ਇਕ ਪਲ ਭਰ, ਇਕ ਮੁਹੂਰਤ ਭਰ ਉਹ ਪ੍ਰਭੂ ਨਹੀਂ ਭੁੱਲਦਾ ।
ਹੇ ਨਾਨਕ! (ਆਖ—) ਹੇ ਦਾਤਾਰ ਪ੍ਰਭੂ! (ਅਸੀ ਜੀਵ ਤੈਥੋਂ ਬਿਨਾ) ਤਿਹਾਏ ਪਪੀਹੇ ਵਾਂਗ (ਤੜਪ ਰਹੇ) ਹਾਂ, (ਦੱਸ) ਤੈਨੂੰ ਕਿਵੇਂ ਮਿਲੀਏ ?
੧ ।
ਹੇ ਪਿਆਰੇ ਕੰਤ ਜੀਉ! ਸੁਣ, ਮੈਂ ਇਕ ਬੇਨਤੀ ਕਰਦੀ ਹਾਂ ।
ਤੇਰੇ ਕੌਤਕ-ਤਮਾਸ਼ੇ ਵੇਖ ਵੇਖ ਕੇ ਮੈਂ ਠੱਗੀ ਗਈ ਹਾਂ ।
(ਤੇਰੇ ਕੌਤਕ-ਤਮਾਸ਼ਿਆਂ ਨੇ) ਮੇਰਾ ਮਨ ਮੋਹ ਲਿਆ ਹੈ ਮੇਰਾ ਤਨ (ਹਰੇਕ ਇੰਦ੍ਰਾ) ਮੋਹ ਲਿਆ ਹੈ ।
(ਪਰ ਹੁਣ ਇਹ) ਜੀਵ-ਇਸਤ੍ਰੀ (ਇਹਨਾਂ ਕੌਤਕ-ਤਮਾਸ਼ਿਆਂ ਤੋਂ) ਉਦਾਸ ਹੋ ਗਈ ਹੈ, (ਤੇਰੇ ਮਿਲਾਪ ਤੋਂ ਬਿਨਾ ਇਸ ਨੂੰ) ਧੀਰਜ ਨਹੀਂ ਆਉਂਦੀ ।
ਹੇ ਸਭ ਗੁਣਾਂ ਦੇ ਮਾਲਕ ਖਸਮ! ਤੂੰ ਦਇਆ ਦਾ ਘਰ ਹੈਂ, ਤੂੰ ਸਦਾ-ਜਵਾਨ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ ।
ਹੇ ਸਾਰੇ ਸੁਖਾਂ ਦੇ ਦਾਤੇ ਪਤੀ! (ਤੇਰੇ ਵਿਚ ਕੋਈ) ਦੋਸ ਨਹੀਂ, ਮੈਂ ਮੰਦ-ਕਰਮਣ ਆਪ ਹੀ ਤੈਥੋਂ ਵਿੱਛੁੜੀ ਹੋਈ ਹਾਂ ।
ਹੇ ਨਾਨਕ! (ਆਖ—) ਹੇ ਪਿਆਰੇ ਪਤੀ! (ਇਹ ਜੀਵ-ਇਸਤ੍ਰੀ) ਬੇਨਤੀ ਕਰਦੀ ਹੈ, ਤੂੰ ਮਿਹਰ ਕਰ ਤੇ ਇਸ ਦੇ ਹਿਰਦੇ-ਘਰ ਵਿਚ ਆ ਵੱਸ ।੨ ।
ਜੇਹੜਾ ਮੈਨੂੰ ਪ੍ਰਭੂ ਨਾਲ ਮਿਲਾਪ ਕਰਾਣ ਵਾਲਾ ਸੁਨੇਹਾ ਦੇਵੇ, ਮੈਂ ਉਸ ਮਿੱਤਰ ਪਿਆਰੇ ਨੂੰ ਆਪਣਾ ਮਨ ਭੇਟ ਕਰ ਦਿਆਂ, ਆਪਣਾ ਸਰੀਰ (ਹਿਰਦਾ) ਭੇਟ ਕਰ ਦਿਆਂ, (ਇਹ) ਸਾਰੇ ਦੇਸ਼ (ਗਿਆਨ-ਇੰਦ੍ਰੇ) ਵਾਰਨੇ ਕਰ ਦਿਆਂ, ਆਪਣਾ ਸਿਰ ਉਸ ਦੇ ਹਵਾਲੇ ਕਰ ਦਿਆਂ ।
(ਜਿਸ ਜੀਵ-ਇਸਤ੍ਰੀ ਨੇ) ਸਾਧ ਸੰਗਤਿ ਦੀ ਬਰਕਤਿ ਨਾਲ ਆਪਣਾ ਸਿਰ ਗੁਰੂ ਦੇ ਹਵਾਲੇ ਕਰ ਦਿੱਤਾ, ਗੁਰੂ ਨੇ ਉਸ ਨੂੰ ਹਿਰਦੇ ਵਿਚ ਹੀ ਵੱਸਦਾ ਪਰਮਾਤਮਾ ਵਿਖਾਲ ਦਿੱਤਾ; ਇਕ ਖਿਨ ਵਿਚ ਹੀ ਉਸ ਜੀਵ-ਇਸਤ੍ਰੀ ਦਾ ਸਾਰਾ ਹੀ (ਪ੍ਰਭੂ ਤੋਂ ਵਿਛੋੜੇ ਦਾ) ਦੁਖ ਦੂਰ ਹੋ ਗਿਆ, (ਕਿਉਂਕਿ) ਉਸ ਨੂੰ ਮਨ ਦੀ ਮੁਰਾਦ ਮਿਲ ਗਈ ।
ਉਹ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ ਜੁੜ ਕੇ) ਦਿਨ ਰਾਤ ਆਤਮਕ ਆਨੰਦ ਮਾਣਦੀ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ ।
ਨਾਨਕ ਬੇਨਤੀ ਕਰਦਾ ਹੈ—(ਜੇਹੜੀ ਜੀਵ-ਇਸਤ੍ਰੀ ਸਾਧ ਸੰਗਤਿ ਦਾ ਆਸਰਾ ਲੈ ਕੇ ਆਪਣਾ ਆਪ ਗੁਰੂ ਦੇ ਹਵਾਲੇ ਕਰਦੀ ਹੈ ਉਸ ਨੂੰ) ਖਸਮ-ਪ੍ਰਭੂ ਮਿਲ ਪੈਂਦਾ ਹੈ ਤੇ ਉਹ ਖਸਮ-ਪ੍ਰਭੂ ਐਸਾ ਹੈ, ਜਿਹੋ ਜਿਹਾ ਅਸੀ ਸਾਰੇ ਜੀਵ (ਸਦਾ) ਢੂੰਡਦੇ ਰਹਿੰਦੇ ਹਾਂ, (ਉਹੀ ਹੈ ਜਿਸ ਨੂੰ ਅਸੀ ਸਾਰੇ ਮਿਲਣਾ ਲੋੜਦੇ ਹਾਂ) ।੩ ।
ਹੇ ਸਹੇਲੀਏ! (ਜਦੋਂ ਦਾ) ਮੇਰੇ ਹਿਰਦੇ-ਘਰ ਵਿਚ ਸੋਹਣਾ ਪਿਆਰਾ ਪ੍ਰਭੂ ਪਤੀ ਆ ਵੱਸਿਆ ਹੈ, ਮੇਰੀ ਸਾਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ, ਮੇਰੇ ਮਨ ਵਿਚ (ਹੁਣ) ਚਾਉ ਬਣਿਆ ਰਹਿੰਦਾ ਹੈ, ਮੇਰੇ ਅੰਦਰ ਉਹ ਆਤਮਕ ਹਾਲਤ ਪ੍ਰਬਲ ਬਣੀ ਪਈ ਹੈ ਕਿ ਮੇਰਾ ਦਿਲ ਹੁਲਾਰੇ ਲੈ ਰਿਹਾ ਹੈ ।
(ਜਦੋਂ ਦਾ) ਸੋਹਣਾ ਪਿਆਰਾ ਟਾਕੁਰ ਗੋਪਾਲ ਮੈਨੂੰ ਮਿਲਿਆ ਹੈ, ਮੇਰੀਆਂ ਸਹੇਲੀਆਂ ਨੇ (ਮੇਰੇ ਗਿਆਨ-ਇੰਦਿ੍ਰਆਂ ਨੇ) ਖ਼ੁਸ਼ੀ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ, ਮੇਰੇ ਇਹਨਾਂ ਮਿੱਤਰਾਂ ਸਨਬੰਧੀਆਂ ਨੂੰ (ਮੇਰੇ ਗਿਆਨ-ਇੰਦਿ੍ਰਆਂ ਨੂੰ) ਚਾਉ ਚੜਿ੍ਹਆ ਰਹਿੰਦਾ ਹੈ, ਤੇ (ਮੇਰੇ ਅੰਦਰੋਂ) ਕਾਮਾਦਿਕ ਵੈਰੀਆਂ ਦਾ ਨਾਮ-ਨਿਸ਼ਾਨ ਮਿਟ ਗਿਆ ਹੈ, ਮੈਂ ਪ੍ਰਭੂ-ਪਤੀ ਨਾਲ ਸੇਜ ਵਿਛਾ ਲਈ ਹੈ, (ਮੈਂ ਆਪਣੇ ਹਿਰਦੇ ਨੂੰ ਪ੍ਰਭੂ ਦੀ ਯਾਦ ਵਿਚ ਜੋੜ ਦਿੱਤਾ ਹੈ), ਹੁਣ ਮੇਰੇ ਹਿਰਦੇ ਵਿਚ ਬਿਨਾ ਵਜਾਏ ਵਾਜੇ ਵੱਜ ਰਹੇ ਹਨ (ਮੇਰੇ ਹਿਰਦੇ ਵਿਚ ਲਗਾਤਾਰ ਉਹ ਹੁਲਾਰਾ ਬਣਿਆ ਰਹਿੰਦਾ ਹੈ ਜੋ ਵੱਜਦੇ ਵਾਜਿਆਂ ਨੂੰ ਸੁਣ ਕੇ ਅਨੁਭਵ ਕਰੀਦਾ ਹੈ) ।
ਨਾਨਕ ਬੇਨਤੀ ਕਰਦਾ ਹੈ—ਜਿਸ ਜੀਵ-ਇਸਤ੍ਰੀ ਨੂੰ ਸਾਰੇ ਸੁਖਾਂ ਦਾ ਦਾਤਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ।੪।੧ ।
Follow us on Twitter Facebook Tumblr Reddit Instagram Youtube