ਰਾਗੁ ਗਉੜੀ ਪੂਰਬੀ ਮਹਲਾ ੪ ਕਰਹਲੇ
ੴ ਸਤਿਗੁਰ ਪ੍ਰਸਾਦਿ ॥
ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ ॥
ਗੁਰੁ ਭਾਗਿ ਪੂਰੈ ਪਾਇਆ ਗਲਿ ਮਿਲਿਆ ਪਿਆਰਾ ਆਇ ॥੧॥

ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ ॥੧॥ ਰਹਾਉ ॥

ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮ ਧਿਆਇ ॥
ਜਿਥੈ ਲੇਖਾ ਮੰਗੀਐ ਹਰਿ ਆਪੇ ਲਏ ਛਡਾਇ ॥੨॥

ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਉਮੈ ਆਇ ॥
ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ ॥੩॥

ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ ॥
ਉਪਾਇ ਕਿਤੈ ਨ ਲਭਈ ਗੁਰੁ ਹਿਰਦੈ ਹਰਿ ਦੇਖਾਇ ॥੪॥

ਮਨ ਕਰਹਲਾ ਮੇਰੇ ਪ੍ਰੀਤਮਾ ਦਿਨੁ ਰੈਣਿ ਹਰਿ ਲਿਵ ਲਾਇ ॥
ਘਰੁ ਜਾਇ ਪਾਵਹਿ ਰੰਗ ਮਹਲੀ ਗੁਰੁ ਮੇਲੇ ਹਰਿ ਮੇਲਾਇ ॥੫॥

ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਜਾਇ ॥
ਪਾਖੰਡਿ ਲੋਭੀ ਮਾਰੀਐ ਜਮ ਡੰਡੁ ਦੇਇ ਸਜਾਇ ॥੬॥

ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲੁ ਪਾਖੰਡੁ ਭਰਮੁ ਗਵਾਇ ॥
ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ ॥੭॥

ਮਨ ਕਰਹਲਾ ਮੇਰੇ ਪਿਆਰਿਆ ਇਕ ਗੁਰ ਕੀ ਸਿਖ ਸੁਣਾਇ ॥
ਇਹੁ ਮੋਹੁ ਮਾਇਆ ਪਸਰਿਆ ਅੰਤਿ ਸਾਥਿ ਨ ਕੋਈ ਜਾਇ ॥੮॥

ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ ॥
ਹਰਿ ਦਰਗਹ ਪੈਨਾਇਆ ਹਰਿ ਆਪਿ ਲਇਆ ਗਲਿ ਲਾਇ ॥੯॥

ਮਨ ਕਰਹਲਾ ਗੁਰਿ ਮੰਨਿਆ ਗੁਰਮੁਖਿ ਕਾਰ ਕਮਾਇ ॥
ਗੁਰ ਆਗੈ ਕਰਿ ਜੋਦੜੀ ਜਨ ਨਾਨਕ ਹਰਿ ਮੇਲਾਇ ॥੧੦॥੧॥

Sahib Singh
ਕਰਹਲੇ = ਹੇ ਕਰਹਲਾ !
    ਹੇ ਊਠ ਦੇ ਬੱਚੇ ਵਾਂਗ ਬੇ-ਮੁਹਾਰ !
{ਕਰਭ = ਊਂਠ, ਊਂਠ ਦਾ ਬੱਚਾ} ।
ਪਰਦੇਸੀਆ = ਹੇ ਪਰਾਏ ਦੇਸ ਵਿਚ ਰਹਿਣ ਵਾਲੇ !
ਹਰਿ ਮਾਇ = ਪਰਮਾਤਮਾ = ਮਾਂ ।
ਭਾਗਿ ਪੂਰੈ = ਪੂਰੀ ਕਿਸਮਤਿ ਨਾਲ ।
ਗਲਿ = ਗਲ ਨਾਲ ।੧ ।
ਮਨ ਕਰਹਲਾ = ਹੇ ਕਰਹਲ ਮਨ !
ਹੇ ਬੇ = ਮੁਹਾਰ ਮਨ !
    ।੧।ਰਹਾਉ ।
ਵੀਚਾਰੀਆ = ਵੀਚਾਰਵਾਨ (ਬਣ) ।
ਮੰਗੀਐ = ਮੰਗਿਆ ਜਾਂਦਾ ਹੈ ।
ਆਪੇ = ਆਪ ਹੀ ।੨ ।
ਅਤਿ = ਬਹੁਤ ।
ਮਲੁ = ਮੈਲ ।
ਪਿਰੁ = ਪਤੀ = ਪਰਮਾਤਮਾ ।
ਘਰਿ = ਘਰ ਵਿਚ, ਹਿਰਦੇ ਵਿਚ ।
ਵਿਛੁੜਿ = ਵਿੱਛੁੜ ਕੇ ।੩ ।
ਰਿਦੈ = ਹਿਰਦੇ ਵਿਚ ।
ਭਾਲਿ = ਖੋਜ ਕਰ ।
ਭਾਲਾਇ = ਖੋਜ ਕਰਾ ।
ਉਪਾਇ ਕਿਤੈ = ਕਿਸੇ ਉਪਾਉ ਨਾਲ, ਕਿਸੇ ਹੀਲੇ ਨਾਲ ।
ਲਭਈ = ਲੱਭਦਾ ।੪ ।
ਰੈਣਿ = ਰਾਤ ।
ਲਿਵ ਲਾਇ = ਸੁਰਤਿ ਜੋੜ ।
ਘਰੁ = ਟਿਕਾਣਾ ।
ਜਾਇ = ਜਾ ਕੇ ।
ਰੰਗ ਮਹਲੀ = ਆਤਮਕ ਆਨੰਦ = ਦਾਤੇ ਪ੍ਰਭੂ ਦੇ ਮਹਲ ਵਿਚ ।੫ ।
ਤਜਾਇ = ਤਜ, ਦੂਰ ਕਰ ।
ਪਾਖੰਡਿ = ਪਖੰਡੀ ।
ਮਾਰੀਐ = ਮਾਰਿਆ ਜਾਂਦਾ ਹੈ ।
ਜਮ ਡੰਡੁ = ਜਮ ਦਾ ਡੰਡਾ, ਮੌਤ ਦਾ ਸਹਮ, ਆਤਮਕ ਮੌਤ ਦਾ ਖ਼ਤਰਾ ।੬ ।
ਮੇਰੇ ਪ੍ਰਾਨ = ਹੇ ਮੇਰੀ ਜਿੰਦ !
    ਹੇ ਮੇਰੇ ਪਿਆਰੇ !
ਅੰਮਿ੍ਰਤ ਸਰੁ = ਹਰਿ = ਨਾਮ ਦਾ ਸਰੋਵਰ ।
ਗੁਰਿ = ਗੁਰੂ ਨੇ ।
ਪੂਰਿਆ = ਨਕਾ = ਨਕ ਭਰਿਆ ਹੋਇਆ ਹੈ ।
ਮਿਲਿ = ਮਿਲ ਕੇ ।੭ ।
ਸੁਣਾਇ = ਸੁਣ ।
ਸਿਖ = ਸਿੱਖਿਆ ।
ਪਸਰਿਆ = ਖਿਲਰਿਆ ਹੋਇਆ ਹੈ ।
ਅੰਤਿ = ਆਖਿ਼ਰ ਵੇਲੇ ।੮ ।
ਪਤਿ = ਇੱਜ਼ਤ ।
ਪਾਇ = ਹਾਸਲ ਕਰਦਾ ਹੈ ।
ਪੈਨਾਇਆ = ਸਤਕਾਰਿਆ ਜਾਂਦਾ ਹੈ, ਸਰੋਪਾ ਦਿੱਤਾ ਜਾਂਦਾ ਹੈ ।੯ ।
ਗੁਰਿ = ਗੁਰੂ ਵਿਚ ।
ਮੰਨਿਆ = ਪਤੀਜਿਆਂ, ਪਤੀਜ ਕੇ, ਸਰਧਾ ਧਾਰ ਕੇ ।
ਗੁਰਮੁਖਿ = ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ।
ਜੋਦੜੀ = ਬੇਨਤੀ, ਤਰਲਾ ।
ਮੇਲਾਇ = ਮਿਲਾ ਦੇਹ ।੧੦ ।
    
Sahib Singh
ਹੇ ਊਂਠ ਦੇ ਬੱਚੇ ਵਾਂਗ ਬੇ-ਮੁਹਾਰ (ਮੇਰੇ) ਮਨ! ਪਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਰੱਖ ।੧।ਰਹਾਉ ।
ਹੇ ਬੇ-ਮੁਹਾਰ ਮਨ! ਹੇ (ਇਥੇ) ਪਰਦੇਸ ਵਿਚ ਰਹਿਣ ਵਾਲੇ ਮਨ! (ਤੂੰ ਸਦਾ ਇਸ ਵਤਨ ਵਿਚ ਨਹੀਂ ਟਿਕੇ ਰਹਿਣਾ ।
ਕਦੇ ਸੋਚ ਕਿ ਉਸ) ਪਰਮਾਤਮਾ ਨੂੰ ਕਿਵੇਂ ਮਿਲਿਆ ਜਾਏ (ਜੇਹੜਾ) ਮਾਂ (ਵਾਂਗ ਸਾਨੂੰ ਪਾਲਦਾ ਹੈ) ।
(ਹੇ ਬੇ-ਮੁਹਾਰ ਮਨ! ਜਿਸ ਮਨੁੱਖ ਨੂੰ) ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, ਪਿਆਰਾ ਪਰਮਾਤਮਾ ਉਸ ਦੇ ਗਲ ਨਾਲ ਆ ਲੱਗਦਾ ਹੈ ।੧ ।
ਹੇ ਬੇ-ਮੁਹਾਰ ਮਨ! ਵਿਚਾਰਵਾਨ ਬਣ, ਤੇ, ਪਰਮਾਤਮਾ ਦਾ ਨਾਮ ਸਿਮਰਦਾ ਰਹੁ, (ਜੇ ਸਿਮਰਦਾ ਰਹੇਂਗਾ, ਤਾਂ) ਪਰਮਾਤਮਾ ਆਪ ਹੀ (ਉਥੇ) ਸੁਰਖ਼ਰੂ ਕਰਾ ਲਏਗਾ ਜਿੱਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ।੨ ।
ਹੇ ਬੇ-ਮੁਹਾਰ ਮਨ! ਤੂੰ (ਅਸਲੇ ਵਲੋਂ) ਬਹੁਤ ਪਵਿਤ੍ਰ ਸੀ, ਪਰ ਤੈਨੂੰ ਹਉਮੈ ਦੀ ਮੈਲ ਆ ਚੰਬੜੀ ਹੈ ।
(ਕਿਆ ਅਜਬ ਮੰਦ-ਭਾਗਤਾ ਹੈ ਕਿ) ਪਤੀ-ਪ੍ਰਭੂ ਪਰਤੱਖ ਤੌਰ ਤੇ ਹਿਰਦੇ ਵਿਚ ਵੱਸ ਰਿਹਾ ਹੈ, (ਜਿੰਦ ਦੇ) ਨਾਲ ਵੱਸ ਰਿਹਾ ਹੈ, (ਪਰ ਜਿੰਦ ਮਾਇਆ ਦੇ ਮੋਹ ਦੇ ਕਾਰਨ ਉਸ ਤੋਂ) ਵਿੱਛੁੜ ਕੇ ਦੁੱਖੀ ਹੋ ਰਹੀ ਹੈ ।੩ ।
ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਆਪਣੇ ਹਿਰਦੇ ਵਿਚ ਪਰਮਾਤਮਾ ਦੀ ਢੂੰਢ ਕਰ, ਢੂੰਢ ਕਰਾ ।
ਉਹ ਪਰਮਾਤਮਾ ਕਿਸੇ ਹੋਰ ਹੀਲੇ ਨਾਲ ਨਹੀਂ ਲੱਭਦਾ ।
ਗੁਰੂ (ਹੀ) ਹਿਰਦੇ ਵਿਚ (ਵੱਸਦਾ) ਵਿਖਾਲ ਦੇਂਦਾ ਹੈ ।੪ ।
ਹੇ ਬੇ-ਮੁਹਾਰ ਮਨ! ਹੇ ਮੇਰੇ ਪਿਆਰੇ ਮਨ! ਦਿਨ ਰਾਤ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ।
(ਇਸ ਤ੍ਰਹਾਂ ਉਸ) ਆਨੰਦੀ ਦੇ ਮਹਲ ਵਿਚ ਜਾ ਕੇ ਟਿਕਾਣਾ ਲੱਭ ਲਏਂਗਾ ।
ਪਰ ਗੁਰੂ ਹੀ ਪਰਮਾਤਮਾ ਨਾਲ ਮਿਲਾ ਸਕਦਾ ਹੈ ।੫ ।
ਹੇ ਮੇਰੇ ਬੇ-ਮੁਹਾਰ ਮਨ! ਤੂੰ ਮੇਰਾ ਮਿੱਤਰ ਹੈਂ (ਮੈਂ ਤੈਨੂੰ ਸਮਝਾਂਦਾ ਹਾਂ) ਮਾਇਆ ਦਾ ਲਾਲਚ ਛੱਡ ਦੇ ਤੇ ਪਖੰਡ ਛੱਡ ਦੇ ।
ਪਖੰਡੀ ਤੇ ਲਾਲਚੀ ਦਾ ਆਤਮਕ ਜੀਵਨ ਖ਼ਤਮ ਹੋ ਜਾਂਦਾ ਹੈ ।
ਆਤਮਕ ਮੌਤ ਦਾ ਸਹਮ ਸਦਾ ਉਸ ਦੇ ਸਿਰ ਉਤੇ ਰਹਿੰਦਾ ਹੈ—ਪਰਮਾਤਮਾ ਇਹ ਉਸ ਨੂੰ ਸਜ਼ਾ ਦੇਂਦਾ ਹੈ ।੬ ।
ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਤੂੰ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ, ਪਖੰਡ ਛੱਡ ਦੇ ਤੇ (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇ ।
(ਵੇਖ! ਸਾਧ ਸੰਗਤਿ ਵਿਚ) ਪੂਰੇ ਗੁਰੂ ਨੇ ਹਰਿ-ਨਾਮ ਅੰਮਿ੍ਰਤ ਦਾ ਸਰੋਵਰ ਨਕਾ-ਨਕ ਭਰਿਆ ਹੋਇਆ ਹੈ, ਸਾਧ ਸੰਗਤਿ ਵਿਚ ਮਿਲ ਕੇ (ਉਸ ਸਰੋਵਰ ਵਿਚ ਇਸ਼ਨਾਨ ਕਰ, ਤੇਰੀ ਵਿਕਾਰਾਂ ਦੀ) ਮੈਲ ਲਹਿ ਜਾਏਗੀ ।੭ ।
ਹੇ ਬੇ-ਮੁਹਾਰ ਮਨ! ਹੇ ਮੇਰੇ ਪਿਆਰੇ ਮਨ! ਗੁਰੂ ਦੀ ਇਹ ਸਿੱਖਿਆ (ਧਿਆਨ ਨਾਲ) ਸੁਣ (ਇਹ ਸਾਰੇ ਸਾਕ-ਸੰਬੰਧੀ ਤੇ ਧਨ-ਪਦਾਰਥ—) ਇਹ ਸਾਰਾ ਮਾਇਆ ਦਾ ਮੋਹ (-ਜਾਲ) ਖਿਲਰਿਆ ਹੋਇਆ ਹੈ, ਅੰਤ ਵੇਲੇ (ਇਸ ਵਿਚੋਂ) ਕੋਈ ਭੀ (ਤੇਰੇ) ਨਾਲ ਨਹੀਂ ਜਾਇਗਾ ।੮ ।
ਹੇ ਮੇਰੇ ਸੱਜਣ ਮਨ! ਹੇ ਮੇਰੇ ਬੇ-ਮੁਹਾਰ ਮਨ! ਜਿਸ ਮਨੁੱਖ ਨੇ (ਇਸ ਜੀਵਨ-ਸਫ਼ਰ ਵਿਚ) ਪਰਮਾਤਮਾ (ਦਾ ਨਾਮ-ਧਨ-) ਖ਼ਰਚ ਪੱਲੇ ਬੱਧਾ ਹੈ, ਉਹ (ਲੋਕ-ਪਰਲੋਕ ਵਿਚ) ਇੱਜ਼ਤ ਖੱਟਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਉਸ ਨੂੰ ਆਦਰ-ਸਤਕਾਰ ਮਿਲਦਾ ਹੈ, ਪਰਮਾਤਮਾ ਆਪ ਉਸ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ।੯ ।
ਹੇ ਮੇਰੇ ਬੇ-ਮੁਹਾਰ ਮਨ! ਗੁਰੂ ਵਿਚ ਸਰਧਾ ਧਾਰ ਕੇ ਗੁਰੂ ਦੀ ਦੱਸੀ ਹੋਈ ਕਾਰ ਕਰ ।
ਹੇ ਦਾਸ ਨਾਨਕ! (ਆਖ—ਹੇ ਬੇ-ਮੁਹਾਰ ਮਨ!) ਗੁਰੂ ਦੇ ਅੱਗੇ ਅਰਜ਼ੋਈ ਕਰ (ਹੇ ਗੁਰੂ! ਮਿਹਰ ਕਰ, ਮੈਨੂੰ) ਪਰਮਾਤਮਾ (ਦੇ ਚਰਨਾਂ) ਵਿਚ ਜੋੜੀ ਰੱਖ ।੧੦।੧ ।

ਨੋਟ: ਇਹ ਬਾਣੀ ਜਿਸ ਦਾ ਸਿਰਲੇਖ ‘ਕਰਹਲੇ’ ਹੈ ‘ਅਸ਼ਟਪਦੀਆਂ’ ਹੀ ਹੈ ।
ਇਹ ਗਿਣਤੀ ਵਿਚ ਦੋ ਹਨ ।
Follow us on Twitter Facebook Tumblr Reddit Instagram Youtube