ਗਉੜੀ ਮਃ ੩ ॥
ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ॥
ਪੂਰੈ ਗੁਰਿ ਸਭ ਸੋਝੀ ਪਾਈ ॥
ਐਥੈ ਅਗੈ ਹਰਿ ਨਾਮੁ ਸਖਾਈ ॥੧॥

ਰਾਮ ਪੜਹੁ ਮਨਿ ਕਰਹੁ ਬੀਚਾਰੁ ॥
ਗੁਰ ਪਰਸਾਦੀ ਮੈਲੁ ਉਤਾਰੁ ॥੧॥ ਰਹਾਉ ॥

ਵਾਦਿ ਵਿਰੋਧਿ ਨ ਪਾਇਆ ਜਾਇ ॥
ਮਨੁ ਤਨੁ ਫੀਕਾ ਦੂਜੈ ਭਾਇ ॥
ਗੁਰ ਕੈ ਸਬਦਿ ਸਚਿ ਲਿਵ ਲਾਇ ॥੨॥

ਹਉਮੈ ਮੈਲਾ ਇਹੁ ਸੰਸਾਰਾ ॥
ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ ॥
ਬਿਨੁ ਗੁਰ ਭੇਟੇ ਜਮੁ ਕਰੇ ਖੁਆਰਾ ॥੩॥

ਸੋ ਜਨੁ ਸਾਚਾ ਜਿ ਹਉਮੈ ਮਾਰੈ ॥
ਗੁਰ ਕੈ ਸਬਦਿ ਪੰਚ ਸੰਘਾਰੈ ॥
ਆਪਿ ਤਰੈ ਸਗਲੇ ਕੁਲ ਤਾਰੈ ॥੪॥

ਮਾਇਆ ਮੋਹਿ ਨਟਿ ਬਾਜੀ ਪਾਈ ॥
ਮਨਮੁਖ ਅੰਧ ਰਹੇ ਲਪਟਾਈ ॥
ਗੁਰਮੁਖਿ ਅਲਿਪਤ ਰਹੇ ਲਿਵ ਲਾਈ ॥੫॥

ਬਹੁਤੇ ਭੇਖ ਕਰੈ ਭੇਖਧਾਰੀ ॥
ਅੰਤਰਿ ਤਿਸਨਾ ਫਿਰੈ ਅਹੰਕਾਰੀ ॥
ਆਪੁ ਨ ਚੀਨੈ ਬਾਜੀ ਹਾਰੀ ॥੬॥

ਕਾਪੜ ਪਹਿਰਿ ਕਰੇ ਚਤੁਰਾਈ ॥
ਮਾਇਆ ਮੋਹਿ ਅਤਿ ਭਰਮਿ ਭੁਲਾਈ ॥
ਬਿਨੁ ਗੁਰ ਸੇਵੇ ਬਹੁਤੁ ਦੁਖੁ ਪਾਈ ॥੭॥

ਨਾਮਿ ਰਤੇ ਸਦਾ ਬੈਰਾਗੀ ॥
ਗ੍ਰਿਹੀ ਅੰਤਰਿ ਸਾਚਿ ਲਿਵ ਲਾਗੀ ॥
ਨਾਨਕ ਸਤਿਗੁਰੁ ਸੇਵਹਿ ਸੇ ਵਡਭਾਗੀ ॥੮॥੩॥

Sahib Singh
ਜੁਗ = ਮਨੁੱਖਾ ਜੀਵਨ, ਸੰਸਾਰ ।
ਧਰਮੁ = ਕਰਤੱਬ, ਫ਼ਰਜ਼ ।
ਭਾਈ = ਹੇ ਭਾਈ !
ਪੂਰੈ ਗੁਰਿ = ਪੂਰੇ ਗੁਰੂ ਨੇ ।
ਪਾਈ = ਦੇ ਦਿੱਤੀ ਹੈ ।
ਐਥੈ = ਇਸ ਲੋਕ ਵਿਚ ।
ਅਗੈ = ਪਰਲੋਕ ਵਿਚ ।
ਸਖਾਈ = ਸਾਥੀ ।੧ ।
ਮਨਿ = ਮਨ ਵਿਚ ।
ਪਰਸਾਦੀ = ਪਰਸਾਦਿ, ਕਿਰਪਾ ਨਾਲ ਹੀ ।
ਉਤਾਰੁ = ਲਾਹ, ਦੂਰ ਕਰ ।੧।ਰਹਾਉ ।
ਵਾਦਿ = ਵਾਦ ਦੀ ਰਾਹੀਂ, ਝਗੜੇ ਦੀ ਰਾਹੀਂ, ਧਾਰਮਿਕ ਬਹਿਸ ਦੀ ਰਾਹੀਂ ।
ਵਿਰੋਧਿ = ਵਿਰੋਧ ਨਾਲ, ਖੰਡਨ ਕਰਨ ਨਾਲ ।
ਫੀਕਾ = ਬੇ = ਰਸ, ਰੁੱਖਾ, ਆਤਮਕ ਰਸ ਤੋਂ ਸੱਖਣਾ ।
ਦੂਜੈ ਭਾਇ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਪਿਆਰ ਵਿਚ ।੨ ।
ਤੀਰਥਿ = ਤੀਰਥ ਉਤੇ ।
ਨਾਵੈ = ਨ੍ਹਾਵੈ, ਇਸ਼ਨਾਨ ਕਰਦਾ ਹੈ ।
ਬਿਨੁ ਗੁਰ ਭੇਟੇ = ਗੁਰੂ ਨੂੰ ਮਿਲਣ ਤੋਂ ਬਿਨਾ ।
ਜਮੁ = ਮੌਤ, ਆਤਮਕ ਮੌਤ ।੩ ।
ਜਿ = ਜੇਹੜਾ ।
ਸਬਦਿ = ਸ਼ਬਦ ਦੀ ਰਾਹੀਂ ।
ਪੰਚ = ਕਾਮਾਦਿਕ ਪੰਜਾਂ ਨੂੰ ।
ਸੰਘਾਰੈ = ਮਾਰ ਦੇਂਦਾ ਹੈ ।੪ ।
ਮੋਹਿ = ਮੋਹ ਦੀ ਰਾਹੀਂ ।
ਨਟਿ = ਨਟ ਨੇ, ਪ੍ਰਭੂ = ਨਟ ਨੇ ।
ਬਾਜੀ = ਜਗਤ ਰਚਨਾ ਦੀ ਬਾਜ਼ੀ ।
ਅਲਿਪਤ = ਨਿਰਲੇਪ ।
ਲਿਵ = ਲਗਨ ।੫ ।
ਭੇਖ = ਧਾਰਮਿਕ ਪਹਿਰਾਵੇ ।
ਭੇਖਧਾਰੀ = ਧਾਰਮਿਕ ਪਹਿਰਾਵੇ ਦਾ ਧਾਰਨੀ, ਧਾਰਮਿਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲਾ ।
ਤਿਸਨਾ = ਮਾਇਆ ਦੀ ਤ੍ਰੇਹ ।
ਆਪੁ = ਆਪਣੇ ਆਪ ਨੂੰ ।
ਚੀਨੈ = ਪਰਖਦਾ ਹੈ ।੬ ।
ਕਾਪੜ = ਧਾਰਮਿਕ ਪਹਿਰਾਵੈ ।
ਭਰਮਿ = ਭਟਕਣਾ ਵਿਚ ।
ਭੁਲਾਈ = ਕੁਰਾਹੇ ਪਿਆ ਰਹਿੰਦਾ ਹੈ ।੭ ।
ਨਾਮਿ = ਨਾਮ ਵਿਚ ।
ਬੈਰਾਗੀ = ਵੈਰਾਗਵਾਨ, ਵਿਰਕਤ, ਮਾਇਆ ਦੇ ਪ੍ਰਭਾਵ ਤੋਂ ਬਚੇ ਹੋਏ ।
ਗਿ੍ਰਹੀ ਅੰਤਰਿ = ਗਿ੍ਰਹ ਹੀ ਅੰਤਰਿ, ਘਰ ਦੇ ਅੰਦਰ ਹੀ ।
ਸਾਚਿ = ਸਦਾ = ਥਿਰ ਪ੍ਰਭੂ ਵਿਚ ।
ਸੇ = ਉਹ ਬੰਦੇ ।੮ ।
    
Sahib Singh
(ਹੇ ਭਾਈ!) ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਪੜ੍ਹੋ, (ਆਪਣੇ) ਮਨ ਵਿਚ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰੋ, (ਇਸ ਤ੍ਰਹਾਂ) ਗੁਰੂ ਦੀ ਕਿਰਪਾ ਨਾਲ (ਆਪਣੇ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ।੧।ਰਹਾਉ।ਹੇ ਭਾਈ! ਇਸ ਮਨੁੱਖਾ ਜਨਮ ਦਾ ਕਰਤੱਬ ਪੜ੍ਹੋ (ਭਾਵ, ਇਹ ਸਿੱਖੋ ਕਿ ਮਨੁੱਖਾ ਜਨਮ ਵਿਚ ਜੀਵਨ ਸਫਲ ਕਰਨ ਵਾਸਤੇ ਕੀਹ ਉੱਦਮ ਕਰਨਾ ਚਾਹੀਦਾ ਹੈ) ।
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਇਹ ਸੂਝ ਦੇ ਦਿੱਤੀ ਹੈ ਕਿ ਇਸ ਲੋਕ ਵਿਚ ਤੇ ਪਰਲੋਕ ਵਿਚ ਪਰਮਾਤਮਾ ਦਾ ਨਾਮ (ਹੀ ਅਸਲ) ਸਾਥੀ ਹੈ ।੧ ।
(ਹੇ ਭਾਈ! ਕਿਸੇ ਧਾਰਮਿਕ) ਬਹਸ ਕਰਨ ਨਾਲ (ਜਾਂ ਕਿਸੇ ਧਰਮ ਦਾ) ਖੰਡਨ ਕਰਨ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ (ਇਸ ਤ੍ਰਹਾਂ ਪਰਮਾਤਮਾ ਦੇ ਨਾਮ ਦੀ ਲਗਨ ਤੋਂ ਖੁੰਝ ਕੇ) ਹੋਰ ਸੁਆਦ ਵਿਚ ਪਿਆਂ ਮਨ ਆਤਮਕ ਜੀਵਨ ਤੋਂ ਸੱਖਣਾ ਹੋ ਜਾਂਦਾ ਹੈ, ਸਰੀਰ (ਹਿਰਦਾ) ਆਤਮਕ ਜੀਵਨ ਤੋਂ ਸੁੰਞਾ ਹੋ ਜਾਂਦਾ ਹੈ ।
ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਮਨੁੱਖ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਸਕਦਾ ਹੈ ।੨ ।
(ਹੇ ਭਾਈ! ਗੁਰੂ ਨੂੰ ਮਿਲਣ ਤੋਂ ਬਿਨਾ) ਇਹ ਜਗਤ (ਭਾਵ, ਦੁਨੀਆ ਦਾ ਇਹ ਮਨੁੱਖ) ਹਉਮੈ (ਦੇ ਵਿਕਾਰ) ਨਾਲ ਮਲੀਨ (-ਮਨ) ਹੋ ਜਾਂਦਾ ਹੈ, ਸਦਾ ਤੀਰਥ ਉਤੇ ਇਸ਼ਨਾਨ (ਭੀ) ਕਰਦਾ ਹੈ (ਪਰ ਇਸ ਤ੍ਰਹਾਂ ਇਸ ਦੇ ਮਨ ਦਾ) ਅਹੰਕਾਰ ਦੂਰ ਨਹੀਂ ਹੁੰਦਾ, ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤ ਇਸ ਨੂੰ ਖ਼ੁਆਰ ਕਰਦੀ ਰਹਿੰਦੀ ਹੈ ।੩ ।
(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਨੂੰ ਦੂਰ ਕਰ ਲੈਂਦਾ ਹੈ ਤੇ (ਕਾਮਾਦਿਕ) ਪੰਜਾਂ ਨੂੰ ਮਾਰ ਮੁਕਾਂਦਾ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਤੇ ਆਪਣੇ ਸਾਰੇ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ।੪ ।
(ਹੇ ਭਾਈ! ਜਿਵੇਂ ਜਦੋਂ ਕੋਈ ਨਟ ਬਾਜ਼ੀ ਪਾਂਦਾ ਹੈ ਤਾਂ ਲੋਕ ਤਮਾਸ਼ਾ ਵੇਖਣ ਆ ਇਕੱਠੇ ਹੁੰਦੇ ਹਨ, ਤਿਵੇਂ) (ਪ੍ਰਭੂ) ਨਟ ਨੇ ਮਾਇਆ ਦੇ ਮੋਹ ਦੀ ਰਾਹੀਂ ਇਹ (ਜਗਤ-ਰਚਨਾ ਦਾ) ਤਮਾਸ਼ਾ ਰਚ ਦਿੱਤਾ ਹੈ, (ਇਸਨੂੰ ਵੇਖ ਵੇਖ ਕੇ) ਆਪਣੇ ਮਨ ਦੇ ਪਿਛੇ ਤੁਰਨ ਵਾਲੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ (ਇਸ ਤਮਾਸ਼ੇ ਨਾਲ) ਚੰਬੜ ਰਹੇ ਹਨ, ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ (ਇਸ ਤਮਾਸ਼ੇ ਤੋਂ) ਨਿਰਲੇਪ ਰਹਿੰਦੇ ਹਨ ।੫ ।
(ਹੇ ਭਾਈ!) ਨਿਰੇ ਧਾਰਮਿਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲਾ ਮਨੁੱਖ ਅਨੇਕਾਂ ਧਾਰਮਿਕ ਪਹਿਰਾਵੇ ਕਰਦਾ ਹੈ, (ਪਰ ਉਸ ਦੇ) ਅੰਦਰ (ਮਾਇਆ ਦੀ) ਤ੍ਰਿਸ਼ਨਾ (ਬਣੀ ਰਹਿੰਦੀ ਹੈ) ਉਹ ਅਹੰਕਾਰ ਵਿਚ ਹੀ ਵਿਚਰਦਾ ਹੈ, ਉਹ ਆਪਣੇ ਜੀਵਨ ਨੂੰ ਨਹੀਂ ਪਰਖਦਾ (ਇਸ ਵਾਸਤੇ) ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ ।੬ ।
(ਹੇ ਭਾਈ!) ਜੇਹੜਾ ਮਨੁੱਖ ਨਿਰੇ ਧਾਰਮਿਕ ਪਹਿਰਾਵੇ ਕਰ ਕੇ ਹੀ ਚਤੁਰਾਈ (ਦੀਆਂ ਗੱਲਾਂ) ਕਰਦਾ ਹੈ (ਕਿ ਮੈਂ ਧਰਮੀ ਹਾਂ, ਪਰ ਅੰਦਰੋਂ) ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ, ਉਹ ਮਨੁੱਖ ਗੁਰੂ ਦੀ ਸਰਨ ਨਾਹ ਆਉਣ ਕਰਕੇ ਬਹੁਤ ਦੁੱਖ ਪਾਂਦਾ ਹੈ ।੭ ।
(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਸਦਾ ਵੈਰਾਗਮਾਨ ਰਹਿੰਦੇ ਹਨ, ਗਿ੍ਰਹਸਤ ਵਿਚ ਰਹਿੰਦਿਆਂ ਹੀ ਉਹਨਾਂ ਦੀ ਲਗਨ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ ।
ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਕਿਉਂਕਿ ਉਹ ਗੁਰੂ ਦੀ ਸਰਨ ਪਏ ਰਹਿੰਦੇ ਹਨ ।੮।੩ ।
Follow us on Twitter Facebook Tumblr Reddit Instagram Youtube