ਗਉੜੀ ਮਹਲਾ ੩ ॥
ਗੁਰ ਕੀ ਸੇਵਾ ਕਰਿ ਪਿਰਾ ਜੀਉ ਹਰਿ ਨਾਮੁ ਧਿਆਏ ॥
ਮੰਞਹੁ ਦੂਰਿ ਨ ਜਾਹਿ ਪਿਰਾ ਜੀਉ ਘਰਿ ਬੈਠਿਆ ਹਰਿ ਪਾਏ ॥
ਘਰਿ ਬੈਠਿਆ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ ॥
ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੋ ਆਪਿ ਕਰਾਏ ॥
ਨਾਮੋ ਬੀਜੇ ਨਾਮੋ ਜੰਮੈ ਨਾਮੋ ਮੰਨਿ ਵਸਾਏ ॥
ਨਾਨਕ ਸਚਿ ਨਾਮਿ ਵਡਿਆਈ ਪੂਰਬਿ ਲਿਖਿਆ ਪਾਏ ॥੧॥

ਹਰਿ ਕਾ ਨਾਮੁ ਮੀਠਾ ਪਿਰਾ ਜੀਉ ਜਾ ਚਾਖਹਿ ਚਿਤੁ ਲਾਏ ॥
ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨ ਰਸ ਸਾਦ ਗਵਾਏ ॥
ਸਦਾ ਹਰਿ ਰਸੁ ਪਾਏ ਜਾ ਹਰਿ ਭਾਏ ਰਸਨਾ ਸਬਦਿ ਸੁਹਾਏ ॥
ਨਾਮੁ ਧਿਆਏ ਸਦਾ ਸੁਖੁ ਪਾਏ ਨਾਮਿ ਰਹੈ ਲਿਵ ਲਾਏ ॥
ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸਚਿ ਸਮਾਏ ॥
ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ ਲਵਾਏ ॥੨॥

ਏਹ ਵਿਡਾਣੀ ਚਾਕਰੀ ਪਿਰਾ ਜੀਉ ਧਨ ਛੋਡਿ ਪਰਦੇਸਿ ਸਿਧਾਏ ॥
ਦੂਜੈ ਕਿਨੈ ਸੁਖੁ ਨ ਪਾਇਓ ਪਿਰਾ ਜੀਉ ਬਿਖਿਆ ਲੋਭਿ ਲੁਭਾਏ ॥
ਬਿਖਿਆ ਲੋਭਿ ਲੁਭਾਏ ਭਰਮਿ ਭੁਲਾਏ ਓਹੁ ਕਿਉ ਕਰਿ ਸੁਖੁ ਪਾਏ ॥
ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ ॥
ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ ॥
ਨਾਨਕ ਮਾਇਆ ਕਾ ਦੁਖੁ ਤਦੇ ਚੂਕੈ ਜਾ ਗੁਰ ਸਬਦੀ ਚਿਤੁ ਲਾਏ ॥੩॥

ਮਨਮੁਖ ਮੁਗਧ ਗਾਵਾਰੁ ਪਿਰਾ ਜੀਉ ਸਬਦੁ ਮਨਿ ਨ ਵਸਾਏ ॥
ਮਾਇਆ ਕਾ ਭ੍ਰਮੁ ਅੰਧੁ ਪਿਰਾ ਜੀਉ ਹਰਿ ਮਾਰਗੁ ਕਿਉ ਪਾਏ ॥
ਕਿਉ ਮਾਰਗੁ ਪਾਏ ਬਿਨੁ ਸਤਿਗੁਰ ਭਾਏ ਮਨਮੁਖਿ ਆਪੁ ਗਣਾਏ ॥
ਹਰਿ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤੁ ਲਾਏ ॥
ਜਿਸ ਨੋ ਹਰਿ ਜੀਉ ਕਰੇ ਕਿਰਪਾ ਸਦਾ ਹਰਿ ਕੇ ਗੁਣ ਗਾਏ ॥
ਨਾਨਕ ਨਾਮੁ ਰਤਨੁ ਜਗਿ ਲਾਹਾ ਗੁਰਮੁਖਿ ਆਪਿ ਬੁਝਾਏ ॥੪॥੫॥੭॥

Sahib Singh
ਪਿਰਾ ਜੀਉ = ਹੇ ਪਿਆਰੇ ਜੀਵ !
    ਹੇ ਪਿਆਰੀ ਜਿੰਦੇ !
ਧਿਆਏ = ਧਿਆਇ, ਯਾਦ ਕਰ ।
ਮੰਞਹੁ = ਆਪਣੇ ਆਪ ਵਿਚੋਂ ।
ਘਰਿ = ਹਿਰਦੇ = ਘਰ ਵਿਚ ।
ਸਹਜੇ = ਆਤਮਕ ਅਡੋਲਤਾ ਵਿਚ, ਸਹਿਜ ।
ਸਤਿ ਸੁਭਾਏ = ਸਤਿ ਸੁਭਾਇ, ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ (ਟਿਕ ਕੇ) ।
ਖਰੀ = ਬਹੁਤ ।
ਸੁਖਾਲੀ = {ਸੁਖ = ਆਲਯ} ਸੁਖ ਦੇਣ ਵਾਲੀ ।
ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ} ।
ਨਾਮੋ = ਨਾਮ ਹੀ ।
ਮੰਨਿ = ਮਨਿ, ਮਨ ਵਿਚ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਨਾਮਿ = ਨਾਮ ਵਿਚ (ਜੁੜਿਆਂ) ।
ਪੂਰਬਿ = ਪਹਿਲੇ ਜਨਮ ਵਿਚ ।੧ ।
ਜਾ = ਜਦੋਂ ।
ਚਾਖਹਿ = ਤੂੰ ਚੱਖੇਂਗੀ ।
ਲਾਏ = ਲਾਇ, ਲਾ ਕੇ ।
ਰਸਨਾ ਮੁਯੇ = ਹੇ ਨਿਕਰਮਣ ਜੀਭ !
ਅਨ ਰਸ ਸਾਦ = ਹੋਰਨਾਂ ਰਸਾਂ ਦੇ ਸਵਾਦ ।
ਗਵਾਏ = ਗਵਾਇ, ਦੂਰ ਕਰ ।
ਹਰਿ ਭਾਏ = ਹਰੀ ਨੂੰ ਪਸੰਦ ਆਵੇ ।
ਸਬਦਿ = ਸ਼ਬਦ ਵਿਚ ।
ਨਾਮਿ = ਨਾਮ ਵਿਚ ।
ਲਿਵ ਲਾਏ = ਲਿਵ ਲਾਇ, ਲਗਨ ਲਾ ਕੇ ।
ਉਪਜੈ = (ਹਰਿ = ਰਸ) ਪੈਦਾ ਹੁੰਦਾ ਹੈ ।
ਬਿਨਸੇ = (ਅਨ ਰਸ ਸਾਦ) ਮੁੱਕ ਜਾਂਦਾ ਹੈ ।
ਲਏ ਲਵਾਏ = ਲਵਾਇ ਲਏ, ਨਾਮ ਦੀ ਲਗਨ ਪੈਦਾ ਕਰਦਾ ਹੈ ।੨ ।
ਵਿਡਾਣੀ = ਬਿਗਾਨੀ, ਆਪਣੇ ਅਸਲ ਸਾਥੀ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ।
ਚਾਕਰੀ = ਨੌਕਰੀ, ਖ਼ੁਸ਼ਾਮਦ ।
ਧਨ = ਇਸਤ੍ਰੀ, ਜੀਵ = ਇਸਤ੍ਰੀ ।
ਛੋਡਿ = ਛੱਡ ਕੇ, (ਘਰ) ਛੱਡ ਕੇ (ਅੰਦਰਲਾ ਟਿਕਾਉ) ਛੱਡ ਕੇ ।
ਪਰਦੇਸਿ = ਪਰਾਏ ਦੇਸ ਵਿਚ, (ਆਤਮਕ ਟਿਕਾਣਾ ਛੱਡ ਕੇ) ਥਾਂ ਥਾਂ ।
ਦੂਜੈ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ ।
ਬਿਖਿਆ = ਮਾਇਆ ।
ਲੁਭਾਏ = ਫਸਦਾ ਹੈ ।
ਭਰਮਿ = ਭਟਕਣਾ ਵਿਚ ।
ਭੁਲਾਏ = ਕੁਰਾਹੇ ਪੈ ਜਾਂਦਾ ਹੈ ।
ਦੁਖਾਲੀ = ਦੁਖ ਦਾ ਘਰ, ਦੁਖ ਦੇਣ ਵਾਲੀ ।
ਆਪੁ = ਆਪਣਾ ਆਪ, ਆਪਣਾ ਆਤਮਕ ਜੀਵਨ ।
ਬੰਧਨ = ਬੰਧਨਾਂ ਦੇ ਕਾਰਨ ।
ਚੂਕੈ = ਮੁੱਕਦਾ ।੩ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ।
ਮੁਗਧ = ਮੂਰਖ ।
ਗਾਵਾਰੁ = ਉਜੱਡ ।
ਮਨਿ = ਮਨ ਵਿਚ ।
ਭ੍ਰਮੁ = ਚੱਕਰ, ਭਟਕਣ ।
ਅੰਧੁ = ਅੰਨ੍ਹਾ ।
ਮਾਰਗੁ = ਰਸਤਾ ।
ਆਪੁ = ਆਪਣੇ ਆਪ ਨੂੰ ।
ਗਣਾਏ = ਵੱਡਾ ਜ਼ਾਹਰ ਕਰਦਾ ਹੈ ।
ਚਾਕਰ = ਸੇਵਕ ।
ਸੁਹੇਲੇ = ਸੁਖੀ ।
ਲਾਏ = ਲਾਇ, ਲਾ ਕੇ ।
ਜਿਸ ਨੋ = ਜਿਸ ਉਤੇ ।
ਜਗਿ = ਜਗਤ ਵਿਚ ।
ਲਾਹਾ = ਲਾਭ ।
ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪਾ ਕੇ ।
ਆਪਿ = (ਪਰਮਾਤਮਾ) ਆਪ ।੪ ।
    
Sahib Singh
ਹੇ ਪਿਆਰੀ ਜਿੰਦੇ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ, ਅਤੇ) ਪਰਮਾਤਮਾ ਦਾ ਨਾਮ ਸਿਮਰ, (ਇਸ ਤ੍ਰਹਾਂ) ਤੂੰ ਆਪਣੇ ਆਪ ਵਿਚੋਂ ਦੂਰ ਨਹੀਂ ਜਾਹਿਂਗੀ (ਮਾਇਆ ਦੇ ਮੋਹ ਵਿਚ ਭਟਕਣ ਤੋਂ ਬਚ ਜਾਹਿਂਗੀ) ।
(ਹੇ ਜਿੰਦੇ!) ਹਿਰਦੇ-ਘਰ ਵਿਚ ਟਿਕੇ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ ।
ਜੇਹੜਾ ਜੀਵ ਆਤਮਕ ਅਡੋਲਤਾ ਵਿਚ ਟਿਕ ਕੇ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ਸਦਾ (ਪ੍ਰਭੂ-ਚਰਨਾਂ ਵਿਚ) ਚਿੱਤ ਜੋੜਦਾ ਹੈ, ਉਹ ਹਿਰਦੇ-ਘਰ ਵਿਚ ਟਿਕਿਆ ਰਹਿ ਕੇ ਪਰਮਾਤਮਾ ਨੂੰ ਲੱਭ ਲੈਂਦਾ ਹੈ ।
(ਸੋ, ਹੇ ਜਿੰਦੇ!) ਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਪਰ ਇਹ ਸੇਵਾ ਉਹੀ ਮਨੁੱਖ ਕਰਦਾ ਹੈ) ਜਿਸ ਪਾਸੋਂ ਪਰਮਾਤਮਾ ਆਪ ਕਰਾਏ (ਜਿਸ ਨੂੰ ਆਪ ਪ੍ਰੇਰਨਾ ਕਰੇ) ।
(ਉਹ ਮਨੁੱਖ ਫਿਰ ਆਪਣੇ ਹਿਰਦੇ-ਖੇਤ ਵਿਚ) ਪਰਮਾਤਮਾ ਦਾ ਨਾਮ ਹੀ ਬੀਜਦਾ ਹੈ (ਉਥੇ) ਨਾਮ ਹੀ ਉੱਗਦਾ ਹੈ, ਉਹ ਮਨੁੱਖ ਆਪਣੇ ਮਨ ਵਿਚ ਸਦਾ ਨਾਮ ਹੀ ਵਸਾਈ ਰੱਖਦਾ ਹੈ ।
ਹੇ ਨਾਨਕ! ਸਦਾ-ਥਿਰ ਪ੍ਰਭੂ ਵਿਚ ਜੁੜ ਕੇ, ਪ੍ਰਭੂ-ਨਾਮ ਵਿਚ ਟਿਕ ਕੇ (ਮਨੁੱਖ ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ, (ਨਾਮ ਸਿਮਰਨ ਦੀ ਬਰਕਤਿ ਨਾਲ) ਪਹਿਲੇ ਜਨਮ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਨੁੱਖ ਦੇ ਅੰਦਰ ਉੱਘੜ ਪੈਂਦਾ ਹੈ ।੧ ।
ਹੇ ਪਿਆਰੀ ਜਿੰਦੇ! ਪਰਮਾਤਮਾ ਦਾ ਨਾਮ ਮਿੱਠਾ ਹੈ (ਪਰ ਇਹ ਤੈਨੂੰ ਤਦੋਂ ਹੀ ਸਮਝ ਆਵੇਗੀ) ਜਦੋਂ ਤੂੰ ਚਿੱਤ ਜੋੜ ਕੇ (ਇਹ ਨਾਮ-ਰਸ) ਚੱਖੇਂਗੀ ।
ਹੇ ਮੇਰੀ ਨਿਕਰਮਣ ਜੀਭ! ਪਰਮਾਤਮਾ ਦੇ ਨਾਮ ਦਾ ਸੁਆਦ ਚੱਖ, ਤੇ ਹੋਰ ਹੋਰ ਰਸਾਂ ਦੇ ਸੁਆਦ ਛੱਡ ਦੇ ।
(ਪਰ ਜੀਭ ਦੇ ਭੀ ਕੀਹ ਵੱਸ?) ਜਦੋਂ ਪਰਮਾਤਮਾ ਨੂੰ ਚੰਗਾ ਲੱਗੇ, ਤਦੋਂਜੀਭ ਸਦਾ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦੀ ਹੈ, ਤੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੀ ਹੋ ਜਾਂਦੀ ਹੈ ।
(ਹੇ ਜਿੰਦੇ!) ਜੇਹੜਾ ਮਨੁੱਖ ਨਾਮ ਸਿਮਰਦਾ ਹੈ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰ (ਨਾਮ-ਰਸ ਦੀ ਤਾਂਘ) ਪੈਦਾ ਹੁੰਦੀ ਹੈ, ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ ਹੋਰ ਹੋਰ ਰਸਾਂ ਦੀ ਖਿੱਚ) ਦੂਰ ਹੋ ਜਾਂਦੀ ਹੈ, ਨਾਮ ਸਿਮਰਨ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ।
(ਪਰ) ਹੇ ਨਾਨਕ! ਪਰਮਾਤਮਾ ਦਾ ਨਾਮ ਗੁਰੂ ਦੀ ਮਤਿ ਉਤੇ ਤੁਰਿਆਂ ਮਿਲਦਾ ਹੈ, ਪਰਮਾਤਮਾ ਆਪ ਹੀ ਆਪਣੇ ਨਾਮ ਦੀ ਲਗਨ ਪੈਦਾ ਕਰਦਾ ਹੈ ।੨ ।
ਹੇ ਪਿਆਰੀ ਜਿੰਦੇ! (ਜਿਵੇਂ ਇਹ ਬਿਗਾਨੀ ਨੌਕਰੀ ਬੜੀ ਦੁਖਦਾਈ ਹੁੰਦੀ ਹੈ ਕਿ ਮਨੁੱਖ ਆਪਣੀ ਇਸਤ੍ਰੀ ਨੂੰ ਘਰ ਛੱਡ ਕੇ ਪਰਦੇਸ ਵਿਚ ਚਲਾ ਜਾਂਦਾ ਹੈ, ਤਿਵੇ ਪਰਮਾਤਮਾ ਨੂੰ ਵਿਸਾਰ ਕੇ) ਹੋਰ ਹੋਰ ਖ਼ੁਸ਼ਾਮਦ (ਬੜੀ ਦੁਖਦਾਈ ਹੈ ਕਿਉਂਕਿ) ਜੀਵ-ਇਸਤ੍ਰੀ (ਆਪਣਾ ਅੰਦਰਲਾ ਆਤਮਕ ਟਿਕਾਣਾ) ਛੱਡ ਕੇ ਥਾਂ ਥਾਂ ਬਾਹਰ ਭਟਕਦੀ ਫਿਰਦੀ ਹੈ ।
ਹੇ ਪਿਆਰੀ ਜਿੰਦੇ! ਮਾਇਆ ਦੇ ਮੋਹ ਵਿਚ ਫਸ ਕੇ ਕਿਸੇ ਨੇ ਕਦੇ ਸੁਖ ਨਹੀਂ ਪਾਇਆ, ਮਨੁੱਖ ਮਾਇਆ ਦੇਲੋਭ ਵਿਚ ਫਸ ਜਾਂਦਾ ਹੈ ।
(ਜਦੋਂ ਮਨੁੱਖ) ਮਾਇਆ ਦੇ ਲੋਭ ਵਿਚ ਫਸਦਾ ਹੈ (ਤਦੋਂ ਮਾਇਆ ਦੀ ਖ਼ਾਤਰ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ (ਉਸ ਹਾਲਤ ਵਿਚ ਇਹ) ਸੁਖ ਕਿਵੇਂ ਪਾ ਸਕਦਾ ਹੈ ?
(ਹੇ ਜਿੰਦੇ! ਮਾਇਆ ਦੀ ਖ਼ਾਤਰ ਇਹ ਧਿਰ ਧਿਰ ਦੀ ਖ਼ੁਸ਼ਾਮਦ ਬਹੁਤ ਦੁਖਦਾਈ ਹੈ, ਮਨੁੱਖ ਆਪਣਾ ਆਤਮਕ ਜੀਵਨ (ਮਾਇਆ ਦੇ ਵੱਟੇ) ਵੇਚ ਕੇ ਆਪਣਾ ਕਰਤੱਬ ਛੱਡ ਬੈਠਦਾ ਹੈ ।
ਮਾਇਆ ਦੇ (ਮੋਹ ਦੇ) ਬੰਧਨਾਂ ਦੇ ਕਾਰਨ ਮਨੁੱਖ ਦਾ ਮਨ (ਇੱਕ ਥਾਂ) ਟਿਕਦਾ ਨਹੀਂ, (ਹਰੇਕ ਕਿਸਮ ਦਾ) ਦੁੱਖ ਇਸ ਨੂੰ ਹਰ ਵੇਲੇ ਕਲੇਸ਼ ਦੇਂਦਾ ਹੈ ।
ਹੇ ਨਾਨਕ! ਮਾਇਆ ਦੇ ਮੋਹ ਤੋਂ ਪੈਦਾ ਹੋਇਆ ਦੁੱਖ ਤਦੋਂ ਹੀ ਮੁੱਕਦਾ ਹੈ ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿਚ ਆਪਣਾ ਚਿੱਤ ਜੋੜਦਾ ਹੈ ।੩ ।
ਹੇ ਪਿਆਰੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੂਰਖ ਤੇ ਉਜੱਡ ਹੀ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਨਹੀਂ ਵਸਾਂਦਾ ।
ਹੇ ਜਿੰਦੇ! ਮਾਇਆ (ਦੇ ਮੋਹ) ਦਾ ਚੱਕਰ ਉਸ ਨੂੰ (ਸਹੀ ਜੀਵਨ-ਰਾਹ ਵਲੋਂ) ਅੰਨ੍ਹਾ ਕਰ ਦੇਂਦਾ ਹੈ (ਇਸ ਵਾਸਤੇ ਉਹ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਲੱਭ ਨਹੀਂ ਸਕਦਾ ।
ਗੁਰੂ ਦੀ ਮਰਜ਼ੀ ਅਨੁਸਾਰ ਤੁਰਨ ਤੋਂ ਬਿਨਾ ਮਨੁੱਖ ਹਰੀ ਦੇ ਮਿਲਾਪ ਦਾ ਰਸਤਾ ਲੱਭ ਨਹੀਂ ਸਕਦਾ (ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਆਪ ਨੂੰ ਵੱਡਾ ਪਰਗਟ ਕਰਦਾ ਹੈ (ਤੇ ਉਸ ਦੇ ਅੰਦਰ ਸੇਵਕ ਵਾਲੀ ਨਿਮ੍ਰਤਾ ਆ ਨਹੀਂ ਸਕਦੀ) ।
(ਦੂਜੇ ਪਾਸੇ,) ਪਰਮਾਤਮਾ ਦੇ ਸੇਵਕ-ਭਗਤ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਸਦਾ ਸੁੱਖੀ ਰਹਿੰਦੇ ਹਨ ।
(ਪਰ, ਹੇ ਜਿੰਦੇ! ਕਿਸੇ ਦੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆ ਕਰਦਾ ਹੈ, ਉਹੀ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ ।
ਹੇ ਨਾਨਕ! ਪਰਮਾਤਮਾ ਦਾ ਨਾਮ ਹੀ ਜਗਤ ਵਿਚ (ਅਸਲ) ਖੱਟੀ ਹੈ, ਇਸ ਗੱਲ ਦੀ ਸੂਝ ਪਰਮਾਤਮਾ ਆਪ ਹੀ (ਮਨੁੱਖ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ ।੪।੫ ।
Follow us on Twitter Facebook Tumblr Reddit Instagram Youtube