ਮਹਲਾ ੫ ਗਉੜੀ ॥
ਹਰਿ ਹਰਿ ਗੁਰੁ ਗੁਰੁ ਕਰਤ ਭਰਮ ਗਏ ॥
ਮੇਰੈ ਮਨਿ ਸਭਿ ਸੁਖ ਪਾਇਓ ॥੧॥ ਰਹਾਉ ॥

ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ ॥੧॥

ਅਗਿਆਨ ਅੰਧੇਰਾ ਮਿਟਿ ਗਇਆ ਗੁਰ ਗਿਆਨੁ ਦੀਪਾਇਓ ॥੨॥

ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ ॥੩॥

ਨਾ ਹਮ ਕਰਮ ਨ ਧਰਮ ਸੁਚ ਪ੍ਰਭਿ ਗਹਿ ਭੁਜਾ ਆਪਾਇਓ ॥੪॥

ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ ॥੫॥

ਅਨਾਥਹ ਨਾਥ ਕ੍ਰਿਪਾਲ ਦੀਨ ਸੰਮ੍ਰਿਥ ਸੰਤ ਓਟਾਇਓ ॥੬॥

ਨਿਰਗੁਨੀਆਰੇ ਕੀ ਬੇਨਤੀ ਦੇਹੁ ਦਰਸੁ ਹਰਿ ਰਾਇਓ ॥੭॥

ਨਾਨਕ ਸਰਨਿ ਤੁਹਾਰੀ ਠਾਕੁਰ ਸੇਵਕੁ ਦੁਆਰੈ ਆਇਓ ॥੮॥੨॥੧੪॥

Sahib Singh
ਕਰਤੁ = ਕਰਦਿਆਂ, ਜਪਦਿਆਂ ।
ਭਰਮ = ਸਭ ਭਟਕਣਾਂ ।
ਮੇਰੈ ਮਨਿ = ਮੇਰੇ ਮਨ ਨੇ ।
ਸਭਿ = ਸਾਰੇ ।੧।ਰਹਾਉ ।
ਬਲਤੋ = ਬਲਦਾ ।
ਤਉਕਿਆ = ਛਿਣਕਿਆ ।
ਗੁਰ ਚੰਦਨੁ = ਗੁਰੂ ਦਾ ਸ਼ਬਦ-ਚੰਦਨ ।੧ ।
ਦੀਪਾਇਓ = ਜਗ ਪਿਆ, ਰੌਸ਼ਨ ਹੋ ਗਿਆ ।੨ ।
ਪਾਵਕੁ = ਅੱਗ ।
ਸਾਗਰੁ = ਸਮੁੰਦਰ ।
ਗਹਰੋ = ਡੂੰਘਾ ।
ਚਰਿ = ਚੜ੍ਹ ਕੇ ।
ਨਾਵ = ਬੇੜੀ ।੩ ।
ਸੁਚ = ਪਵਿਤ੍ਰਤਾ ।
ਪ੍ਰਭਿ = ਪ੍ਰਭੂ ਨੇ ।
ਗਹਿ = ਫੜ ਕੇ ।
ਭੁਜਾ = ਬਾਂਹ ।
ਆਪਾਇਓ = ਆਪਣਾ ਬਣਾ ਲਿਆ ।੪ ।
ਭਉ ਖੰਡਨੁ = ਡਰ ਨਾਸ ਕਰਨ ਵਾਲਾ ।
ਭਗਤਿ ਵਛਲ ਹਰਿ ਨਾਇਓ = ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਨਾਮ ।੫ ।
ਸੰਮਿ੍ਰਥ = ਸਭ ਤਾਕਤਾਂ ਦਾ ਮਾਲਕ ।
ਓਟਾਇਓ = ਆਸਰਾ ।੬ ।
ਹਰਿ ਰਾਇਓ = ਹੇ ਪ੍ਰਭੂ ਪਾਤਸ਼ਾਹ ।੭ ।
ਠਾਕੁਰ = ਹੇ ਠਾਕੁਰ ।੮ ।
    
Sahib Singh
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ, ਗੁਰੂ ਗੁਰੂ ਕਰਦਿਆਂ ਮੇਰੇ ਮਨ ਦੀਆਂ ਸਾਰੀਆਂ ਭਟਕਣਾਂ ਦੂਰ ਹੋ ਗਈਆਂ ਹਨ, ਤੇ ਮੇਰੇ ਮਨ ਨੇ ਸਾਰੇ ਹੀ ਸੁਖ ਪ੍ਰਾਪਤ ਕਰ ਲਏ ਹਨ ।੧।ਰਹਾਉ ।
(ਹੇ ਭਾਈ! ਮਨ ਵਿਕਾਰਾਂ ਵਿਚ) ਸੜ ਰਿਹਾ ਸੀ, ਬਲ ਰਿਹਾ ਸੀ, (ਜਦੋਂ) ਗੁਰੂ ਦਾ ਸ਼ਬਦ-ਚੰਦਨ (ਘਸਾ ਕੇ ਇਸ ਤੇ) ਛਿਣਕਿਆ ਤਾਂ ਇਹ ਮਨ ਠੰਢਾ-ਠਾਰ ਹੋ ਗਿਆ ।੧ ।
(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ (ਮਨ ਵਿਚ) ਰੌਸ਼ਨ ਹੋਇਆ ਤਾਂ (ਮਨ ਵਿਚੋਂ) ਅਗਿਆਨ ਦਾ ਹਨੇਰਾ ਦੂਰ ਹੋ ਗਿਆ ।੨ ।
(ਹੇ ਭਾਈ!) ਇਹ ਡੂੰਘਾ ਸੰਸਾਰ-ਸਮੁੰਦਰ (ਵਿਕਾਰਾਂ ਦੀ ਤਪਸ਼ ਨਾਲ) ਅੱਗ (ਹੀ ਅੱਗ ਬਣਿਆ ਪਿਆ ਸੀ) ਮੈਂ ਸਾਧ-ਸੰਗਤਿ-ਬੇੜੀ ਵਿਚ ਚੜ੍ਹ ਕੇ ਇਸ ਤੋਂ ਪਾਰ ਲੰਘ ਆਇਆ ਹਾਂ ।੩ ।
(ਹੇ ਭਾਈ!) ਮੇਰੇ ਪਾਸ ਨਾਹ ਕੋਈ ਕਰਮ ਨਾਹ ਧਰਮ ਨਾਹ ਪਵਿਤ੍ਰਤਾ (ਆਦਿਕ ਰਾਸਿ-ਪੂੰਜੀ) ਸੀ, ਪ੍ਰਭੂ ਨੇ ਮੇਰੀ ਬਾਂਹ ਫੜ ਕੇ (ਆਪ ਹੀ ਮੈਨੂੰ) ਆਪਣਾ (ਦਾਸ) ਬਣਾ ਲਿਆ ਹੈ ।੪ ।
(ਹੇ ਭਾਈ!) ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਉਹ ਨਾਮ ਜੋ ਹਰੇਕ ਕਿਸਮ ਦਾ ਡਰ ਤੇ ਦੁੱਖ ਨਾਸ ਕਰਨ ਦੇ ਸਮਰੱਥ ਹੈ (ਮੈਨੂੰ ਉਸ ਦੀ ਆਪਣੀ ਮਿਹਰ ਨਾਲ ਹੀ ਮਿਲ ਗਿਆ ਹੈ) ।੫ ।
ਹੇ ਅਨਾਥਾਂ ਦੇ ਨਾਥ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸੰਤਾਂ ਦੇ ਸਹਾਰੇ! ਹੇ ਪ੍ਰਭੂ ਪਾਤਿਸ਼ਾਹ! ਮੇਰੀਗੁਣ-ਹੀਨ ਦੀ ਬੇਨਤੀ ਸੁਣ, ਮੈਨੂੰ ਆਪਣਾ ਦਰਸਨ ਦੇਹ ।੬,੭ ।
ਹੇ ਨਾਨਕ! (ਅਰਦਾਸ ਕਰ, ਤੇ ਆਖ—) ਹੇ ਠਾਕੁਰ! ਮੈਂ ਤੇਰਾ ਸੇਵਕ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆਇਆ ਹਾਂ ।੮।੨।੧੪ ।
Follow us on Twitter Facebook Tumblr Reddit Instagram Youtube