ਰਾਗੁ ਗਉੜੀ ਪੂਰਬੀ ਛੰਤ ਮਹਲਾ ੩
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ਸਾ ਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥
ਖਿਨੁ ਪਲੁ ਰਹਿ ਨ ਸਕੈ ਜੀਉ ਬਿਨੁ ਹਰਿ ਪਿਆਰੇ ॥
ਬਿਨੁ ਹਰਿ ਪਿਆਰੇ ਰਹਿ ਨ ਸਾਕੈ ਗੁਰ ਬਿਨੁ ਮਹਲੁ ਨ ਪਾਈਐ ॥
ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥
ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਨ ਕੋਈ ਬਿਨੁ ਸੇਵਿਐ ਸੁਖੁ ਨ ਪਾਏ ॥
ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ॥੧॥

ਧਨ ਰੈਣਿ ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ ॥
ਸਤਿਗੁਰੁ ਸੇਵੇ ਭਾਉ ਕਰੇ ਜੀਉ ਵਿਚਹੁ ਆਪੁ ਗਵਾਏ ॥
ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ ॥
ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥
ਹਰਿ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ॥
ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥੨॥

ਧਨ ਏਕਲੜੀ ਜੀਉ ਬਿਨੁ ਨਾਹ ਪਿਆਰੇ ॥
ਦੂਜੈ ਭਾਇ ਮੁਠੀ ਜੀਉ ਬਿਨੁ ਗੁਰ ਸਬਦ ਕਰਾਰੇ ॥
ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ ॥
ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ ॥
ਗੁਰ ਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ ॥
ਨਾਨਕ ਕਾਮਣਿ ਸਦਾ ਰੰਗਿ ਰਾਤੀ ਹਰਿ ਜੀਉ ਆਪਿ ਮਿਲਾਏ ॥੩॥

ਤਾ ਮਿਲੀਐ ਹਰਿ ਮੇਲੇ ਜੀਉ ਹਰਿ ਬਿਨੁ ਕਵਣੁ ਮਿਲਾਏ ॥
ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ ॥
ਗੁਰੁ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾ ਧਨ ਸੁਖੁ ਪਾਏ ॥
ਗੁਰ ਸੇਵਾ ਬਿਨੁ ਘੋਰ ਅੰਧਾਰੁ ਬਿਨੁ ਗੁਰ ਮਗੁ ਨ ਪਾਏ ॥
ਕਾਮਣਿ ਰੰਗਿ ਰਾਤੀ ਸਹਜੇ ਮਾਤੀ ਗੁਰ ਕੈ ਸਬਦਿ ਵੀਚਾਰੇ ॥
ਨਾਨਕ ਕਾਮਣਿ ਹਰਿ ਵਰੁ ਪਾਇਆ ਗੁਰ ਕੈ ਭਾਇ ਪਿਆਰੇ ॥੪॥੧॥

Sahib Singh
ਸਾਧਨ = ਜੀਵ = ਇਸਤ੍ਰੀ ।
ਬਿਨਉ = ਬੇਨਤੀ ।
ਸਾਰੇ = ਸੰਭਾਲਦੀ ਹੈ, ਚੇਤੇ ਕਰਦੀ ਹੈ ।
ਮਹਲੁ = ਪਰਮਾਤਮਾ ਦਾ ਟਿਕਾਣਾ ।
ਪਰੁ ਕੀਜੈ = ਚੰਗੀ ਤ੍ਰਹਾਂ ਕਰਨਾ ਚਾਹੀਦਾ ਹੈ ।
ਤਿਸਨਾ ਅਗਨਿ = ਤ੍ਰਿਸ਼ਨਾ ਦੀ ਅੱਗ ।
ਸਾਚਾ = ਸਦਾ = ਥਿਰ ਰਹਿਣ ਵਾਲਾ ।੧ ।
ਧਨ = ਜੀਵ = ਇਸਤ੍ਰੀ ।
ਰੈਣਿ = ਰਾਤ ।
ਸਿਉ = ਨਾਲ ।
ਭਾਉ = ਪ੍ਰੇਮ ।
ਕਰੇ = ਕਰਿ, ਕਰ ਕੇ ।
ਆਪੁ = ਆਪਾ = ਭਾਵ ।
ਅਨਦਿਨੁ = ਹਰ ਰੋਜ਼, ਹਰ ਵੇਲੇ ।
ਭਾਓ = ਭਾਉ, ਪਿਆਰ ।
ਜੀਅ ਕੀ ਮੇਲੀ = ਜਿੰਦ ਦਾ ਮੇਲ ਰੱਖਣ ਵਾਲੀ, ਦਿਲੀ ਪਿਆਰ ਵਾਲੀ ।
ਸਾਰੀ = ਸੰਭਾਲੇ ।
ਨਾਮੇ = ਨਾਮ ਵਿਚ ਹੀ ।
ਕਾਮਣਿ = ਇਸਤ੍ਰੀ ।
ਨਾਹ ਪਿਆਰੀ = ਖਸਮ ਦੀ ਪਿਆਰੀ ।
ਗਲਿ = ਗਲਿ ਵਿਚ ।੨ ।
ਭਾਇ = ਪਿਆਰ ਵਿਚ ।
ਮੁਠੀ = ਠੱਗੀ ਗਈ ।
ਕਰਾਰੇ = ਤਕੜੇ ।
ਦੁਤਰੁ = ਜਿਸ ਤੋਂ ਪਾਰ ਲੰਘਣਾ ਅੌਖਾ ਹੋਵੇ {ਦੁÔਤਰ} ।
ਮੋਹਿ = ਮੋਹ ਵਿਚ ।
ਖੁਆਈ = ਖੁੰਝੀ ਹੋਈ ।
ਕੂੜਿ = ਕੂੜ ਵਿਚ, ਝੂਠੇ ਮੋਹ ਵਿਚ ।
ਵਿਗੁਤੀ = ਖ਼ੁਆਰ ਹੋਈ ।
ਪਿਰਿ = ਪਿਰ ਨੇ, ਪਤੀ ਨੇ ।
ਮੁਤੀ = ਮੁੱਤੀ, ਛੱਡ ਦਿੱਤੀ ।
ਸਹਜੇ = ਆਤਮਕ ਅਡੋਲਤਾ ਵਿਚ ।
ਮਾਤੀ = ਮਸਤ ।੩ ।
ਭਰਮੁ = ਮਨ ਦੀ ਭਟਕਣਾ ।
ਚੁਕਾਏ = ਦੂਰ ਕਰੇ ।
ਮਾਏ = ਹੇ ਮਾਂ !
ਘੋਰ ਅੰਧਾਰੁ = ਘੁੱਪ ਹਨੇਰਾ ।
ਮਗੁ = ਰਸਤਾ ।
ਵਰੁ = ਖਸਮ ।
ਭਾਇ = ਪਿਆਰ ਵਿਚ ।੪ ।
    
Sahib Singh
(ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਦਰ ਤੇ) ਬੇਨਤੀ ਕਰਦੀ ਹੈ ਤੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ, ਪਿਆਰੇ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਉਹ ਇਕ ਖਿਨ ਭਰ ਇਕ ਪਲ ਭਰ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ ।ਪਿਆਰੇ ਪਰਮਾਤਮਾ ਦੇ ਦਰਸਨ ਤੋਂ ਬਿਨਾ ਉਹ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ ।
ਪਰ ਪਰਮਾਤਮਾ ਦਾ ਟਿਕਾਣਾ ਗੁਰੂ ਤੋਂ ਬਿਨਾ ਲੱਭ ਨਹੀਂ ਸਕਦਾ ।
ਜੇ ਜੋ ਗੁਰੂ ਸਿੱਖਿਆ ਦੇਂਦਾ ਹੈ ਉਸ ਨੂੰ ਚੰਗੀ ਤ੍ਰਹਾਂ ਕਮਾਇਆ ਜਾਏ ਤਾਂ, (ਮਨ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ।
ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਤੋਂ ਬਿਨਾ (ਜਗਤ ਵਿਚ) ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ, ਉਸ ਦੀ ਸਰਨ ਪੈਣ ਤੋਂ ਬਿਨਾ ਜੀਵ-ਇਸਤ੍ਰੀ ਸੁਖ ਨਹੀਂ ਮਾਣ ਸਕਦੀ ।
ਹੇ ਨਾਨਕ! ਉਹੀ ਜੀਵ-ਇਸਤ੍ਰੀ (ਗੁਰੂ ਦੀ) ਮਿਲਾਈ ਹੋਈ (ਪ੍ਰਭੂ-ਚਰਨਾਂ ਵਿਚ) ਮਿਲ ਸਕਦੀ ਹੈ ਜਿਸ ਨੂੰ ਪ੍ਰਭੂ ਆਪ ਮਿਹਰ (ਕਰ ਕੇ, ਆਪਣੇ ਚਰਨਾਂ ਵਿਚ) ਮਿਲਾ ਲਏ ।੧ ।
ਜੇਹੜੀ ਜੀਵ-ਇਸਤ੍ਰੀ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦੀ ਹੈ ਉਸ ਜੀਵ-ਇਸਤ੍ਰੀ ਦੀ (ਜ਼ਿੰਦਗੀ-ਰੂਪ) ਰਾਤ ਸੌਖੀ ਬੀਤਦੀ ਹੈ, ਉਹ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈਂਦੀ ਹੈ ਗੁਰੂ ਨਾਲ ਪ੍ਰੇਮ ਕਰਦੀ ਹੈ ਤੇ ਆਪਣੇ ਅੰਦਰੋਂ ਹਉਮੈ-ਅਹੰਕਾਰ ਦੂਰ ਕਰਦੀ ਹੈ ।
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦੀ ਹੈ ਤੇ ਪਰਮਾਤਮਾ ਦੇ ਗੁਣ ਸਦਾ ਗਾਂਦੀ ਰਹਿੰਦੀ ਹੈ, ਪ੍ਰਭੂ ਚਰਨਾਂ ਨਾਲ ਉਸ ਦਾ ਹਰ ਵੇਲੇ ਪਿਆਰ ਬਣਿਆ ਰਹਿੰਦਾ ਹੈ ।
ਮਿਲੇ ਦਿਲ ਵਾਲੀਆਂ (ਸਤ-ਸੰਗੀ) ਸਖੀਆਂ ਸਹੇਲੀਆਂ ਪਾਸੋਂ (ਗੁਰੂ ਦਾ ਸ਼ਬਦ) ਸੁਣ ਕੇ ਗੁਰੂ ਦੇ ਸ਼ਬਦ ਵਿਚ ਉਸ ਦੀ ਲੀਨਤਾ ਹੋਈ ਰਹਿੰਦੀ ਹੈ ।
ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦੀ ਹੈ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ ਉਹ ਪਰਮਾਤਮਾ-ਪਤੀ ਦੀ ਪਿਆਰੀ ਬਣ ਜਾਂਦੀ ਹੈ ।
ਹੇ ਨਾਨਕ! ਜਿਸ ਜੀਵ-ਇਸਤ੍ਰੀ ਦੇ ਗਲ ਵਿਚ ਪਰਮਾਤਮਾ ਦਾ ਨਾਮ-ਹਾਰ ਪਿਆ ਰਹਿੰਦਾ ਹੈ, ਉਹ ਜੀਵ-ਇਸਤ੍ਰੀ ਪਰਮਾਤਮਾ ਦੀ ਪਿਆਰੀ ਹੋ ਜਾਂਦੀ ਹੈ ।੨ ।
ਹੇ ਜੀਉ! ਜੇਹੜੀ ਜੀਵ-ਇਸਤ੍ਰੀ ਪਿਆਰੇ ਪਤੀ-ਪ੍ਰਭੂ ਤੋਂ ਬਿਨਾ ਇਕੱਲੀ (ਸੁੰਞਾ ਜੀਵਨ ਬਿਤੀਤ ਕਰ ਰਹੀ) ਹੈ, ਉਹ ਗੁਰੂ ਦੇ ਸਹਾਰਾ ਦੇਣ ਵਾਲੇ ਸ਼ਬਦ ਤੋਂ ਬਿਨਾ ਹੋਰ ਹੋਰ ਪਿਆਰ ਵਿਚ ਠੱਗੀ ਜਾ ਰਹੀ ਹੈ ।
ਗੁਰੂ ਦੇ ਸ਼ਬਦ ਤੋਂ ਬਿਨਾ ਹੋਰ ਕੋਈ ਨਹੀਂ ਜੋ ਉਸ ਨੂੰ ਦੁੱਤਰ (ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਸਕਦਾ ਹੈ, ਉਹ ਮਾਇਆ ਦੇ ਮੋਹ ਵਿਚ (ਫਸੀ) ਖ਼ੁਆਰ ਹੁੰਦੀ ਰਹਿੰਦੀ ਹੈ ।
ਜਦੋਂ ਜੀਵ-ਇਸਤ੍ਰੀ (ਮਾਇਆ ਦੇ) ਝੂਠੇ ਮੋਹ ਵਿਚ ਖ਼ੁਆਰ ਹੁੰਦੀ ਹੈ, ਤਦੋਂ (ਜਾਣੋ ਕਿ) ਖਸਮ-ਪ੍ਰਭੂ ਵਲੋਂ ਉਹ ਛੁੱਟੜ ਹੋਈ ਪਈ ਹੈ, ਉਹ ਜੀਵ-ਇਸਤ੍ਰੀ ਪਰਮਾਤਮਾ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀ ।
(ਪਰ) ਜੇਹੜੀ ਜੀੜ-ਇਸਤ੍ਰੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਹਰ ਵੇਲੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੀ ਹੈ ।
ਹੇ ਨਾਨਕ! ਉਹ ਜੀਵ-ਇਸਤ੍ਰੀ ਸਦਾ (ਪ੍ਰਭੂ-ਪਤੀ ਦੇ) ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਉਸ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਮਿਲਾਈ ਰੱਖਦਾ ਹੈ ।੩ ।
ਹੇ ਜੀਉ! (ਪ੍ਰਭੂ-ਚਰਨਾਂ ਵਿਚ) ਤਦੋਂ ਹੀ ਮਿਲ ਸਕੀਦਾ ਹੈ, ਜੇ ਪ੍ਰਭੂ ਆਪ ਹੀ ਮਿਲਾ ਲਏ ।
ਪਰਮਾਤਮਾ ਤੋਂ ਬਿਨਾ (ਉਸ ਦੇ ਚਰਨਾਂ ਵਿਚ) ਹੋਰ ਕੌਣ ਮਿਲਾ ਸਕਦਾ ਹੈ ?
(ਕਿਉਂਕਿ,) ਹੇ ਜੀਉ! ਆਪਣੇ ਪ੍ਰੀਤਮ ਗੁਰੂ ਤੋਂ ਬਿਨਾ ਹੋਰ ਕੋਈ (ਸਾਡੇ ਮਨ ਦੀ) ਭਟਕਣਾ ਨੂੰ ਦੂਰ ਨਹੀਂ ਕਰ ਸਕਦਾ ।
ਹੇ ਮਾਂ! ਜੇ ਗੁਰੂ (ਜੀਵ-ਇਸਤ੍ਰੀ ਦੇ ਮਨ ਦੀ) ਭਟਕਣਾ ਦੂਰ ਕਰ ਦੇਵੇ, ਤਾਂ ਇਸ ਤ੍ਰਹਾਂ (ਪ੍ਰਭੂ-ਚਰਨਾਂ ਵਿਚ) ਮਿਲ ਸਕੀਦਾ ਹੈ, ਤਦੋਂ ਹੀ ਜੀਵ-ਇਸਤ੍ਰੀ ਆਤਮਕ ਆਨੰਦ ਮਾਣਦੀ ਹੈ ।
ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ (ਜੀਵਨ ਦਾ ਸਹੀ) ਰਸਤਾ ਲੱਭ ਨਹੀਂ ਸਕਦਾ ।
ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪ੍ਰਭੂ-ਪਤੀ ਦੇ ਗੁਣਾਂ ਨੂੰ) ਆਪਣੇ ਸੋਚ-ਮੰਡਲ ਵਿਚ ਟਿਕਾਂਦੀ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਤੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ ।
ਗੁਰੂ ਦੇ ਪ੍ਰੇਮ ਵਿਚ ਗੁਰੂ ਦੇ ਪਿਆਰ ਵਿਚ ਟਿਕਣ ਕਰਕੇ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ।੪।੧ ।

ਨੋਟ: ਪਾਠਕ ਸੱਜਣ ਇਸ ਛੰਤ ਵਿਚ ਅਤੇ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਦੋ ਛੰਤਾਂ ਵਿਚ ਲਫ਼ਜ਼ਾਂ ਦੀ ਡੂੰਘੀ ਸਾਂਝ ਵੇਖਣ, ਜੋ ਸਬਬ ਨਾਲ ਹੀ ਨਹੀਂ ਹੋ ਗਈ ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ ।
ਵਨਗੀ-ਮਾਤ੍ਰ ਕੁਝ ਸਾਂਝੇ ਲਫ਼ਜ਼ ਹੇਠ ਦਿੱਤੇ ਜਾਂਦੇ ਹਨ: ਸਾਧਨ, ਨਾਨਕ ਸਾਧਨ ਮਿਲੈ ਮਿਲਾਈ, ਏਕਲੜੀ, ਨਾਹ ।
Follow us on Twitter Facebook Tumblr Reddit Instagram Youtube