ੴ ਸਤਿਗੁਰ ਪ੍ਰਸਾਦਿ ॥
ਰਾਗੁ ਗਉੜੀ ਬੈਰਾਗਣਿ ਮਹਲਾ ੩ ॥
ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ ॥
ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨਾ ਲਹੰਨਿ ॥੧॥

ਹਰਿ ਹਰਿ ਰਾਖਹੁ ਕ੍ਰਿਪਾ ਧਾਰਿ ॥
ਸਤਸੰਗਤਿ ਮੇਲਾਇ ਪ੍ਰਭ ਹਰਿ ਹਿਰਦੈ ਹਰਿ ਗੁਣ ਸਾਰਿ ॥੧॥ ਰਹਾਉ ॥

ਸੇ ਭਗਤ ਹਰਿ ਭਾਵਦੇ ਜੋ ਗੁਰਮੁਖਿ ਭਾਇ ਚਲੰਨਿ ॥
ਆਪੁ ਛੋਡਿ ਸੇਵਾ ਕਰਨਿ ਜੀਵਤ ਮੁਏ ਰਹੰਨਿ ॥੨॥

ਜਿਸ ਦਾ ਪਿੰਡੁ ਪਰਾਣ ਹੈ ਤਿਸ ਕੀ ਸਿਰਿ ਕਾਰ ॥
ਓਹੁ ਕਿਉ ਮਨਹੁ ਵਿਸਾਰੀਐ ਹਰਿ ਰਖੀਐ ਹਿਰਦੈ ਧਾਰਿ ॥੩॥

ਨਾਮਿ ਮਿਲਿਐ ਪਤਿ ਪਾਈਐ ਨਾਮਿ ਮੰਨਿਐ ਸੁਖੁ ਹੋਇ ॥
ਸਤਿਗੁਰ ਤੇ ਨਾਮੁ ਪਾਈਐ ਕਰਮਿ ਮਿਲੈ ਪ੍ਰਭੁ ਸੋਇ ॥੪॥

ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭ੍ਰਮਦੇ ਨਾ ਟਿਕੰਨਿ ॥
ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ ॥੫॥

ਇਹੁ ਜਗੁ ਭਰਮਿ ਭੁਲਾਇਆ ਮੋਹ ਠਗਉਲੀ ਪਾਇ ॥
ਜਿਨਾ ਸਤਿਗੁਰੁ ਭੇਟਿਆ ਤਿਨ ਨੇੜਿ ਨ ਭਿਟੈ ਮਾਇ ॥੬॥

ਸਤਿਗੁਰੁ ਸੇਵਨਿ ਸੋ ਸੋਹਣੇ ਹਉਮੈ ਮੈਲੁ ਗਵਾਇ ॥
ਸਬਦਿ ਰਤੇ ਸੇ ਨਿਰਮਲੇ ਚਲਹਿ ਸਤਿਗੁਰ ਭਾਇ ॥੭॥

ਹਰਿ ਪ੍ਰਭ ਦਾਤਾ ਏਕੁ ਤੂੰ ਤੂੰ ਆਪੇ ਬਖਸਿ ਮਿਲਾਇ ॥
ਜਨੁ ਨਾਨਕੁ ਸਰਣਾਗਤੀ ਜਿਉ ਭਾਵੈ ਤਿਵੈ ਛਡਾਇ ॥੮॥੧॥੯॥

Sahib Singh
ਤੇ = ਤੋਂ ।
ਜੋ = ਜੇਹੜੇ ਬੰਦੇ ।
ਤੇ = ਉਹ ਬੰਦੇ ।
ਦਿਸੰਨਿ = ਦਿੱਸਦੇ ਹਨ ।
ਅਨਦਿਨੁ = ਹਰ ਰੋਜ਼, ਹਰ ਵੇਲੇ ।
ਬਧੇ = (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਬੱਝੇ ਹੋਏ ।
ਮਾਰੀਅਨਿ = ਮਾਰੀਦੇ ਹਨ, ਮੋਹ ਦੀਆਂ ਚੋਟਾਂ ਖਾਂਦੇ ਹਨ ।
ਵੇਲਾ = ਸਮਾ (ਇਹਨਾਂ ਚੋਟਾਂ ਤੋਂ ਬਚ ਨਿਕਲਣ ਵਾਸਤੇ) ।
ਲਹੰਨਿ = ਲੈਂਦੇ, ਲੱਭ ਸਕਦੇ ।੧ ।
ਹਰਿ = ਹੇ ਰਹੀ !
ਧਾਰਿ = ਧਾਰ ਕੇ ।
ਪ੍ਰਭ = ਹੇ ਪ੍ਰਭੂ !
ਸਾਰਿ = ਸਾਰੀਂ, ਮੈਂ ਸੰਭਾਲਾਂ ।੧।ਰਹਾਉ ।
ਭਗਤ = {ਬਹੁ = ਬਚਨ} ।
ਭਾਇ = ਪ੍ਰੇਮ ਵਿਚ ।
ਚਲੰਨਿ = ਤੁਰਦੇ ਹਨ, ਜੀਵਨ ਬਤੀਤ ਕਰਦੇ ਹਨ ।
ਆਪੁ = ਆਪਾ = ਭਾਵ ।
ਮੁਏ = ਵਿਕਾਰਾਂ ਵਲੋਂ ਅਛੋਹ ।੨ ।
ਪਿੰਡੁ = ਸਰੀਰ ।
ਪਰਾਣ = ਜਿੰਦ ।
ਸਿਰਿ = ਸਿਰ ਤੇ ।
ਕਾਰ = ਹਕੂਮਤਿ ।
ਮਨਹੁ = ਮਨ ਤੋਂ ।੩ ।
ਨਾਮਿ ਮਿਲਿਐ = ਜੇ ਨਾਮ ਮਿਲ ਜਾਏ ।
ਪਤਿ = ਇੱਜ਼ਤ ।
ਨਾਮਿ ਮੰਨੀਐ = ਜੇ ਮਨ ਨਾਮ ਵਿਚ ਪਤੀਜ ਜਾਏ ।
ਤੇ = ਤੋਂ, ਪਾਸੋਂ ।
ਕਰਮਿ = ਮਿਹਰ ਨਾਲ ।੪ ।
ਓਇ = {‘ਓਹ’ ਤੋਂ ਬਹੁ = ਵਚਨ} ।
ਭ੍ਰਮਦੇ = ਭਟਕਦੇ ।
ਝਲਈ = ਝੱਲਦਾ, ਸਹਾਰਾ ਦੇਂਦਾ ।
ਪਚੰਨਿ = ਦੁਖੀ ਹੁੰਦੇ ਹਨ, ਸੜਦੇ ਹਨ, ਆਤਮਕ ਜੀਵਨ ਸਾੜ ਲੈਂਦੇ ਹਨ ।੫ ।
ਭਰਮਿ = ਭਟਕਣਾ ਵਿਚ ।
ਭੁਲਾਇਆ = ਕੁਰਾਹੇ ਪਾਇਆ ਹੈ ।
ਠਗਉਲੀ = ਠਗ = ਬੂਟੀ, ਠਗ-ਮੂਰੀ ।
ਭੇਟਿਆ = ਮਿਲਿਆ ।
ਮਾਇ = ਮਾਇਆ ।
ਭਿਟੈ = ਢੁਕਦੀ ।੬।ਸੇਵਨਿ—ਸੇਂਵਦੇ ਹਨ ।
ਸਬਦਿ = ਸ਼ਬਦ ਵਿਚ ।
ਰਤੇ = ਰੰਗੇ ਹੋਏ ।
ਭਾਇ = ਪ੍ਰੇਮ ਵਿਚ ।੭ ।
ਪ੍ਰਭ = ਹੇ ਪ੍ਰਭੂ !
ਬਖਸਿ = ਬਖ਼ਸ਼ਸ਼ ਕਰ ਕੇ ।
ਮਿਲਾਇ = (ਆਪਣੇ ਚਰਨਾਂ ਨਾਲ) ਜੋੜ ।
ਜਨੁ = ਦਾਸ ।
ਸਰਣਾਗਤੀ = ਸਰਨ ਆਇਆ ਹੈ ।
ਭਾਵੈ = ਚੰਗਾ ਲੱਗੇ ।੮ ।
    
Sahib Singh
ਹੇ ਹਰੀ! ਹੇ ਹਰੀ! ਮਿਹਰ ਕਰ, (ਮੈਨੂੰ ਮਾਇਆ ਦੇ ਪੰਜੇ ਤੋਂ) ਬਚਾ ਰੱਖ ।
ਹੇ ਹਰੀ! ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਵਿਚ ਮੇਲ ਰੱਖ, ਤਾ ਕਿ ਮੈਂ ਤੇਰੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਾਂ ।੧।ਰਹਾਉ ।
(ਹੇ ਭਾਈ!) ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਫੇਰੀ ਰੱਖਦੇ ਹਨ, ਗੁਰੂ ਵਲੋਂ ਬੇਮੁਖ ਹੋਏ ਉਹ ਮਨੁੱਖ (ਵੇਖਣ ਨੂੰ ਹੀ ਪਏ) ਭੈੜੇ ਦਿੱਸਦੇ ਹਨ ।
(ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਬੱਝੇ ਹੋਏ ਉਹ ਮਨੁੱਖ ਹਰ ਵੇਲੇ ਮੋਹ ਦੀਆਂ ਚੋਟਾਂ ਖਾਂਦੇ ਰਹਿੰਦੇ ਹਨ, (ਇਹਨਾਂ ਚੋਟਾਂ ਤੋਂ ਬਚਣ ਲਈ) ਉਹਨਾਂ ਨੂੰ ਮੁੜ ਸਮਾ ਹੱਥ ਨਹੀਂ ਆਉਂਦਾ, (ਭਾਵ, ਮਾਰ ਭੀ ਖਾਂਦੇ ਰਹਿੰਦੇ ਹਨ, ਫਿਰ ਭੀ ਇਹ ਮੋਹ ਇਤਨਾ ਪਿਆਰਾ ਲੱਗਦਾ ਹੈ ਕਿ ਇਸ ਵਿਚੋਂ ਨਿਕਲਣ ਨੂੰ ਜੀ ਭੀ ਨਹੀਂ ਕਰਦਾ) ।੧ ।
(ਹੇ ਭਾਈ!) ਪਰਮਾਤਮਾ ਨੂੰ ਉਹ ਭਗਤ ਪਿਆਰੇ ਲੱਗਦੇ ਹਨ, ਜੇਹੜੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਦੱਸੇ ਅਨੁਸਾਰ ਜੀਵਨ ਬਿਤੀਤ ਕਰਦੇ ਹਨ, ਜੇਹੜੇ (ਗੁਰੂ ਦੇ ਹੁਕਮ ਅਨੁਸਾਰ) ਆਪਾ-ਭਾਵ (ਸੁਆਰਥ) ਛੱਡ ਕੇ ਸੇਵਾ-ਭਗਤੀ ਕਰਦੇ ਹਨ ਤੇ ਦੁਨੀਆ ਦਾ ਕਾਰ-ਵਿਹਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦੇ ਹਨ ।੨ ।
(ਹੇ ਭਾਈ!) ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਹੈ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਉਸੇ ਦਾ ਹੁਕਮ (ਹੀ) ਹਰੇਕ ਦੇ ਸਰੀਰ ਉਤੇ ਚੱਲ ਰਿਹਾ ਹੈ ।
ਉਸ ਨੂੰ ਕਿਸੇ ਭੀ ਹਾਲਤ ਵਿਚ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ।
ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਰੱਖਣਾ ਚਾਹੀਦਾ ਹੈ ।੩ ।
(ਹੇ ਭਾਈ!) ਜੇ ਪਰਮਾਤਮਾ ਦਾ ਨਾਮ ਮਿਲ ਜਾਏ ਤਾਂ (ਹਰ ਥਾਂ) ਇੱਜ਼ਤ ਮਿਲਦੀ ਹੈ, ਜੇ ਪਰਮਾਤਮਾ ਦੇ ਨਾਮ ਨਾਲ ਮਨ ਗਿੱਝ ਜਾਏ ਤਾਂ ਆਤਮਕ ਆਨੰਦ ਹਾਸਲ ਹੁੰਦਾ ਹੈ, (ਪਰ, ਹੇ ਭਾਈ!) ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਆਪਣੀ ਮਿਹਰ ਨਾਲ ਹੀ ਉਹ ਪਰਮਾਤਮਾ ਮਿਲਦਾ ਹੈ ।੪ ।
(ਹੇ ਭਾਈ!) ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਮਨੁੱਖ (ਮਾਇਆ ਦੇ ਮੋਹ ਵਿਚ ਸਦਾ) ਭਟਕਦੇ ਫਿਰਦੇ ਹਨ, ਉਹਨਾਂ ਨੂੰ ਕਦੇ ਆਤਮਕ ਸ਼ਾਂਤੀ ਨਹੀਂ ਲੱਭਦੀ ।
ਉਹਨਾਂ ਨੂੰ ਨਾਹ ਧਰਤੀ ਨਾਹ ਆਸਮਾਨ ਝੱਲ ਨਹੀਂ ਸਕਦਾ (ਸਾਰੀ ਸਿ੍ਰਸ਼ਟੀ ਵਿਚ ਕੋਈ ਹੋਰ ਜੀਵ ਉਹਨਾਂ ਨੂੰ ਆਤਮਕ ਸਹਾਰਾ ਨਹੀਂ ਦੇ ਸਕਦਾ) ਉਹ ਮਾਇਆ ਦੇ ਮੋਹ ਦੇ ਗੰਦ ਵਿਚ ਪਏ ਹੋਏ ਹੀ ਆਪਣਾ ਆਤਮਕ ਜੀਵਨ ਸਾੜਦੇ ਰਹਿੰਦੇ ਹਨ ।੫ ।
(ਹੇ ਭਾਈ! ਮਾਇਆ ਨੇ) ਇਸ ਜਗਤ ਨੂੰ (ਆਪਣੇ ਮੋਹ ਦੀ) ਭਟਕਣਾ ਵਿਚ (ਪਾ ਕੇ) ਮੋਹ ਦੀ ਠਗ-ਬੂਟੀ ਖੁਆ ਕੇ ਗ਼ਲਤ ਜੀਵਨ-ਰਾਹ ਤੇ ਪਾਇਆ ਹੋਇਆ ਹੈ, (ਪਰ ਹੇ ਭਾਈ!) ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਇਹ ਮਾਇਆ ਉਹਨਾਂ ਦੇ ਨੇੜੇ ਭੀ ਨਹੀਂ ਢੁੱਕਦੀ (ਉਹਨਾਂ ਉਤੇ ਆਪਣੇ ਮੋਹ ਦਾ ਜਾਦੂ ਨਹੀਂ ਚਲਾ ਸਕਦੀ) ।੬ ।
(ਹੇ ਭਾਈ!) ਜੇਹੜੇ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਕੇ ਸੁਥਰੇ ਜੀਵਨ ਵਾਲੇ ਬਣ ਜਾਂਦੇ ਹਨ ।
ਜੇਹੜੇ ਮਨੁੱਖ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਗੁਰੂ ਦੇ ਦੱਸੇ ਹੁਕਮ ਅਨੁਸਾਰ ਤੁਰਦੇ ਹਨ, (ਜੀਵਨ ਬਿਤਾਂਦੇ ਹਨ)।੭ ।
ਹੇ ਹਰੀ! ਹੇ ਪ੍ਰਭੂ! ਸਿਰਫ਼ ਤੂੰ ਹੀ ਹੈਂ ਜੋ (ਗੁਰੂ ਦੀ ਰਾਹੀਂ ਆਪਣੇ ਨਾਮ ਦੀ) ਦਾਤਿ ਦੇਣ ਵਾਲਾ ਹੈਂ, ਤੂੰ ਆਪ ਹੀ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ ।
(ਮੈਂ ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਉਸੇ ਤ੍ਰਹਾਂ (ਇਸ ਮਾਇਆ ਦੇ ਮੋਹ ਦੇ ਪੰਜੇ ਤੋਂ) ਬਚਾ ਲੈ ।੮।੧।੯ ।

ਨੋਟ: ਅੰਕ ੧ ਦੱਸਦਾ ਹੈ ਕਿ ਇਹ ਅਸ਼ਟਪਦੀ ‘ਗਉੜੀ ਬੈਰਾਗਣਿ’ ਦੀ ਹੈ, ਪਹਿਲੀਆਂ ੮ ਅਸ਼ਟਪਦੀਆਂ ‘ਗਉੜੀ ਗੁਆਰੇਰੀ’ ਦੀਆਂ ਹਨ ।
ਕੁੱਲ ਜੋੜ ੯ ਹੈ ।
Follow us on Twitter Facebook Tumblr Reddit Instagram Youtube