ਗਉੜੀ ਮਹਲਾ ੫ ॥
ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ ॥
ਗੁਰਿ ਪੂਰੈ ਮੇਰੀ ਪੈਜ ਰਖਾਈ ॥੧॥

ਗੁਰ ਕੈ ਬਚਨਿ ਧਿਆਇਓ ਮੋਹਿ ਨਾਉ ॥
ਗੁਰ ਪਰਸਾਦਿ ਮੋਹਿ ਮਿਲਿਆ ਥਾਉ ॥੧॥ ਰਹਾਉ ॥

ਗੁਰ ਕੈ ਬਚਨਿ ਸੁਣਿ ਰਸਨ ਵਖਾਣੀ ॥
ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ॥੨॥

ਗੁਰ ਕੈ ਬਚਨਿ ਮਿਟਿਆ ਮੇਰਾ ਆਪੁ ॥
ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪੁ ॥੩॥

ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ ॥
ਗੁਰ ਕੈ ਬਚਨਿ ਪੇਖਿਓ ਸਭੁ ਬ੍ਰਹਮੁ ॥੪॥

ਗੁਰ ਕੈ ਬਚਨਿ ਕੀਨੋ ਰਾਜੁ ਜੋਗੁ ॥
ਗੁਰ ਕੈ ਸੰਗਿ ਤਰਿਆ ਸਭੁ ਲੋਗੁ ॥੫॥

ਗੁਰ ਕੈ ਬਚਨਿ ਮੇਰੇ ਕਾਰਜ ਸਿਧਿ ॥
ਗੁਰ ਕੈ ਬਚਨਿ ਪਾਇਆ ਨਾਉ ਨਿਧਿ ॥੬॥

ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ ॥
ਤਿਸ ਕੀ ਕਟੀਐ ਜਮ ਕੀ ਫਾਸਾ ॥੭॥

ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ ॥
ਨਾਨਕ ਗੁਰੁ ਭੇਟਿਆ ਪਾਰਬ੍ਰਹਮੁ ॥੮॥੮॥

Sahib Singh
ਬਚਨਿ = ਬਚਨ ਦੀ ਰਾਹੀਂ, ਉਪਦੇਸ਼ ਦੀ ਬਰਕਤਿ ਨਾਲ ।
ਮੋਹਿ = ਮੈਂ ।
ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ।
ਗੁਰਿ = ਗੁਰੂ ਨੇ ।
ਪੈਜ = ਲਾਜ ।੧ ।
ਮੋਹਿ ਮਿਲਿਆ = ਮੈਨੂੰ ਮਿਲਿਆ ।
ਥਾਉ = ਥਾਂ, ਟਿਕਾਣਾ ।੧।ਰਹਾਉ ।
ਸੁਣਿ = ਸੁਣ ਕੇ ।
ਰਸਨ = ਜੀਭ (ਨਾਲ) ।
ਵਖਾਣੀ = ਮੈਂ ਵਖਾਣਦਾ ਹਾਂ ।
ਅੰਮਿ੍ਰਤ ਬਾਣੀ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ।
ਮੇਰੀ = ਮੇਰੀ (ਰਾਸ = ਪੂੰਜੀ ਬਣ ਗਈ ਹੈ) ।੨ ।
ਆਪੁ = ਆਪਾ = ਭਾਵ, ਹਉਮੈ ।
ਤੇ = ਤੋਂ, ਨਾਲ ।੩ ।
ਭਰਮੁ = ਭਟਕਣਾ ।
ਪੇਖਿਓ = ਮੈਂ ਵੇਖ ਲਿਆ ਹੈ ।
ਸਭੁ = ਹਰ ਥਾਂ ।
ਬ੍ਰਹਮੁ = ਪਰਮਾਤਮਾ ।੪ ।
ਰਾਜੁ ਜੋਗੁ = ਰਾਜ ਭੀ ਤੇ ਜੋਗ ਭੀ, ਗਿ੍ਰਹਸਤ ਵਿਚ ਰਹਿੰਦਿਆਂ ਪਰਮਾਤਮਾ ਨਾਲ ਮਿਲਾਪ ।
ਲੋਗੁ = ਲੋਕ, ਜਗਤ ।੫ ।
ਸਿਧਿ = ਸਿੱਧੀ, ਸਫਲਤਾ, ਕਾਮਯਾਬੀ ।
ਨਿਧਿ = ਖ਼ਜ਼ਾਨਾ ।੬ ।
ਜਿਨਿ = ਜਿਸ ਨੇ ।
ਕੀਨੀ = ਕੀਤੀ, ਬਣਾਈ, ਧਾਰੀ ।
ਕਟੀਐ = ਕੱਟੀ ਜਾਂਦੀ ਹੈ ।੭ ।
ਕਰਮੁ = ਕਿਸਮਤਿ, ਭਾਗ ।
ਭੇਟਿਆ = ਮਿਲ ਪਿਆ ।੮ ।
    
Sahib Singh
(ਹੇ ਭਾਈ!) ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ, ਤੇ, ਗੁਰੂ ਦੀ ਕਿਰਪਾ ਨਾਲ ਮੈਨੂੰ (ਪਰਮਾਤਮਾ ਦੇ ਚਰਨਾਂ ਵਿਚ) ਥਾਂ ਮਿਲ ਗਿਆ ਹੈ (ਮੇਰਾ ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ) ।੧।ਰਹਾਉ ।
ਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ, (ਦੁਨੀਆ ਦੇਵਿਕਾਰਾਂ ਦੇ ਮੁਕਾਬਲੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ ।੧ ।
(ਹੇ ਭਾਈ!) ਗੁਰੂ ਦੇ ਉਪਦੇਸ਼ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਕੇ ਮੈਂ ਆਪਣੀ ਜੀਭ ਨਾਲ ਭੀ ਸਿਫ਼ਤਿ-ਸਾਲਾਹ ਉਚਾਰਦਾ ਰਹਿੰਦਾ ਹਾਂ, ਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਮੇਰੀ (ਰਾਸ-ਪੂੰਜੀ ਬਣ ਗਈ ਹੈ) ।੨ ।
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮੇਰਾ ਆਪਾ-ਭਾਵ ਮਿਟ ਗਿਆ ਹੈ, ਗੁਰੂ ਦੀ ਦਇਆ ਨਾਲ ਮੇਰਾ ਬੜਾ ਤੇਜ-ਪਰਤਾਪ ਬਣ ਗਿਆ ਹੈ (ਕਿ ਕੋਈ ਵਿਕਾਰ ਹੁਣ ਮੇਰੇ ਨੇੜੇ ਨਹੀਂ ਢੁੱਕਦਾ) ।੩ ।
ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ, ਤੇ ਹੁਣ ਮੈਂ ਹਰ-ਥਾਂ-ਵੱਸਦਾ ਪਰਮਾਤਮਾ ਵੇਖ ਲਿਆ ਹੈ ।੪ ।
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਗਿ੍ਰਹਸਤ ਵਿਚ ਰਹਿ ਕੇ ਹੀ ਮੈਂ ਪ੍ਰਭੂ-ਚਰਨਾਂ ਦਾ ਮਿਲਾਪ ਮਾਣ ਰਿਹਾ ਹਾਂ ।
(ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ।੫ ।
(ਹੇ ਭਾਈ!) ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਸਾਰੇ ਕੰਮਾਂ ਵਿਚ ਸਫਲਤਾ ਹੋ ਰਹੀ ਹੈ, ਗੁਰੂ ਦੇ ਉਪਦੇਸ਼ ਦੀ ਰਾਹੀਂ ਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ (ਜੋ ਮੇਰੇ ਵਾਸਤੇ ਸਭ ਕਾਮਯਾਬੀਆਂ ਦਾ) ਖ਼ਜ਼ਾਨਾ ਹੈ ।੬ ।
(ਹੇ ਭਾਈ!) ਜਿਸ ਜਿਸ ਮਨੁੱਖ ਨੇ ਮੇਰੇ ਗੁਰੂ ਦੀ ਆਸ (ਆਪਣੇ ਮਨ ਵਿਚ) ਧਾਰ ਲਈ ਹੈ, ਉਸ ਦੀ ਜਮ ਦੀ ਫਾਹੀ ਕੱਟੀ ਗਈ ਹੈ ।੭ ।
ਹੇ ਨਾਨਕ! (ਆਖ—) ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਕਿਸਮਤਿ ਜਾਗ ਪਈ ਹੈ, ਮੈਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਮਿਹਰ ਨਾਲ) ਮੈਨੂੰ ਪਰਮਾਤਮਾ ਮਿਲ ਪਿਆ ਹੈ ।੮।੮ ।
Follow us on Twitter Facebook Tumblr Reddit Instagram Youtube