ਗਉੜੀ ਮਹਲਾ ੫ ॥
ਪ੍ਰਥਮੇ ਗਰਭ ਵਾਸ ਤੇ ਟਰਿਆ ॥
ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ ॥
ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ ॥
ਸਰਪਰ ਗਵਨੁ ਕਰਹਿਗੇ ਬਪੁਰੇ ॥੧॥

ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥
ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥੧॥ ਰਹਾਉ ॥

ਇੰਦ੍ਰ ਪੁਰੀ ਮਹਿ ਸਰਪਰ ਮਰਣਾ ॥
ਬ੍ਰਹਮ ਪੁਰੀ ਨਿਹਚਲੁ ਨਹੀ ਰਹਣਾ ॥
ਸਿਵ ਪੁਰੀ ਕਾ ਹੋਇਗਾ ਕਾਲਾ ॥
ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥੨॥

ਗਿਰਿ ਤਰ ਧਰਣਿ ਗਗਨ ਅਰੁ ਤਾਰੇ ॥
ਰਵਿ ਸਸਿ ਪਵਣੁ ਪਾਵਕੁ ਨੀਰਾਰੇ ॥
ਦਿਨਸੁ ਰੈਣਿ ਬਰਤ ਅਰੁ ਭੇਦਾ ॥
ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥੩॥

ਤੀਰਥ ਦੇਵ ਦੇਹੁਰਾ ਪੋਥੀ ॥
ਮਾਲਾ ਤਿਲਕੁ ਸੋਚ ਪਾਕ ਹੋਤੀ ॥
ਧੋਤੀ ਡੰਡਉਤਿ ਪਰਸਾਦਨ ਭੋਗਾ ॥
ਗਵਨੁ ਕਰੈਗੋ ਸਗਲੋ ਲੋਗਾ ॥੪॥

ਜਾਤਿ ਵਰਨ ਤੁਰਕ ਅਰੁ ਹਿੰਦੂ ॥
ਪਸੁ ਪੰਖੀ ਅਨਿਕ ਜੋਨਿ ਜਿੰਦੂ ॥
ਸਗਲ ਪਾਸਾਰੁ ਦੀਸੈ ਪਾਸਾਰਾ ॥
ਬਿਨਸਿ ਜਾਇਗੋ ਸਗਲ ਆਕਾਰਾ ॥੫॥

ਸਹਜ ਸਿਫਤਿ ਭਗਤਿ ਤਤੁ ਗਿਆਨਾ ॥
ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥
ਤਹਾ ਸੰਗਤਿ ਸਾਧ ਗੁਣ ਰਸੈ ॥
ਅਨਭਉ ਨਗਰੁ ਤਹਾ ਸਦ ਵਸੈ ॥੬॥

ਤਹ ਭਉ ਭਰਮਾ ਸੋਗੁ ਨ ਚਿੰਤਾ ॥
ਆਵਣੁ ਜਾਵਣੁ ਮਿਰਤੁ ਨ ਹੋਤਾ ॥
ਤਹ ਸਦਾ ਅਨੰਦ ਅਨਹਤ ਆਖਾਰੇ ॥
ਭਗਤ ਵਸਹਿ ਕੀਰਤਨ ਆਧਾਰੇ ॥੭॥

ਪਾਰਬ੍ਰਹਮ ਕਾ ਅੰਤੁ ਨ ਪਾਰੁ ॥
ਕਉਣੁ ਕਰੈ ਤਾ ਕਾ ਬੀਚਾਰੁ ॥
ਕਹੁ ਨਾਨਕ ਜਿਸੁ ਕਿਰਪਾ ਕਰੈ ॥
ਨਿਹਚਲ ਥਾਨੁ ਸਾਧਸੰਗਿ ਤਰੈ ॥੮॥੪॥

Sahib Singh
ਪ੍ਰਥਮੇ = ਪਹਿਲਾਂ ।
ਗਰਭ ਵਾਸ ਤੇ = ਮਾਂ ਦੇ ਪੇਟ ਵਿਚ ਵੱਸਣ ਤੋਂ ।
ਟਰਿਆ = ਟਲਿਆ, ਖ਼ਲਾਸੀ ਹਾਸਲ ਕਰਦਾ ਹੈ ।
ਕਲਤ੍ਰ = ਇਸਤ੍ਰੀ ।
ਜੁਰਿਆ = ਜੁੜਿਆ ਰਹਿੰਦਾ ਹੈ, ਮੋਹ ਵਿਚ ਫਸਿਆ ਰਹਿੰਦਾ ਹੈ ।
ਕਪਰੇ = ਕੱਪੜੇ ।
ਸਰਪਰ = ਜ਼ਰੂਰ ।
ਗਵਨੁ = ਚਲਾਣਾ ।
ਬਪੁਰੇ = ਵਿਚਾਰੇ, ਯਤੀਮਾਂ ਵਾਂਗ ।੧ ।
ਕਵਨੁ = ਕੇਹੜਾ ?
ਨ ਟਰੈ = ਨਾਸ ਨਹੀਂ ਹੁੰਦਾ ।
ਜਿਤੁ = ਜਿਸ ਦੀ ਰਾਹੀਂ ।
ਦੁਰਮਤਿ = ਖੋਟੀ ਬੁਧਿ ।
ਹਰੈ = ਦੂਰ ਹੁੰਦੀ ਹੈ ।੧।ਰਹਾਉ ।
ਇੰਦ੍ਰ ਪੁਰੀ = ਉਹ ਪੁਰੀ ਜਿਥੇ ਇੰਦ੍ਰ ਦੇਵਤੇ ਦਾ ਰਾਜ ਮੰਨਿਆ ਜਾਂਦਾ ਹੈ ।
ਬ੍ਰਹਮਪੁਰੀ = ਬ੍ਰਹਮਾ ਦੀ ਪੁਰੀ ।
ਮਰਣਾ = ਮੌਤ ।
ਕਾਲਾ = ਨਾਸ ।
ਬਿਨਸਿ = ਬਿਨਸੈ, ਨਾਸ ਹੁੰਦਾ ਹੈ ।
ਬਿਤਾਲਾ = ਤਾਲ ਤੋਂ ਖੁੰਝਿਆ ਹੋਇਆ, ਸਹੀ ਜੀਵਨ-ਚਾਲ ਤੋਂ ਖੁੰਝਿਆ ਹੋਇਆ ।੨ ।
ਗਿਰਿ = ਪਹਾੜ ।
ਤਰ = ਰੁੱਖ ।
ਧਰਣਿ = ਧਰਤੀ ।
ਗਗਨ = ਆਕਾਸ਼ ।
ਅਰੁ = ਅਤੇ ।
ਰਵਿ = ਸੂਰਜ ।
ਸਸਿ = ਚੰਦ੍ਰਮਾ ।
ਪਾਵਕੁ = ਅੱਗ ।
ਨੀਰਾਰੇ = ਨੀਰ, ਪਾਣੀ ।
ਰੈਣਿ = ਰਾਤ ।
ਭੇਦਾ = ਵਖ ਵਖ ਮਰਯਾਦਾ ।੩ ।
ਦੇਵ = ਦੇਵਤੇ ।
ਦੇਹੁਰਾ = ਦੇਵਤੇ ਦਾ ਘਰ, ਮੰਦਰ ।
ਪੋਥੀ = ਪੁਸਤਕ ।
ਸੋਚ ਪਾਕ = ਪਵਿਤ੍ਰ ਰਸੋਈ ।
ਪਾਕ = ਭੋਜਨ ਪਕਾਣਾ ।
ਹੋਤੀ = ਹੋਤ੍ਰੀ, ਹਵਨ ਕਰਨ ਵਾਲੇ ।
ਧੋਤੀ = ਨੇਤੀ ਧੋਤੀ ਕਰਮ, ਕੱਪੜੇ ਦੀ ਲੀਰ ਨਾਲ ਮਿਹਦੇ ਨੂੰ ਸਾਫ਼ ਕਰਨ ਦਾ ਤਰੀਕਾ ।
ਪਰਸਾਦਨ ਭੋਗਾ = {ਪ੍ਰਾਸਾਦ—ਮਹਲ} ਮਹਲਾਂ ਦੇ ਭੋਗ ।੪ ।
ਵਰਨ = ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ ।
ਜਿੰਦੂ = ਜੀਵ ।
ਆਕਾਰਾ = ਦਿੱਸਦਾ ਜਗਤ ।੫ ।
ਸਹਜ = ਆਤਮਕ ਅਡੋਲਤਾ ।
ਤਤੁ = ਜਗਤ ਦਾ ਮੂਲ = ਪ੍ਰਭੂ ।
ਨਿਹਚਲੁ = ਅਟੱਲ ।
ਸਚੁ = ਸਦਾ ਕਾਇਮ ਰਹਿਣ ਵਾਲਾ ।
ਤਹਾ = ਉਥੇ, ਉਸ ਅਵਸਥਾ ਵਿਚ ।
ਗੁਣ ਰਸੈ = ਗੁਣਾਂ ਦਾ ਆਨੰਦ ਮਾਣਦੀ ਹੈ ।
ਅਨਭਉ ਨਗਰੁ = ਉਹ ਅਵਸਥਾ = ਰੂਪ ਨਗਰ ਜਿਥੇ ਕੋਈ ਡਰ ਪੋਹ ਨਹੀਂ ਸਕਦਾ ।੬ ।
ਤਹ = ਉਸ ਅਵਸਥਾ = ਨਗਰ ਵਿਚ ।
ਮਿਰਤੁ = ਮੌਤ, ਮੌਤ ਦਾ ਸਹਮ, ਆਤਮਕ ਮੌਤ ।
ਅਨਹਤ = ਇਕ = ਰਸ ।
ਅਨੰਦ ਆਖਾਰੇ = ਆਨੰਦ ਦੇ ਇਕੱਠ ।
ਆਧਾਰੇ = ਆਸਰੇ ।੭ ।
ਤਾ ਕਾ = ਉਸ (ਪਾਰਬ੍ਰਹਮ) ਦਾ ।
ਸਾਧ ਸੰਗਿ = ਸਾਧ = ਸੰਗ ਵਿਚ ।੮ ।
    
Sahib Singh
(ਹੇ ਭਾਈ!) ਉਹ ਕੇਹੜਾ ਥਾਂ ਹੈ ਜੇਹੜਾ ਸਦਾ ਅਟੱਲ ਰਹਿੰਦਾ ਹੈ ?
ਉਹ ਕੇਹੜਾ ਸ਼ਬਦ ਹੈ ਜਿਸ ਦੀ ਬਰਕਤਿ ਨਾਲ (ਮਨੁੱਖ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ ?
।੧।ਰਹਾਉ ।
(ਹੇ ਭਾਈ!) ਜੀਵ ਪਹਿਲਾਂ ਮਾਂ ਦੇ ਪੇਟ ਵਿਚ ਵੱਸਣ ਤੋਂ ਖ਼ਲਾਸੀ ਹਾਸਲ ਕਰਦਾ ਹੈ, (ਜਗਤ ਵਿਚ ਜਨਮ ਲੈ ਕੇ ਫਿਰ ਸਹਜੇ ਸਹਜੇ ਜਵਾਨੀ ਤੇ ਪਹੁੰਚ ਕੇ) ਪੁੱਤ੍ਰ ਇਸਤ੍ਰੀ ਆਦਿਕ ਪਰਵਾਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ,ਕਈ ਕਿਸਮ ਦਾ ਖਾਣਾ ਖਾਂਦਾ ਹੈ, ਕਈ ਕਿਸਮਾਂ ਦੇ ਕੱਪੜੇ ਪਹਿਨਦਾ ਹੈ (ਸਾਰੀ ਉਮਰ ਇਹਨਾਂ ਰੰਗਾਂ ਵਿਚ ਹੀ ਮਸਤ ਰਹਿ ਕੇ ਕੁਰਾਹੇ ਪਿਆ ਰਹਿੰਦਾ ਹੈ, ਪਰ ਅਜੇਹੇ ਬੰਦੇ ਭੀ) ਜ਼ਰੂਰ ਯਤੀਮਾਂ ਵਾਂਗ ਹੀ (ਜਗਤ ਤੋਂ) ਕੂਚ ਕਰ ਜਾਣਗੇ ।੧ ।
(ਹੇ ਭਾਈ! ਹੋਰਨਾਂ ਦੀ ਤਾਂ ਗੱਲ ਹੀ ਕੀਹ ਹੈ?) ਇੰਦ੍ਰ-ਪੁਰੀ ਵਿਚ ਭੀ ਮੌਤ ਜ਼ਰੂਰ ਆ ਜਾਂਦੀ ਹੈ, ਬ੍ਰਹਮਾ ਦੀ ਪੁਰੀ ਭੀ ਸਦਾ ਅਟੱਲ ਨਹੀਂ ਰਹਿ ਸਕਦੀ, ਸ਼ਿਵ ਦੀ ਪੁਰੀ ਦਾ ਭੀ ਨਾਸ ਹੋ ਜਾਇਗਾ ।
(ਪਰ ਜਗਤ) ਤਿੰਨਾਂ ਗੁਣਾਂ ਵਾਲੀ ਮਾਇਆ ਦੇ ਅਸਰ ਹੇਠ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ ।੨ ।
(ਹੇ ਭਾਈ!) ਪਹਾੜ, ਰੁੱਖ, ਧਰਤੀ, ਆਕਾਸ਼ ਅਤੇ ਤਾਰੇ, ਸੂਰਜ, ਚੰਦ, ਹਵਾ, ਅੱਗ, ਪਾਣੀ, ਦਿਨ ਤੇ ਰਾਤ; ਵਰਤ ਆਦਿਕ ਵਖ ਵਖ ਕਿਸਮ ਦੀਆਂ ਮਰਯਾਦਾ; ਵੇਦ, ਸਿਮਿ੍ਰਤੀਆਂ, ਸ਼ਾਸਤ੍ਰ—ਇਹ ਸਭ ਕੁਝ ਆਖ਼ਰ ਨਾਸ ਹੋ ਜਾਣਗੇ ।੩ ।
(ਹੇ ਭਾਈ!) ਤੀਰਥ, ਦੇਵਤੇ, ਮੰਦਰ, (ਧਰਮ-) ਪੁਸਤਕਾਂ; ਮਾਲਾ, ਤਿਲਕ, ਸੁੱਚੀ ਰਸੋਈ, ਹਵਨ ਕਰਨ ਵਾਲੇ; (ਨੇਤੀ-) ਧੋਤੀ ਤੇ ਡੰਡਉਤ-ਨਮਸਕਾਰਾਂ; (ਦੂਜੇ ਪਾਸੇ) ਮਹਲਾਂ ਦੇ ਭੋਗ-ਬਿਲਾਸ—ਸਾਰਾ ਜਗਤ ਹੀ (ਆਖ਼ਰ) ਕੂਚ ਕਰ ਜਾਇਗਾ ।੪ ।
(ਵਖ ਵਖ) ਜਾਤਾਂ, (ਬ੍ਰਾਹਮਣ, ਖੱਤ੍ਰੀ ਆਦਿਕ) ਵਰਨ, ਮੁਸਲਮਾਨ ਅਤੇ ਹਿੰਦੂ; ਪਸ਼ੂ, ਪੰਛੀ, ਅਨੇਕਾਂ ਜੂਨਾਂ ਦੇ ਜੀਵ; ਇਹ ਸਾਰਾ ਜਗਤ-ਖਿਲਾਰਾ ਜੋ ਦਿੱਸ ਰਿਹਾ ਹੈ—ਇਹ ਸਾਰਾ ਦਿ੍ਰਸ਼ਟ-ਮਾਨ ਸੰਸਾਰ (ਆਖ਼ਰ) ਨਾਸ ਹੋ ਜਾਇਗਾ ।੫ ।
(ਪਰ, ਹੇ ਭਾਈ!) ਉਹ (ਉੱਚੀ ਆਤਮਕ ਅਵਸਥਾ-) ਥਾਂ ਸਦਾ ਕਾਇਮ ਰਹਿਣ ਵਾਲੀ ਹੈ ਅਟੱਲ ਹੈ ਤੇ ਉਥੇਸਦਾ ਹੀ ਆਨੰਦ ਭੀ ਹੈ, ਜਿਥੇ ਆਤਮਕ ਅਡੋਲਤਾ ਦੇਣ ਵਾਲੀ ਸਿਫ਼ਤਿ-ਸਾਲਾਹ ਹੋ ਰਹੀ ਹੈ ਜਿਥੇ ਭਗਤੀ ਹੋ ਰਹੀ ਹੈ ਜਿਥੇ ਜਗਤ ਦੇ ਮੂਲ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਰਹੀ ਹੈ, ਉਥੇ ਸਾਧ ਸੰਗਤਿ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ, ਉਥੇ ਸਦਾ ਇਕ ਐਸਾ ਨਗਰ ਵੱਸਿਆ ਰਹਿੰਦਾ ਹੈ ਜਿਥੇ ਕਿਸੇ ਕਿਸਮ ਦਾ ਕੋਈ ਡਰ ਪੋਹ ਨਹੀਂ ਸਕਦਾ ।੬ ।
(ਹੇ ਭਾਈ!) ਉਸ (ਉੱਚੀ ਆਤਮਕ ਅਵਸਥਾ-) ਥਾਂ ਵਿਚ ਕੋਈ ਡਰ, ਕੋਈ ਭਰਮ, ਕੋਈ ਗ਼ਮ, ਕੋਈ ਚਿੰਤਾ ਪੋਹ ਨਹੀਂ ਸਕਦੀ, ਉਥੇ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਉਥੇ ਆਤਮਕ ਮੌਤ ਨਹੀਂ ਹੁੰਦੀ, ਉਥੇ ਸਦਾ ਇਕ-ਰਸ ਆਤਮਕ ਆਨੰਦ ਦੇ (ਮਾਨੋ) ਅਖਾੜੇ ਲੱਗੇ ਰਹਿੰਦੇ ਹਨ, ਉਥੇ ਭਗਤ-ਜਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਸਰੇ ਵੱਸਦੇ ਹਨ ।੭ ।
(ਹੇ ਭਾਈ! ਜਿਸ ਪਰਮਾਤਮਾ ਦੀ ਇਹ ਰਚਨਾ ਰਚੀ ਹੋਈ ਹੈ) ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ।
(ਜਗਤ ਵਿਚ) ਕੋਈ ਐਸਾ ਮਨੁੱਖ ਨਹੀਂ ਹੈ, ਜੋ ਉਸ ਦੇ ਗੁਣਾਂ ਦਾ ਅੰਤ ਪਾਣ ਦਾ ਵਿਚਾਰ ਕਰ ਸਕੇ ।
ਹੇ ਨਾਨਕ! ਆਖ—ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਥਾਂ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ, ਸਾਧ ਸੰਗਤਿ ਵਿਚ ਰਹਿ ਕੇ ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ।੮।੪ ।
Follow us on Twitter Facebook Tumblr Reddit Instagram Youtube