ਗਉੜੀ ਮਹਲਾ ੩ ॥
ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥
ਪਿਰ ਬਿਨੁ ਨੀਦ ਨ ਆਵੈ ਜੀਉ ਕਾਪੜੁ ਤਨਿ ਨ ਸੁਹਾਈ ॥
ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥
ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥
ਗੁਰ ਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥
ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥੧॥

ਸਾ ਧਨ ਰੰਗੁ ਮਾਣੇ ਜੀਉ ਆਪਣੇ ਨਾਲਿ ਪਿਆਰੇ ॥
ਅਹਿਨਿਸਿ ਰੰਗਿ ਰਾਤੀ ਜੀਉ ਗੁਰ ਸਬਦੁ ਵੀਚਾਰੇ ॥
ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥
ਸਾ ਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ ਪਿਆਰੇ ॥
ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ ॥
ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥੨॥

ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥
ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ ॥
ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥
ਗੁਰ ਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥
ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥
ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ॥੩॥

ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥
ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥
ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ ॥
ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥
ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥
ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥

Sahib Singh
ਖਰੀ = ਬਹੁਤ ।
ਨਿਮਾਣੀ = ਗਰੀਬ ।
ਕਿਉ ਜੀਵਾ = ਕਿਵੇਂ ਮੈਂ ਜੀਊ ਸਕਦੀ ਹਾਂ ?
    ਮੇਰੇ ਅੰਦਰ ਆਤਮਕ ਜੀਵਨ ਨਹੀਂ ਆ ਸਕਦਾ ।
ਮਾਈ = ਹੇ ਮਾਂ !
ਨੀਦ = ਸੁੱਖ ਦੀ ਨੀਂਦ, ਸ਼ਾਂਤੀ ।
ਕਾਪੜੁ = ਕੱਪੜਾ ।
ਤਨਿ = ਸਰੀਰ ਉੱਤੇ ।
ਕਾਪਰੁ = ਕੱਪੜਾ ।
ਜਾ = ਜਦੋਂ ।
ਪਿਰ ਭਾਵੈ = ਪਿਰ ਨੂੰ ਪਸੰਦ ਆਉਂਦੀ ਹੈ ।
ਅੰਕਿ = ਅੰਕ ਵਿਚ, ਗੋਦ ਵਿਚ ।
ਸਬਦੈ = ਸ਼ਬਦ ਦੀ ਰਾਹੀਂ ।
ਰਾਵੀ = ਮਿਲ ਸਕਦੀ ਹਾਂ ।
ਲਾਹਾ = ਲਾਭ ।
ਸੰਸਾਰੇ = ਜਗਤ ਵਿਚ ।
ਕਾਮਣਿ = ਜੀਵ = ਇਸਤ੍ਰੀ ।
ਨਾਹ = ਖਸਮ ।
ਸਾਰੇ = ਸੰਭਾਲਦੀ ਹੈ ।੧ ।
ਸਾਧਨ = ਜੀਵ = ਇਸਤ੍ਰੀ ।
ਅਹਿ = ਦਿਨ ।
ਨਿਸਿ = ਰਾਤ ।
ਵੀਚਾਰੇ = ਵਿਚਾਰਦੀ ਹੈ, ਸੋਚ-ਮੰਡਲ ਵਿਚ ਟਿਕਾਂਦੀ ਹੈ ।
ਇਨ ਬਿਧਿ = ਇਸ ਤਰੀਕੇ ਨਾਲ ।
ਸੋਹਾਗਣਿ = ਚੰਗੇ ਭਾਗਾਂ ਵਾਲੀ ।
ਰੰਗਿ = ਪ੍ਰੇਮ = ਰੰਗ ਵਿਚ ।
ਸਾਚੈ ਨਾਮਿ = ਸਦਾ = ਥਿਰ ਪ੍ਰਭੂ ਦੇ ਨਾਮ ਵਿਚ ।
ਗਹੀਐ = ਪ੍ਰਾਪਤ ਕਰ ਲਈਦਾ ਹੈ ।
ਦੁਬਿਧਾ = ਮੇਰ = ਤੇਰ ।
ਨਿਵਾਰੇ = ਦੂਰ ਕਰ ਲੈਂਦੀ ਹੈ ।
ਵਰੁ = ਖਸਮ ।
ਸਗਲੇ = ਸਾਰੇ ।੨ ।
ਪਿਰਹੁ = ਪਿਰ ਤੋਂ, ਖਸਮ ਤੋਂ ।
ਮੋਹਿ = ਮੋਹ ਵਿਚ ।
ਝੂਠਿ = ਝੂਠ ਵਿਚ, ਝੂਠੇ ਜਗਤ ਦੇ ਮੋਹ ਵਿਚ ।
ਮੁਠੀ = ਲੁੱਟੀ ਹੋਈ ।
ਕੂੜਿਆਰੇ = ਕੂੜੇ ਪਦਾਰਥਾਂ ਦੀ ਵਣਜਾਰਨ ।
ਸਾਰੇ = ਸੰਭਾਲਦੀ ਹੈ ।
ਜੂਐ = ਜੂਏ ਵਿਚ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਰਿਦੈ = ਹਿਰਦੇ ਵਿਚ ।
ਸਹਿਜ = ਆਤਮਕ ਅਡੋਲਤਾ ਵਿਚ ।
ਅਧਾਰੋ = ਆਸਰਾ ।੩ ।
ਮੈ = ਮੈਨੂੰ ।
ਨੈਣੀ = ਅੱਖਾਂ ਵਿਚ ।
ਭਾਵੈ = ਚੰਗਾ ਲੱਗਦਾ ।
ਹਾਵੈ = ਹਾਹੁਕੇ ਵਿਚ ।
ਕਰਉ = ਮੈਂ ਕਰਦੀ ਹਾਂ ।
ਘਰਿ = ਹਿਰਦੇ = ਘਰ ਵਿਚ ।
ਆਏ = ਆਇ, ਆ ਕੇ ।੪ ।
    
Sahib Singh
ਹੇ ਮੇਰੀ ਮਾਂ! ਪਤੀ-ਪ੍ਰਭੂ ਦੇ ਮਿਲਾਪ ਤੋਂ ਬਿਨਾ ਮੇਰੀ ਜਿੰਦ ਬਹੁਤ ਕੰਗਾਲ ਜਿਹੀ ਰਹਿੰਦੀ ਹੈ, ਪ੍ਰਭੂ-ਪਤੀ ਦੇ ਮੇਲ ਤੋਂ ਬਿਨਾ ਮੇਰੇ ਅੰਦਰ ਆਤਮਕ ਜੀਵਨ ਆ ਨਹੀਂ ਸਕਦਾ ।
(ਹੇ ਮਾਂ!) ਪ੍ਰਭੂ-ਪਤੀ ਤੋਂ ਬਿਨਾ ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ, ਮੈਨੂੰ ਆਪਣੇ ਸਰੀਰ ਉਤੇ ਕੋਈ ਕੱਪੜਾ ਨਹੀਂ ਸੁਖਾਂਦਾ ।
(ਹੇ ਮਾਂ!) ਕੱਪੜਾ ਸਰੀਰ ਉਤੇ ਤਦੋਂ ਹੀ ਸੁਖਾਂਦਾ ਹੈ, ਜਦੋਂ ਮੈਂ ਪ੍ਰਭੂ-ਪਤੀ ਨੂੰ ਭਾ ਜਾਵਾਂ ।
(ਪਰ, ਹੇ ਮਾਂ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪ੍ਰਭੂ ਵਿਚ ਚਿੱਤ ਜੁੜ ਸਕਦਾ ਹੈ ।
ਜਦੋਂ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈਂਦੀ ਹੈ, ਤਦੋਂ ਉਹ ਸਦਾ ਵਾਸਤੇ ਭਾਗਾਂ ਵਾਲੀ ਬਣ ਜਾਂਦੀ ਹੈ ।
(ਇਸ ਵਾਸਤੇ, ਹੇ ਮਾਂ!) ਗੁਰੂ ਦੀ ਗੋਦ ਵਿਚ ਹੀ ਟਿਕੇ ਰਹਿਣਾ ਚਾਹੀਦਾ ਹੈ ।
(ਹੇ ਮਾਂ!) ਜਦੋਂ ਗੁਰੂ ਦੇ ਸ਼ਬਦ ਵਿਚ (ਮੇਰਾ ਚਿੱਤ) ਜੁੜਦਾ ਹੈ, ਤਦੋਂ ਮੈਂ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹਾਂ ।
(ਹੇ ਮਾਂ!) ਪ੍ਰਭੂ ਦਾ ਨਾਮ ਹੀ ਜਗਤ ਵਿਚ (ਅਸਲ) ਖੱਟੀ ਹੈ ।
ਹੇ ਨਾਨਕ! ਜੀਵ-ਇਸਤ੍ਰੀ ਜਦੋਂ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦੀ ਹੈ, ਤਦੋਂ ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ।੧ ।
(ਹੇ ਮੇਰੀ ਮਾਂ!) ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦੀ ਹੈ, ਉਹ ਦਿਨ-ਰਾਤਿ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਆਪਣੇ ਪ੍ਰਭੂ-ਪਤੀ ਦੇ ਮਿਲਾਪ ਵਿਚ ਆਤਮਕ ਆਨੰਦ ਮਾਣਦੀ ਹੈ, (ਕਿਉਂਕਿ) ਜੇਹੜੀ ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਸਾਂਭਦੀ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ ।
(ਹੇ ਸਤਸੰਗੀ ਸਹੇਲੀਓ! ਤੁਸੀ ਭੀ) ਇਸ ਤ੍ਰਹਾਂ ਪ੍ਰਭੂ-ਪਿਆਰੇ ਨੂੰ ਮਿਲੋ ।
(ਹੇ ਮਾਂ!) ਉਹ ਜੀਵ-ਇਸਤ੍ਰੀ ਸਦਾ ਭਾਗਾਂ ਵਾਲੀ ਹੈ ਸਦਾ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਜੇਹੜੀ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪ੍ਰੇਮ ਕਰਦੀ ਹੈ ।
(ਹੇ ਸਹੇਲੀਹੋ!) ਆਪਣੇ ਗੁਰੂ ਨੂੰ ਮਿਲੇ ਰਹਿਣਾ ਚਾਹੀਦਾ ਹੈ (ਗੁਰੂ ਪਾਸੋਂ ਹੀ) ਆਤਮਕ ਜੀਵਨ ਦੇਣ ਵਾਲਾਨਾਮ-ਜਲ ਲੈ ਸਕੀਦਾ ਹੈ ।
(ਜਿਸ ਨੂੰ ਇਹ ਨਾਮ-ਜਲ ਮਿਲ ਜਾਂਦਾ ਹੈ ਉਹ ਆਪਣੇ ਅੰਦਰੋਂ) ਮੇਰ-ਤੇਰ ਨੂੰ ਮਾਰ ਮੁਕਾਂਦੀ ਹੈ ।
ਹੇ ਨਾਨਕ! ਉਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਨੇ ਸਾਰੇ ਦੁੱਖ ਭੁਲਾ ਲਏ ।੨ ।
(ਹੇ ਮਾਂ!) ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ (ਦੀ ਯਾਦ) ਤੋਂ ਖੁੰਝ ਜਾਂਦੀ ਹੈ, ਉਹ ਮਾਇਆ ਦੇ ਮੋਹ ਵਿਚ (ਫਸ ਕੇ ਹੋਰਨਾਂ ਪਦਾਰਥਾਂ ਨੂੰ) ਪਿਆਰ ਕਰਨ ਲੱਗ ਪੈਂਦੀ ਹੈ ।
ਉਹ ਝੂਠੇ ਤੇ ਕੂੜੇ ਪਦਾਰਥਾਂ ਦੀ ਵਣਜਾਰਨ ਝੂਠੇ ਮੋਹ ਵਿਚ ਲੱਗੀ ਰਹਿੰਦੀ ਹੈ, ਕੂੜੇ ਮੋਹ ਵਿਚ ਠੱਗੀ ਜਾਂਦੀ ਹੈ ।
ਪਰ ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਮਤਿ ਨੂੰ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ, ਉਹ ਕੂੜੇ ਮੋਹ ਨੂੰ (ਆਪਣੇ ਅੰਦਰੋਂ) ਦੂਰ ਕਰ ਲੈਂਦੀ ਹੈ, (ਤੇ ਇਸ ਤ੍ਰਹਾਂ) ਆਪਣਾ ਜਨਮ ਵਿਅਰਥ ਨਹੀਂ ਗਵਾਂਦੀ ।
ਉਹ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਸੰਭਾਲਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ ਤੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਮੁਕਾਂਦੀ ਹੈ, ਉਹ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲੈਂਦੀ ਹੈ—ਉਹ ਇਹੋ ਜਿਹਾ ਆਤਮਕ ਸਿੰਗਾਰ ਕਰਦੀ ਹੈ ।
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਜਿਸ ਜੀਵ-ਇਸਤ੍ਰੀ ਦਾ ਜੀਵਨ-ਆਸਰਾ ਹੈ, ਉਹ ਜੀਵ-ਇਸਤ੍ਰੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ।੩ ।
ਹੇ ਮੇਰੇ ਪ੍ਰੀਤਮ ਪ੍ਰਭੂ ਜੀ! ਮੈਨੂੰ ਮਿਲ, ਤੈਥੋਂ ਬਿਨਾ ਮੈਂ ਬੁਹਤ ਆਜਿਜ਼ ਹਾਂ ।
(ਹੇ ਪ੍ਰੀਤਮ ਜੀ!) ਤੈਥੋਂ ਬਿਨਾ ਮੇਰੀਆਂ ਅੱਖਾਂ ਵਿਚ ਨੀਂਦ ਨਹੀਂ ਆੳਂੁਦੀ, ਮੈਨੂੰ ਨਾਹ ਅੰਨ ਚੰਗਾ ਲੱਗਦਾ ਹੈ ਨਾਹ ਪਾਣੀ ।
(ਹੇ ਮਾਂ! ਪ੍ਰੀਤਮ-ਪ੍ਰਭੂ ਦੇ ਵਿਛੋੜੇ ਵਿਚ) ਅੰਨ ਪਾਣੀ ਚੰਗਾ ਨਹੀਂ ਲੱਗਦਾ, ਹਾਹੁਕਿਆਂ ਵਿਚ ਜਿੰਦ ਦੁੱਖੀ ਹੁੰਦੀ ਹੈ, ਪਤੀ-ਪ੍ਰਭੂ ਤੋਂ ਬਿਨਾ ਆਤਮਕ ਆਨੰਦ ਪ੍ਰਾਪਤ ਨਹੀਂ ਹੁੰਦਾ ।
(ਹੇ ਮਾਂ!) ਮੈਂ ਗੁਰੂ ਅੱਗੇ ਬੇਨਤੀ ਕਰਦੀ ਹਾਂ—ਹੇ ਗੁਰੂ! ਜੇ ਤੈਨੂੰ ਮੇਰੀ ਬੇਨਤੀ ਚੰਗੀ ਲੱਗੇ, ਤਾਂ ਜਿਵੇਂ ਹੋ ਸਕੇ ਮੈਨੂੰ (ਪ੍ਰੀਤਮ-ਪ੍ਰਭੂ) ਮਿਲਾ ।(ਹੇ ਮਾਂ!) ਸਾਰੇ ਸੁਖਾਂ ਦੇ ਦੇਣ ਵਾਲਾ ਪ੍ਰਭੂ-ਪ੍ਰੀਤਮ (ਜਿਸ ਨੂੰ ਮਿਲਾਂਦਾ ਹੈ) ਆਪ ਹੀ ਮਿਲਾ ਲੈਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਆਪ ਹੀ ਆ ਕੇ ਮਿਲ ਪੈਂਦਾ ਹੈ ।
ਹੇ ਨਾਨਕ! ਉਹ ਜੀਵ-ਇਸਤ੍ਰੀ ਸਦਾ ਲਈ ਭਾਗਾਂ ਵਾਲੀ ਹੋ ਜਾਂਦੀ ਹੈ ਕਿਉਂਕਿ ਉਸ ਦਾ (ਇਹ ਪ੍ਰਭੂ-) ਖਸਮ ਨਾਹ ਕਦੇ ਮਰਦਾ ਹੈ ਨਾਹ ਉਸ ਤੋਂ ਵਿੱਛੁੜਦਾ ਹੈ ।੪।੨ ।
Follow us on Twitter Facebook Tumblr Reddit Instagram Youtube