ਗਉੜੀ ਮਹਲਾ ੪ ॥
ਮਨ ਕਰਹਲਾ ਵੀਚਾਰੀਆ ਵੀਚਾਰਿ ਦੇਖੁ ਸਮਾਲਿ ॥
ਬਨ ਫਿਰਿ ਥਕੇ ਬਨ ਵਾਸੀਆ ਪਿਰੁ ਗੁਰਮਤਿ ਰਿਦੈ ਨਿਹਾਲਿ ॥੧॥

ਮਨ ਕਰਹਲਾ ਗੁਰ ਗੋਵਿੰਦੁ ਸਮਾਲਿ ॥੧॥ ਰਹਾਉ ॥

ਮਨ ਕਰਹਲਾ ਵੀਚਾਰੀਆ ਮਨਮੁਖ ਫਾਥਿਆ ਮਹਾ ਜਾਲਿ ॥
ਗੁਰਮੁਖਿ ਪ੍ਰਾਣੀ ਮੁਕਤੁ ਹੈ ਹਰਿ ਹਰਿ ਨਾਮੁ ਸਮਾਲਿ ॥੨॥

ਮਨ ਕਰਹਲਾ ਮੇਰੇ ਪਿਆਰਿਆ ਸਤਸੰਗਤਿ ਸਤਿਗੁਰੁ ਭਾਲਿ ॥
ਸਤਸੰਗਤਿ ਲਗਿ ਹਰਿ ਧਿਆਈਐ ਹਰਿ ਹਰਿ ਚਲੈ ਤੇਰੈ ਨਾਲਿ ॥੩॥

ਮਨ ਕਰਹਲਾ ਵਡਭਾਗੀਆ ਹਰਿ ਏਕ ਨਦਰਿ ਨਿਹਾਲਿ ॥
ਆਪਿ ਛਡਾਏ ਛੁਟੀਐ ਸਤਿਗੁਰ ਚਰਣ ਸਮਾਲਿ ॥੪॥

ਮਨ ਕਰਹਲਾ ਮੇਰੇ ਪਿਆਰਿਆ ਵਿਚਿ ਦੇਹੀ ਜੋਤਿ ਸਮਾਲਿ ॥
ਗੁਰਿ ਨਉ ਨਿਧਿ ਨਾਮੁ ਵਿਖਾਲਿਆ ਹਰਿ ਦਾਤਿ ਕਰੀ ਦਇਆਲਿ ॥੫॥

ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ ॥
ਹਰਿ ਹਰਿ ਨਾਮੁ ਸਮਾਲਿ ਤੂੰ ਹਰਿ ਮੁਕਤਿ ਕਰੇ ਅੰਤ ਕਾਲਿ ॥੬॥

ਮਨ ਕਰਹਲਾ ਵਡਭਾਗੀਆ ਤੂੰ ਗਿਆਨੁ ਰਤਨੁ ਸਮਾਲਿ ॥
ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ ॥੭॥

ਅੰਤਰਿ ਨਿਧਾਨੁ ਮਨ ਕਰਹਲੇ ਭ੍ਰਮਿ ਭਵਹਿ ਬਾਹਰਿ ਭਾਲਿ ॥
ਗੁਰੁ ਪੁਰਖੁ ਪੂਰਾ ਭੇਟਿਆ ਹਰਿ ਸਜਣੁ ਲਧੜਾ ਨਾਲਿ ॥੮॥

ਰੰਗਿ ਰਤੜੇ ਮਨ ਕਰਹਲੇ ਹਰਿ ਰੰਗੁ ਸਦਾ ਸਮਾਲਿ ॥
ਹਰਿ ਰੰਗੁ ਕਦੇ ਨ ਉਤਰੈ ਗੁਰ ਸੇਵਾ ਸਬਦੁ ਸਮਾਲਿ ॥੯॥

ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ ॥
ਵਡਭਾਗੀ ਗੁਰਮੁਖਿ ਪਾਇਆ ਜਨ ਨਾਨਕ ਨਾਮੁ ਸਮਾਲਿ ॥੧੦॥੨॥

Sahib Singh
ਮਨ = ਹੇ ਮਨ !
ਕਰਹਲਾ = {ਕਰਭ—ਊਂਠ ਦਾ ਬੱਚਾ} ਊਂਠ ਦੇ ਬੱਚੇ ਵਾਂਗ ਬੇ-ਮੁਹਾਰ ।
ਵੀਚਾਰੀਆ = ਵਿਚਾਰਵਾਨ (ਬਣ) ।
ਵੀਚਾਰਿ = ਵਿਚਾਰ ਕੇ ।
ਸਮਾਲਿ = ਸੰਭਲ ਕੇ, ਹੋਸ਼ ਕਰ ਕੇ ।
ਬਨਵਾਸੀਆ = ਹੇ ਬਨ = ਵਾਸੀ !
ਰਿਦੈ = ਹਿਰਦੇ ਵਿਚ ।
ਨਿਹਾਲਿ = ਵੇਖ ।੧ ।
ਸਮਾਲਿ = ਹਿਰਦੇ ਵਿਚ ਸਾਂਭ, ਯਾਦ ਕਰ ।੧।ਰਹਾਉ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ।
ਜਾਲਿ = ਜਾਲ ਵਿਚ ।
ਗੁਰਮੁਖਿ = ਗੁਰੂ ਦੇ ਸਨਮੁਖਰਹਿਣ ਵਾਲਾ ।
ਮੁਕਤੁ = ਆਜ਼ਾਦ, ਬਚਿਆ ਹੋਇਆ ।
ਸਮਾਲਿ = ਸੰਭਾਲ ਕੇ ।੨ ।
ਭਾਲਿ = ਲੱਭ ।
ਲਗਿ = ਲੱਗ ਕੇ, ਆਸਰਾ ਲੈ ਕੇ ।੩ ।
ਨਦਰਿ = ਮਿਹਰ ਦੀ ਨਿਗਾਹ ਨਾਲ ।
ਨਿਹਾਲਿ = ਵੇਖੇ ।
ਛਡਾਏ = ਮਾਇਆ ਦੇ ਜਾਲ ਤੋਂ ਬਚਾਏ ।
ਛੁਟੀਐ = (ਜਾਲ ਤੋਂ) ਖ਼ਲਾਸੀ ਪਾ ਸਕੀਦੀ ਹੈ ।੪ ।
ਦੇਹੀ = ਸਰੀਰ ।
ਸਮਾਲਿ = ਸਾਂਭ ਕੇ ਰੱਖ ।
ਗੁਰਿ = ਗੁਰੂ ਨੇ ।
ਨਉ ਨਿਧਿ = (ਦੁਨੀਆ ਦੇ ਸਾਰੇ) ਨੌ ਖ਼ਜ਼ਾਨੇ ।
    ਦਇਆਲ ਨੇ ।੫ ।
ਵਿਕਰਾਲਿ = ਡਰਾਉਣੇ (ਖੂਹ) ਵਿਚ ।
ਅੰਤਕਾਲਿ = ਅੰਤਲੇ ਸਮੇ ।੬ ।
ਗੁਰ ਗਿਆਨੁ = ਗੁਰੂ ਦਾ ਦਿੱਤਾ ਹੋਇਆ ਗਿਆਨ ।
ਖੜਗੁ = ਤਲਵਾਰ ।
ਹਥਿ = ਹੱਥ ਵਿਚ ।
ਜਮ ਕਾਲਿ = ਜਮ = ਕਾਲ ਨੇ, ਜਮ ਦੇ ਕਾਲ ਨੇ, ਆਤਮਕ ਮੌਤ ਨੂੰ ਮਾਰ ਮੁਕਾਣ ਵਾਲੇ (ਗਿਆਨ-ਖੜਗ) ਨੇ ।੭ ।
ਨਿਧਾਨੁ = ਖ਼ਜ਼ਾਨਾ ।
ਭ੍ਰਮਿ = ਭਟਕਣਾ ਵਿਚ (ਪੈ ਕੇ) ।
ਭੇਟਿਆ = ਮਿਲ ਪਿਆ ।੮ ।
ਰੰਗਿ = ਦੁਨੀਆ ਦੇ ਰੰਗ = ਤਮਾਸ਼ੇ ਵਿਚ ।
ਰਤੜੇ = ਮਸਤ ।
ਸਮਾਲਿ = ਸ਼ਾਂਭ ਕੇ ਰੱਖ ।੯ ।
ਪੰਖੀ = ਪੰਛੀ ।
ਅਕਾਲਿ = ਅਕਾਲ ਨੇ ।੧੦ ।
    
Sahib Singh
ਊਂਠ ਦੇ ਬੱਚੇ ਵਾਂਗ ਹੇ (ਮੇਰੇ) ਬੇ-ਮੁਹਾਰ ਮਨ! ਤੂੰ ਪਰਮਾਤਮਾ (ਦੀ ਯਾਦ) ਨੂੰ (ਆਪਣੇ ਅੰਦਰ) ਸਾਂਭ ਕੇ ਰੱਖ ।੧।ਰਹਾਉ ।
ਹੇ ਮੇਰੇ ਬੇ-ਮੁਹਾਰ ਮਨ! ਤੂੰ ਵਿਚਾਰਵਾਨ ਬਣ, ਤੂੰ ਵਿਚਾਰ ਕੇ ਵੇਖ, ਤੂੰ ਹੋਸ਼ ਕਰ ਕੇ ਵੇਖ ।
ਜੰਗਲਾਂ ਵਿਚ ਭਟਕ ਭਟਕ ਕੇ ਥੱਕੇ ਹੋਏ ਹੇ ਜੰਗਲ-ਵਾਸੀ (ਮਨ)! (ਤੇਰਾ) ਮਾਲਕ-ਪ੍ਰਭੂ (ਤੇਰੇ) ਹਿਰਦੇ ਵਿਚ (ਵੱਸ ਰਿਹਾ ਹੈ, ਉਸ ਨੂੰ) ਗੁਰੂ ਦੀ ਮਤਿ ਲੈ ਕੇ (ਆਪਣੇ ਅੰਦਰ) ਵੇਖ ।੧ ।
ਹੇ ਬੇ-ਮੁਹਾਰ ਮਨ! ਤੂੰ ਵਿਚਾਰਵਾਨ ਬਣ, (ਵੇਖ,) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ ਵਿਚ ਫਸੇ ਪਏ ਹਨ ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਸੰਭਾਲ ਕੇ (ਇਸ ਜਾਲ ਤੋਂ) ਬਚ ਜਾਂਦਾ ਹੈ ।੨ ।
ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਸਾਧ ਸੰਗਤਿ ਵਿਚ ਜਾਹ, (ਉਥੇ) ਗੁਰੂ ਨੂੰ ਲੱਭ ।
ਸਾਧ ਸੰਗਤਿ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਹਰਿ-ਨਾਮ ਹੀ ਤੇਰੇ ਨਾਲ (ਸਦਾ) ਸਾਥ ਕਰੇਗਾ ।੩ ।
ਹੇ ਬੇ-ਮੁਹਾਰ ਮਨ! ਉਹ ਮਨੁੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ ਜਿਸ ਉੱਤੇ ਪਰਮਾਤਮਾ ਮਿਹਰ ਦੀ ਇਕ ਨਿਗਾਹ ਕਰਦਾ ਹੈ ।
ਜੇ ਪਰਮਾਤਮਾ ਆਪ ਹੀ (ਮਾਇਆ-ਜਾਲ ਵਿਚੋਂ) ਖ਼ਲਾਸੀ ਕਰਾਏ ਤਾਂ ਹੀ ਗੁਰੂ ਦੇ ਚਰਨਾਂ ਨੂੰ (ਹਿਰਦੇ ਵਿਚ ਸੰਭਾਲ ਕੇ (ਇਸ ਜਾਲ ਵਿਚੋਂ) ਨਿਕਲ ਸਕੀਦਾ ਹੈ ।੪ ।
ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! (ਤੇਰੇ) ਸਰੀਰ ਵਿਚ (ਰੱਬੀ) ਜੋਤਿ (ਵੱਸ ਰਹੀ ਹੈ, ਇਸ ਨੂੰ) ਸਾਂਭ ਕੇ ਰੱਖ ।
ਪਰਮਾਤਮਾ ਦਾ ਨਾਮ (ਮਾਨੋ, ਜਗਤ ਦੇ ਸਾਰੇ) ਨੌ ਖ਼ਜ਼ਾਨੇ (ਹੈ) ਜਿਸ ਨੂੰ ਗੁਰੂ ਨੇ ਇਹ ਨਾਮ ਵਿਖਾਲ ਦਿੱਤਾ ਹੈ, ਦਇਆਲ ਪਰਮਾਤਮਾ ਨੇ ਉਸ ਮਨੁੱਖ ਉਤੇ (ਨਾਮ ਦੀ ਇਹ) ਬਖ਼ਸ਼ਸ਼ ਕਰ ਦਿੱਤੀ ਹੈ ।੫ ।
ਹੇ ਬੇ-ਮੁਹਾਰ ਮਨ! ਤੂੰ ਕਦੇ ਕਿਤੇ ਟਿਕ ਕੇ ਨਹੀਂ ਬੈਠਦਾ, ਇਹ ਚੰਚਲਤਾ ਇਹ ਚਲਾਕੀ ਛੱਡ ਦੇਹ, (ਇਹ ਚਤੁਰਾਈ) ਭਿਆਨਕ (ਖੂਹ) ਵਿਚ (ਸੁੱਟ ਦੇਵੇਗੀ) ।
(ਹੇ ਬੇ-ਮੁਹਾਰ ਮਨ!) ਪਰਮਾਤਮਾ ਦਾ ਨਾਮ ਸਦਾ ਚੇਤੇ ਰੱਖ, ਪਰਮਾਤਮਾ (ਦਾ ਨਾਮ) ਹੀ ਅੰਤ ਵੇਲੇ (ਮਾਇਆ ਦੇ ਮੋਹ ਦੇ ਜਾਲ ਤੋਂ) ਖ਼ਲਾਸੀ ਦਿਵਾਂਦਾ ਹੈ ।੬ ।
ਹੇ ਬੇ-ਮੁਹਾਰ ਮਨ! ਪਰਮਾਤਮਾ ਨਾਲ ਡੂੰਘੀ ਸਾਂਝ (ਇਕ) ਰਤਨ (ਹੈ ਇਸਨੂੰ) ਤੂੰ ਸਾਂਭ ਕੇ ਰੱਖ, ਤੇ ਵੱਡੇ ਭਾਗਾਂ ਵਾਲਾ ਬਣ ।
ਗੁਰੂ ਦਾ ਦਿੱਤਾ ਹੋਇਆ ਗਿਆਨ (ਗੁਰੂ ਦੀ ਰਾਹੀਂ ਪਰਮਾਤਮਾ ਨਾਲ ਪਈ ਹੋਈ ਡੂੰਘੀ ਸਾਂਝ, ਇਕ) ਖੰਡਾ ਹੈ, (ਜਿਸ ਮਨੁੱਖ ਨੇ ਇਹ ਖੰਡਾ ਆਪਣੇ) ਹੱਥ ਵਿਚ ਫ਼ੜ ਲਿਆ, ਉਸ ਨੇ (ਆਤਮਕ) ਮੌਤ ਨੂੰ ਮਾਰਨ ਵਾਲੇ (ਇਸ ਗਿਆਨ-ਖੰਡੇ) ਦੀ ਰਾਹੀਂ ਜਮ ਨੂੰ (ਮੌਤ ਦੇ ਸਹਮ ਨੂੰ, ਆਤਮਕ ਮੌਤ ਨੂੰ) ਮਾਰ ਮੁਕਾਇਆ ।੭ ।
ਹੇ ਬੇ-ਮੁਹਾਰੇ ਮਨ! (ਪਰਮਾਤਮਾ ਦਾ ਨਾਮ-) ਖ਼ਜ਼ਾਨਾ (ਤੇਰੇ) ਅੰਦਰ ਹੈ, ਪਰ ਤੂੰ ਭਟਕਣਾ ਵਿਚ ਪੈ ਕੇ ਬਾਹਰ ਭਾਲਦਾ ਫਿਰਦਾ ਹੈਂ ।
(ਹੇ ਮਨ!) ਪਰਮਾਤਮਾ-ਦਾ-ਰੂਪ ਗੁਰੂ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਹ ਮਨੁੱਖ ਸੱਜਣ-ਪਰਮਾਤਮਾ ਨੂੰ ਆਪਣੇ ਨਾਲ-ਵੱਸਦਾ (ਅੰਦਰ ਹੀ) ਲੱਭ ਲੈਂਦਾ ਹੈ ।੮ ।
(ਮਾਇਆ ਦੇ ਮੋਹ ਦੇ) ਰੰਗ ਵਿਚ ਰੰਗੇ ਹੋਏ ਬੇ-ਮੁਹਾਰੇ ਮਨ! ਪਰਮਾਤਮਾ ਦਾ ਪ੍ਰੇਮ-ਰੰਗ ਸਦਾ (ਆਪਣੇ ਅੰਦਰ) ਸਾਂਭ ਕੇ ਰੱਖ, ਪਰਮਾਤਮਾ (ਦੇ ਪਿਆਰ) ਦਾ (ਇਹ) ਰੰਗ ਫਿਰ ਕਦੇ ਫਿੱਕਾ ਨਹੀਂ ਪੈਂਦਾ, (ਇਸ ਵਾਸਤੇ ਇਹ ਰੰਗ ਪ੍ਰਾਪਤ ਕਰਨ ਲਈ) ਤੂੰ ਗੁਰੂ ਦੀ ਸਰਨ ਪਉ, ਤੂੰ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਸੰਭਾਲ ।੯ ।
ਹੇ ਬੇ-ਮੁਹਾਰੇ ਮਨ! ਅਸੀ ਜੀਵ ਪੰਛੀ ਹਾਂ, ਅਕਾਲ-ਪੁਰਖ ਨੇ (ਸਾਨੂੰ ਜਗਤ ਵਿਚ ਭੇਜਿਆ ਹੈ ਜਿਵੇਂ ਕੋਈ ਰੁੱਖ ਪੰਛੀਆਂ ਦੇ ਰਾਤ-ਬਿਸ੍ਰਾਮ ਲਈ ਆਸਰਾ ਹੁੰਦਾ ਹੈ, ਤਿਵੇਂ) ਉਹ ਸਰਬ-ਵਿਆਪਕ ਹਰੀ (ਸਾਡਾ ਜੀਵ-ਪੰਛੀਆਂ ਦਾ ਆਸਰਾ-) ਰੁੱਖ ਹੈ ।
ਹੇ ਦਾਸ ਨਾਨਕ! (ਆਖ—ਹੇ ਮਨ!) ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਵੱਡੇ ਭਾਗਾਂ ਵਾਲੇ (ਜੀਵ-ਪੰਛੀਆਂ) ਨੇ ਉਹ ਆਸਰਾ ਹਾਸਲ ਕੀਤਾ ਹੈ ।੧੦।੨ ।

ਨੋਟ: ਗੁਰੂ ਰਾਮਦਾਸ ਸਾਹਿਬ ਜੀ ਦੇ ਇਹ ਦੋ “ਕਰਹਲੇ” ਅਸ਼ਟਪਦੀਆਂ ਵਿਚ ਹੀ ਸ਼ਾਮਿਲ ਹਨ ।
ਇਹਨਾਂ ਅਸ਼ਟਪਦੀਆਂ ਦਾ ਸਿਰ-ਲੇਖ ਉਹਨਾਂ ‘ਕਰਹਲਾ’ ਰੱਖਿਆ ਹੈ ਕਿਉਂਕਿ ਇਹਨਾਂ ਦੇ ਹਰੇਕ ਬੰਦ ਵਿਚ ਸਤਿਗੁਰੂ ਜੀ ਨੇ ਮਨ ਨੂੰ ‘ਕਰਹਲ’ ਨਾਲ ਉਪਮਾ ਦੇ ਕੇ ਸੰਬੋਧਨ ਕੀਤਾ ਹੈ ।
Follow us on Twitter Facebook Tumblr Reddit Instagram Youtube