ਗਉੜੀ ਮਹਲਾ ੫ ॥
ਹਰਿ ਸਿਉ ਜੁਰੈ ਤ ਸਭੁ ਕੋ ਮੀਤੁ ॥
ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥
ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹਾ ॥
ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥੧॥

ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥
ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ ॥

ਵਡੇ ਵਡੇ ਜੋ ਦੁਨੀਆਦਾਰ ॥
ਕਾਹੂ ਕਾਜਿ ਨਾਹੀ ਗਾਵਾਰ ॥
ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥
ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥

ਕੋਟਿ ਮਜਨ ਜਾ ਕੈ ਸੁਣਿ ਨਾਮ ॥
ਕੋਟਿ ਪੂਜਾ ਜਾ ਕੈ ਹੈ ਧਿਆਨ ॥
ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥
ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥

ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥
ਬਿਨਸਿ ਜਾਹਿ ਮਾਇਆ ਕੇ ਹੇਤ ॥
ਹਰਿ ਅਬਿਨਾਸੀ ਤੁਮਰੈ ਸੰਗਿ ॥
ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥

ਜਾ ਕੈ ਕਾਮਿ ਉਤਰੈ ਸਭ ਭੂਖ ॥
ਜਾ ਕੈ ਕਾਮਿ ਨ ਜੋਹਹਿ ਦੂਤ ॥
ਜਾ ਕੈ ਕਾਮਿ ਤੇਰਾ ਵਡ ਗਮਰੁ ॥
ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥

ਜਾ ਕੇ ਚਾਕਰ ਕਉ ਨਹੀ ਡਾਨ ॥
ਜਾ ਕੇ ਚਾਕਰ ਕਉ ਨਹੀ ਬਾਨ ॥
ਜਾ ਕੈ ਦਫਤਰਿ ਪੁਛੈ ਨ ਲੇਖਾ ॥
ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥

ਜਾ ਕੈ ਊਨ ਨਾਹੀ ਕਾਹੂ ਬਾਤ ॥
ਏਕਹਿ ਆਪਿ ਅਨੇਕਹਿ ਭਾਤਿ ॥
ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥
ਮਨ ਮੇਰੇ ਕਰਿ ਤਾ ਕੀ ਘਾਲ ॥੭॥

ਨਾ ਕੋ ਚਤੁਰੁ ਨਾਹੀ ਕੋ ਮੂੜਾ ॥
ਨਾ ਕੋ ਹੀਣੁ ਨਾਹੀ ਕੋ ਸੂਰਾ ॥
ਜਿਤੁ ਕੋ ਲਾਇਆ ਤਿਤ ਹੀ ਲਾਗਾ ॥
ਸੋ ਸੇਵਕੁ ਨਾਨਕ ਜਿਸੁ ਭਾਗਾ ॥੮॥੬॥

Sahib Singh
ਸਿਉ = ਨਾਲ ।
ਜੁਰੈ = ਜੁੜਦਾ ਹੈ, ਪਿਆਰ ਪੈਦਾ ਕਰਦਾ ਹੈ ।
ਸਭੁ ਕੋ = ਹਰੇਕ ਮਨੁੱਖ ।
ਤ = ਤਾਂ, ਤਦੋਂ ।
ਨਿਹਚਲੁ = (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ।
ਕਾੜ@ਾ = ਚਿੰਤਾ = ਫ਼ਿਕਰ, ਝੋਰਾ ।
ਵਿਆਪੈ = ਜ਼ੋਰ ਪਾ ਸਕਦਾ ।
ਨਿਸਤਾਰਾ = ਪਾਰ = ਉਤਾਰਾ ।੧ ।
ਜੋਰੁ = ਜੋੜ, ਪ੍ਰੀਤ ਬਣਾ ।
ਕਾਜਿ = ਕੰਮ ਵਿਚ ।
ਹੋਰੁ = ਕੋਈ ਹੋਰ ਉੱਦਮ ।੧।ਰਹਾਉ।ਦੁਨੀਆਦਾਰ—ਧਨਾਢ ।
ਕਾਹੂ ਕਾਜਿ = ਕਿਸੇ ਕੰਮ ਵਿਚ ।
ਗਾਵਾਰ = ਮੂਰਖ ।
ਨੀਚ ਕੁਲੁ = ਨੀਵੀਂ ਕੁਲ ਵਾਲਾ, ਨੀਵੀਂ ਕੁਲ ਵਿਚ ਜੰਮਿਆ ਹੋਇਆ ।
ਸੁਣਹਿ = ਲੋਕ ਸੁਣਦੇ ਹਨ ।
ਸੰਗਿ = ਸੰਗਤਿ ਵਿਚ ।
ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ ।੨ ।
ਕੋਟਿ = ਕ੍ਰੋੜਾਂ ।
ਮਜਨ = ਤੀਰਥ = ਇਸ਼ਨਾਨ ।
ਜਾ ਕੈ ਸੁਣਿ ਨਾਮ = ਜਿਸ ਦਾ ਨਾਮ ਸੁਣਨ ਵਿਚ ।
ਜਾ ਕੈ ਧਿਆਨ = ਜਿਸ ਦਾ ਧਿਆਨ ਧਰਨ ਵਿਚ ।
ਸੁਣਿ = ਸੁਣ ਕੇ ।
ਗੁਰ ਤੇ = ਗੁਰੂ ਪਾਸੋਂ ।
ਬਿਧਿ = (ਮਿਲਣ ਦਾ) ਤਰੀਕਾ ।
ਜਾਣੀ = ਜਾਣਿਆਂ ।੩ ।
ਫਿਰਿ ਫਿਰਿ = ਮੁੜ ਮੁੜ, ਸਦਾ ।
ਚੇਤ = ਯਾਦ ਕਰ ।
ਹੇਤ = ਮੋਹ ।
ਸੰਗਿ = ਨਾਲ ।
ਰਚੁ = ਜੁੜਿਆ ਰਹੁ ।
ਰੰਗਿ = ਪ੍ਰੇਮ ਵਿਚ ।੪ ।
ਜਾ ਕੈ ਕਾਮਿ = ਜਿਸ ਦੀ ਸੇਵਾ ਦੀ ਰਾਹੀਂ ।
ਨ ਜੋਹਹਿ = ਨਹੀਂ ਤੱਕਦੇ ।
ਗਮਰੁ = ਗ਼ਮਰ, ਤੇਜ = ਪ੍ਰਤਾਪ ।
ਅਮਰੁ = ਸਦੀਵੀ ਆਤਮਕ ਜੀਵਨ ਵਾਲਾ ।੫ ।
ਜਾ ਕੇ = ਜਿਸ ਦੇ {ਲਫ਼ਜ਼ ‘ਜਾ ਕੈ’ ਅਤੇ ‘ਜਾ ਕੇ’ ਦਾ ਫ਼ਰਕ ਗਹੁ ਨਾਲ ਵੇਖਣ-ਜੋਗ ਹੈ} ।
ਡਾਨ = ਡੰਨ, ਸਜ਼ਾ, ਦੁੱਖ = ਕਲੇਸ਼ ।
ਬਾਨ = {ਵਯÔਨ} ਐਬ ।
ਜਾ ਕੈ ਦਫਤਰਿ = ਜਿਸ ਦੇ ਦਫ਼ਤਰ ਵਿਚ ।
ਚਾਕਰੀ = ਸੇਵਾ ।
ਬਿਸੇਖਾ = ਉਚੇਚੀ ।੬ ।
ਜਾ ਕੈ = ਜਿਸ ਦੇ ਘਰ ਵਿਚ ।
ਊਨ = ਘਾਟ, ਕਮੀ ।
ਅਨੇਕਹਿ ਭਾਤਿ = ਅਨੇਕਾਂ ਤਰੀਕਿਆਂ ਨਾਲ ।
ਨਿਹਾਲ = ਖ਼ੁਸ਼, ਪ੍ਰਸੰਨ, ਸੌਖਾ ।
ਦਿ੍ਰਸ਼ਟਿ = ਨਜ਼ਰ, ਨਿਗਾਹ ।
ਘਾਲ = ਸੇਵਾ ।੭ ।
ਚਤੁਰੁ = ਚਾਲਾਕ, ਸਿਆਣਾ ।
ਮੂੜਾ = ਮੂਰਖ ।
ਕੋ = ਕੋਈ ਮਨੁੱਖ ।
ਹੋਣੁ = ਕਮਜ਼ੋਰ ।
ਸੂਰਾ = ਸੂਰਮਾ ।
ਜਿਤੁ = ਜਿਸ (ਕੰਮ) ਵਿਚ ।
ਤਿਤ ਹੀ = {ਲਫ਼ਜ਼ ‘ਤਿਤੁ’ ਦਾ ੁ ਕਿ੍ਰਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਿਆ ਹੈ} ਉਸ ਵਿਚ ਹੀ ।੮ ।
    
Sahib Singh
ਹੇ ਮੇਰੇ ਮਨ! ਤੂੰ ਆਪਣੀ ਪ੍ਰੀਤਿ ਪਰਮਾਤਮਾ ਨਾਲ ਬਣਾ ।
(ਪਰਮਾਤਮਾ ਨਾਲ ਪ੍ਰੀਤਿ ਬਣਾਣ ਤੋਂ ਬਿਨਾ) ਕੋਈ ਹੋਰ ਉੱਦਮ ਤੇਰੇ ਕਿਸੇ ਕੰਮ ਨਹੀਂ ਆਵੇਗਾ ।੧।ਰਹਾਉ ।
(ਹੇ ਭਾਈ!) ਜਦੋਂ ਮਨੁੱਖ ਪਰਮਾਤਮਾ ਨਾਲ ਪਿਆਰ ਪੈਦਾ ਕਰਦਾ ਹੈ, ਤਾਂ ਉਸ ਨੂੰ ਹਰੇਕ ਮਨੁੱਖ ਆਪਣਾ ਮਿੱਤਰ ਦਿੱਸਦਾ ਹੈ, ਤਦੋਂ ਉਸ ਦਾ ਚਿੱਤ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ ਸਦਾ) ਅਡੋਲ ਰਹਿੰਦਾ ਹੈ, ਕੋਈ ਚਿੰਤਾ-ਫ਼ਿਕਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ, (ਇਸ ਸੰਸਾਰ-ਸਮੁੰਦਰ ਵਿਚੋਂ) ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ ।੧ ।
(ਹੇ ਭਾਈ! ਜਗਤ ਵਿਚ) ਜੇਹੜੇ ਜੇਹੜੇ ਵੱਡੇ ਵੱਡੇ ਜਾਇਦਾਦਾਂ ਵਾਲੇ ਹਨ, ਉਹਨਾਂ ਮੂਰਖਾਂ ਦੀ (ਕੋਈ ਜਾਇਦਾਦ ਆਤਮਕ ਜੀਵਨ ਦੇ ਰਸਤੇ ਵਿਚ) ਉਹਨਾਂ ਦੇ ਕੰਮ ਨਹੀਂ ਆਉਂਦੀ ।
(ਦੂਜੇ ਪਾਸੇ) ਪਰਮਾਤਮਾ ਦਾ ਭਗਤ ਨੀਵੀਂ ਕੁਲ ਵਿਚ ਭੀ ਜੰਮਿਆ ਹੋਇਆ ਹੋਵੇ, ਤਾਂ ਭੀ ਲੋਕ ਉਸ ਦੀ ਸਿੱਖਿਆ ਸੁਣਦੇ ਹਨ, ਤੇ ਉਸ ਦੀ ਸੰਗਤਿ ਵਿਚ ਰਹਿ ਕੇ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਰਾਂ ਵਿਚੋਂ) ਇਕ ਪਲ ਵਿਚ ਬਚ ਨਿਕਲਦੇ ਹਨ ।੨ ।
(ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸੁਣਨ ਵਿਚ ਕ੍ਰੋੜਾਂ ਤੀਰਥ-ਇਸ਼ਨਾਨ ਆ ਜਾਂਦੇ ਹਨ, ਜਿਸ ਪਰਮਾਤਮਾ ਦਾ ਧਿਆਨ ਧਰਨ ਵਿਚ ਕ੍ਰੋੜਾਂ ਦੇਵ-ਪੂਜਾ ਆ ਜਾਂਦੀਆਂ ਹਨ, ਜਿਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਨ ਵਿਚ ਕ੍ਰੋੜਾਂ ਪੁੰਨ ਹੋ ਜਾਂਦੇ ਹਨ, ਗੁਰੂ ਪਾਸੋਂ ਉਸ ਪਰਮਾਤਮਾ ਨਾਲ ਮਿਲਾਪ ਦੀ ਵਿਧੀਸਿੱਖਿਆਂ ਇਹ ਸਾਰੇ ਕ੍ਰੋੜਾਂ ਫਲ ਪ੍ਰਾਪਤ ਹੋ ਜਾਂਦੇ ਹਨ ।੩ ।
(ਹੇ ਭਾਈ!) ਆਪਣੇ ਮਨ ਵਿਚ ਤੂੰ ਸਦਾ ਪਰਮਾਤਮਾ ਨੂੰ ਯਾਦ ਰੱਖ, ਮਾਇਆ ਵਾਲੇ ਤੇਰੇ ਸਾਰੇ ਹੀ ਮੋਹ ਨਾਸ ਹੋ ਜਾਣਗੇ ।
ਹੇ ਮੇਰੇ ਮਨ! ਉਹ ਕਦੇ ਨਾਸ ਨਾਹ ਹੋਣ ਵਾਲਾ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ, ਤੂੰ ਉਸ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਸਦਾ ਜੁੜਿਆ ਰਹੁ ।੪ ।
(ਹੇ ਭਾਈ!) ਜਿਸ ਦੀ ਸੇਵਾ-ਭਗਤੀ ਵਿਚ ਲੱਗਿਆਂ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਜਾਂਦੀ ਹੈ, ਤੇ ਜਮਦੂਤ ਤੱਕ ਭੀ ਨਹੀਂ ਸਕਦੇ, (ਹੇ ਭਾਈ!) ਜਿਸ ਦੀ ਸੇਵਾ ਭਗਤੀ ਦੀ ਬਰਕਤਿ ਨਾਲ ਤੇਰਾ (ਹਰ ਥਾਂ) ਵੱਡਾ ਤੇਜ-ਪ੍ਰਤਾਪ ਬਣ ਸਕਦਾ ਹੈ, ਤੇ ਤੂੰ ਸਦੀਵੀ ਆਤਮਕ ਜੀਵਨ ਵਾਲਾ ਬਣ ਸਕਦਾ ਹੈਂ; (ਹੇ ਭਾਈ!) ਜਿਸ ਪਰਮਾਤਮਾ ਦੇ ਸੇਵਕ-ਭਗਤ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ, ਕੋਈ ਐਬ ਨਹੀਂ ਚੰਬੜ ਸਕਦਾ, ਜਿਸ ਪਰਮਾਤਮਾ ਦੇ ਦਫ਼ਤਰ ਵਿਚ (ਸੇਵਕ ਭਗਤ ਪਾਸੋਂ ਕੀਤੇ ਕਰਮਾਂ ਦਾ ਕੋਈ) ਹਿਸਾਬ ਨਹੀਂ ਮੰਗਿਆ ਜਾਂਦਾ (ਕਿਉਂਕਿ ਸੇਵਾ ਭਗਤੀ ਦੀ ਬਰਕਤਿ ਨਾਲ ਉਸ ਪਾਸੋਂ ਕੋਈ ਕੁਕਰਮ ਹੁੰਦੇ ਹੀ ਨਹੀਂ) ਉਸ ਪਰਮਾਤਮਾ ਦੀ ਸੇਵਾ-ਭਗਤੀ ਉਚੇਚੇ ਤੌਰ ਤੇ ਕਰਦੇ ਰਹੁ ।੫, ੬ ।
ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ, ਜੇਹੜਾ ਪਰਮਾਤਮਾ ਇਕ ਆਪ ਹੀ ਆਪ ਹੁੰਦਾ ਹੋਇਆ ਅਨੇਕਾਂ ਰੂਪਾਂ ਵਿਚ ਪਰਗਟ ਹੋ ਰਿਹਾ ਹੈ, ਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਹਰੇਕ ਜੀਵ ਨਿਹਾਲ ਹੋ ਜਾਂਦਾ ਹੈ, ਤੂੰ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ ।੭ ।
(ਪਰ) ਹੇ ਨਾਨਕ! (ਆਪਣੇ ਆਪ) ਨਾਹ ਕੋਈ ਮਨੁੱਖ ਸਿਆਣਾ ਬਣ ਸਕਦਾ ਹੈ, ਨਾਹ ਕੋਈ ਮਨੁੱਖ (ਆਪਣੀ ਮਰਜ਼ੀ ਨਾਲ) ਮੂਰਖ ਟਿਕਿਆ ਰਹਿੰਦਾ ਹੈ, ਨਾਹ ਕੋਈ ਨਿਤਾਣਾ ਹੈ ਤੇ ਨਾਹ ਕੋਈ ਸੂਰਮਾ ਹੈ ।
ਹਰੇਕ ਜੀਵ ਉਸੇ ਪਾਸੇ ਹੀ ਲੱਗਾ ਹੋਇਆ ਹੈ ਜਿਸ ਪਾਸੇ ਪਰਮਾਤਮਾ ਨੇ ਉਸ ਨੂੰ ਲਾਇਆ ਹੋਇਆ ਹੈ ।
(ਪਰਮਾਤਮਾ ਦੀ ਮਿਹਰ ਨਾਲ) ਜਿਸ ਦੀ ਕਿਸਮਤ ਜਾਗ ਪੈਂਦੀ ਹੈ, ਉਹੀ ਉਸ ਦਾ ਸੇਵਕ ਬਣਦਾ ਹੈ ।੮।੬ ।
Follow us on Twitter Facebook Tumblr Reddit Instagram Youtube