ਰਾਗੁ ਗਉੜੀ ਗੁਆਰੇਰੀ ਮਹਲਾ ੩ ਅਸਟਪਦੀਆ
ੴ ਸਤਿਗੁਰ ਪ੍ਰਸਾਦਿ ॥
ਮਨ ਕਾ ਸੂਤਕੁ ਦੂਜਾ ਭਾਉ ॥
ਭਰਮੇ ਭੂਲੇ ਆਵਉ ਜਾਉ ॥੧॥

ਮਨਮੁਖਿ ਸੂਤਕੁ ਕਬਹਿ ਨ ਜਾਇ ॥
ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥੧॥ ਰਹਾਉ ॥

ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥
ਮਰਿ ਮਰਿ ਜੰਮੈ ਵਾਰੋ ਵਾਰ ॥੨॥

ਸੂਤਕੁ ਅਗਨਿ ਪਉਣੈ ਪਾਣੀ ਮਾਹਿ ॥
ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥੩॥

ਸੂਤਕਿ ਕਰਮ ਨ ਪੂਜਾ ਹੋਇ ॥
ਨਾਮਿ ਰਤੇ ਮਨੁ ਨਿਰਮਲੁ ਹੋਇ ॥੪॥

ਸਤਿਗੁਰੁ ਸੇਵਿਐ ਸੂਤਕੁ ਜਾਇ ॥
ਮਰੈ ਨ ਜਨਮੈ ਕਾਲੁ ਨ ਖਾਇ ॥੫॥

ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ ॥
ਵਿਣੁ ਨਾਵੈ ਕੋ ਮੁਕਤਿ ਨ ਹੋਇ ॥੬॥

ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ ॥
ਕਲਿ ਮਹਿ ਗੁਰਮੁਖਿ ਉਤਰਸਿ ਪਾਰਿ ॥੭॥

ਸਾਚਾ ਮਰੈ ਨ ਆਵੈ ਜਾਇ ॥
ਨਾਨਕ ਗੁਰਮੁਖਿ ਰਹੈ ਸਮਾਇ ॥੮॥੧॥

Sahib Singh
ਸੂਤਕੁ = ਕਿਸੇ ਬਾਲਕ ਦੇ ਜਨਮ ਨਾਲ ਕਿਸੇ ਘਰ ਵਿਚ ਪੈਦਾ ਹੋਈ ਅਪਵਿਤ੍ਰਤਾ ।
ਭਾਉ = ਪਿਆਰ ।
ਦੂਜਾ ਭਾਉ = ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ ਹੋਰ ਨਾਲ ਪਾਇਆ ਹੋਇਆ ਪਿਆਰ ।
ਆਵਉ ਜਾਉ = ਜਨਮ ਮਰਨ ਦਾ ਗੇੜ ।੧ ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ।
ਸਬਦਿ = ਸ਼ਬਦ ਵਿਚ ।
ਭੀਜੈ = ਭਿੱਜਦਾ ਹੈ, ਪਤੀਜਦਾ ।
ਨਾਇ = ਨਾਮ ਵਿਚ ।੧।ਰਹਾਉ ।
ਸਭੋ = ਸਾਰਾ ਹੀ ।
ਜੇਤਾ = ਜਿਤਨਾ ਹੀ ।
ਆਕਾਰੁ = ਇਹ ਦਿੱਸਦਾ ਜਗਤ ।
ਵਾਰੋ ਵਾਰ = ਮੁੜ ਮੁੜ ।੨ ।
ਮਾਹਿ = ਵਿਚ ।
ਜੇਤਾ ਕਿਛੁ = ਜਿਤਨਾ ਕੁਝ ।੩ ।
ਸੂਤਕਿ = ਅਪਵਿਤ੍ਰਤਾ ਦੇ ਕਾਰਨ ।
ਨਾਮਿ = ਨਾਮ ਵਿਚ ।੪ ।
ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਸਰਨ ਲਈ ਜਾਏ ।
ਜਾਇ = ਦੂਰ ਹੁੰਦਾ ਹੈ ।
ਕਾਲੁ = ਮੌਤ, ਆਤਮਕ ਮੌਤ ।੫ ।
ਸੋਧਿ ਦੇਖਹੁ = ਵਿਚਾਰ ਕੇ ਵੇਖ ਲਵੋ ।
ਕੋ = ਕੋਈ ਮਨੁੱਖ ।
ਮੁਕਤਿ = ਸੂਤਕ ਤੋਂ ਖ਼ਲਾਸੀ ।੬ ।
ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ ।
ਸਬਦੁ ਬੀਚਾਰਿ = ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ।
ਕਲਿ ਮਹਿ = ਇਸ ਸਮੇ ਵਿਚ ਭੀ ਜਿਸਨੂੰ ਕਲਿਜੁਗ ਕਹਿ ਰਹੇ ਹਾਂ ।
ਗੁਰਮੁਖਿ = ਗੁਰੂ ਦੀ ਸਰਨ ਪਿਆ ਮਨੁੱਖ (ਹੀ) ।੭ ।
ਸਾਚਾ = ਸਦਾ ਕਾਇਮ ਰਹਿਣ ਵਾਲਾ ।
ਨ ਆਵੈ ਜਾਇ = ਆਉਂਦਾ ਜਾਂਦਾ ਨਹੀਂ, ਜੰਮਦਾ ਮਰਦਾ ਨਹੀਂ ।
ਗੁਰਮੁਖਿ = ਗੁਰੂ ਦੀ ਸਰਨਿ ਰਹਿਣ ਵਾਲਾ ਮਨੁੱਖ ।੮ ।
    
Sahib Singh
(ਹੇ ਭਾਈ!) ਜਿਤਨਾ ਚਿਰ (ਮਨੁੱਖ ਗੁਰੂ ਦੇ) ਸ਼ਬਦ ਵਿਚ ਨਹੀਂ ਪਤੀਜਦਾ, ਪਰਮਾਤਮਾ ਦੇ ਨਾਮ ਵਿਚ ਨਹੀਂ ਜੁੜਦਾ (ਉਤਨਾ ਚਿਰ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਤੇ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਦੇ ਮਨ) ਦੀ ਅਪਵਿਤ੍ਰਤਾ ਕਦੇ ਦੂਰ ਨਹੀਂ ਹੁੰਦੀ ।੧।ਰਹਾਉ ।
(ਹੇ ਭਾਈ! ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ) ਹੋਰ ਹੋਰ ਨਾਲ ਪਾਇਆ ਹੋਇਆ ਪਿਆਰ ਮਨ ਦੀ ਅਪਵਿਤ੍ਰਤਾ (ਦਾ ਕਾਰਣ ਬਣਦਾ) ਹੈ (ਇਸ ਅਪਵਿਤ੍ਰਤਾ ਦੇ ਕਾਰਨ ਮਾਇਆ ਦੀ) ਭਟਕਣਾ ਵਿਚ ਕੁਰਾਹੇ ਪਏ ਹੋਏ ਮਨੁੱਖ ਨੂੰ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ।੧ ।
(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਲਈ) ਇਹ ਜਿਤਨਾ ਹੀ ਜਗਤ ਹੈ ਜਿਤਨਾ ਹੀ ਜਗਤ ਦਾ ਮੋਹ ਹੈ ਇਹ ਸਾਰਾ ਅਪਵਿਤ੍ਰਤਾ (ਦਾ ਮੂਲ) ਹੈ, ਉਹ ਮਨੁੱਖ (ਇਸ ਆਤਮਕ ਮੌਤ ਵਿਚ) ਮਰ ਮਰ ਕੇ ਮੁੜ ਮੁੜ ਜੰਮਦਾ ਰਹਿੰਦਾ ਹੈ ।੨ ।
(ਮਨਮੁਖਾਂ ਵਾਸਤੇ) ਅੱਗ ਵਿਚ ਹਵਾ ਵਿਚ ਪਾਣੀ ਵਿਚ ਭੀ ਅਪਵਿਤ੍ਰਤਾ ਹੀ ਹੈ, ਜਿਤਨਾ ਕੁਝ ਭੋਜਨ ਆਦਿਕ ਉਹ ਖਾਂਦੇ ਹਨ ਉਹ ਭੀ (ਉਹਨਾਂ ਦੇ ਮਨ ਵਾਸਤੇ) ਅਪਵਿਤ੍ਰਤਾ (ਦਾ ਕਾਰਨ ਹੀ ਬਣਦਾ) ਹੈ ।੩।(ਹੇ ਭਾਈ!) ਸੂਤਕ (ਦੇ ਭਰਮ ਵਿਚ ਗ੍ਰਸੇ ਹੋਏ ਮਨ ਨੂੰ) ਕੋਈ ਕਰਮ-ਕਾਂਡ ਪਵਿਤ੍ਰ ਨਹੀਂ ਕਰ ਸਕਦੇ, ਕੋਈ ਦੇਵ-ਪੂਜਾ ਪਵਿਤ੍ਰ ਨਹੀਂ ਕਰ ਸਕਦੀ ।
ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਹੀ ਮਨ ਪਵਿਤ੍ਰ ਹੁੰਦਾ ਹੈ ।੪ ।
(ਹੇ ਭਾਈ!) ਜੇ ਸਤਿਗੁਰੂ ਦਾ ਆਸਰਾ ਲਿਆ ਜਾਏ ਤਾਂ ਮਨ ਦੀ ਅਪਵਿਤ੍ਰਤਾ ਦੂਰ ਹੋ ਜਾਂਦੀ ਹੈ, (ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ) ਨਾਹ ਮਰਦਾ ਹੈ ਨਾਹ ਜੰਮਦਾ ਹੈ ਨਾਹ ਉਸ ਨੂੰ ਆਤਮਕ ਮੌਤ ਖਾਂਦੀ ਹੈ ।੫ ।
(ਹੇ ਭਾਈ! ਬੇ-ਸ਼ੱਕ) ਕੋਈ ਧਿਰ ਸਿਮਿ੍ਰਤੀਆਂ ਸ਼ਾਸਤ੍ਰਾਂ ਨੂੰ ਭੀ ਵਿਚਾਰ ਕੇ ਵੇਖ ਲਵੋ ।
ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਮਾਨਸਕ ਅਪਵਿਤ੍ਰਤਾ ਤੋਂ ਖ਼ਲਾਸੀ ਨਹੀਂ ਪਾ ਸਕਦਾ ।੬ ।
(ਹੇ ਭਾਈ!) ਚੌਹਾਂ ਹੀ ਜੁਗਾਂ ਵਿਚ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਪਰਮਾਤਮਾ ਦਾ) ਨਾਮ (ਜਪ ਕੇ ਹੀ ਮਨੁੱਖ) ਉੱਤਮ ਬਣ ਸਕਦਾ ਹੈ, ਇਸ ਜੁਗ ਵਿਚ ਭੀ ਜਿਸ ਨੂੰ ਕਲਿਜੁਗ ਕਿਹਾ ਜਾ ਰਿਹਾ ਹੈ ਉਹੀ ਮਨੁੱਖ (ਵਿਕਾਰਾਂ ਦੇ ਸਮੁੰਦਰਾਂ ਤੋਂ) ਪਾਰ ਲੰਘਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ।੭ ।
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਸ ਪਰਮਾਤਮਾ ਵਿਚ ਸਦਾ ਲੀਨ ਰਹਿੰਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਕਦੇ ਜੰਮਦਾ ਮਰਦਾ ਨਹੀਂ (ਇਸ ਤ੍ਰਹਾਂ ਉਸ ਮਨੁੱਖ ਦੇ ਮਨ ਨੂੰ ਕੋਈ ਅਪਵਿਤ੍ਰਤਾ ਛੁਹ ਨਹੀਂ ਸਕਦੀ) ।੮।੧ ।
Follow us on Twitter Facebook Tumblr Reddit Instagram Youtube