ਗਉੜੀ ਮਹਲਾ ੧ ॥
ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ ॥
ਬ੍ਰਹਮ ਕਮਲੁ ਪਇਆਲਿ ਨ ਪਾਇਆ ॥
ਆਗਿਆ ਨਹੀ ਲੀਨੀ ਭਰਮਿ ਭੁਲਾਇਆ ॥੧॥

ਜੋ ਉਪਜੈ ਸੋ ਕਾਲਿ ਸੰਘਾਰਿਆ ॥
ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ ॥੧॥ ਰਹਾਉ ॥

ਮਾਇਆ ਮੋਹੇ ਦੇਵੀ ਸਭਿ ਦੇਵਾ ॥
ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ ॥
ਓਹੁ ਅਬਿਨਾਸੀ ਅਲਖ ਅਭੇਵਾ ॥੨॥

ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ ॥
ਨਾਮਹੁ ਭੂਲੈ ਜਮ ਕਾ ਦੁਖੁ ਸਹਨਾ ॥
ਮੈ ਧਰ ਨਾਮੁ ਜਿਉ ਰਾਖਹੁ ਰਹਨਾ ॥੩॥

ਚਉਧਰੀ ਰਾਜੇ ਨਹੀ ਕਿਸੈ ਮੁਕਾਮੁ ॥
ਸਾਹ ਮਰਹਿ ਸੰਚਹਿ ਮਾਇਆ ਦਾਮ ॥
ਮੈ ਧਨੁ ਦੀਜੈ ਹਰਿ ਅੰਮ੍ਰਿਤ ਨਾਮੁ ॥੪॥

ਰਯਤਿ ਮਹਰ ਮੁਕਦਮ ਸਿਕਦਾਰੈ ॥
ਨਿਹਚਲੁ ਕੋਇ ਨ ਦਿਸੈ ਸੰਸਾਰੈ ॥
ਅਫਰਿਉ ਕਾਲੁ ਕੂੜੁ ਸਿਰਿ ਮਾਰੈ ॥੫॥

ਨਿਹਚਲੁ ਏਕੁ ਸਚਾ ਸਚੁ ਸੋਈ ॥
ਜਿਨਿ ਕਰਿ ਸਾਜੀ ਤਿਨਹਿ ਸਭ ਗੋਈ ॥
ਓਹੁ ਗੁਰਮੁਖਿ ਜਾਪੈ ਤਾਂ ਪਤਿ ਹੋਈ ॥੬॥

ਕਾਜੀ ਸੇਖ ਭੇਖ ਫਕੀਰਾ ॥
ਵਡੇ ਕਹਾਵਹਿ ਹਉਮੈ ਤਨਿ ਪੀਰਾ ॥
ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ ॥੭॥

ਕਾਲੁ ਜਾਲੁ ਜਿਹਵਾ ਅਰੁ ਨੈਣੀ ॥
ਕਾਨੀ ਕਾਲੁ ਸੁਣੈ ਬਿਖੁ ਬੈਣੀ ॥
ਬਿਨੁ ਸਬਦੈ ਮੂਠੇ ਦਿਨੁ ਰੈਣੀ ॥੮॥

ਹਿਰਦੈ ਸਾਚੁ ਵਸੈ ਹਰਿ ਨਾਇ ॥
ਕਾਲੁ ਨ ਜੋਹਿ ਸਕੈ ਗੁਣ ਗਾਇ ॥
ਨਾਨਕ ਗੁਰਮੁਖਿ ਸਬਦਿ ਸਮਾਇ ॥੯॥੧੪॥

Sahib Singh
ਪ੍ਰਥਮੇ = ਸਭ ਤੋਂ ਪਹਿਲਾਂ ।
ਕਾਲੈ ਘਰਿ = ਕਾਲ ਦੇ ਘਰ ਵਿਚ, ਮੌਤ ਦੇ ਸਹਮ ਵਿਚ ।
ਪਇਆਲਿ = ਪਾਤਾਲ ਵਿਚ ।
ਬ੍ਰਹਮ ਕਮਲੁ = ਵਿਸ਼ਨੂੰ ਦਾ ਕਮਲ, ਵਿਸ਼ਨੂੰ ਦੀ ਨਾਭੀ ਵਿਚੋਂ ਉੱਗੇ ਹੋਏ ਕਮਲ ਦਾ ਅੰਤ ।
ਭਰਮਿ = ਭਟਕਣਾ ਵਿਚ ।
ਭੁਲਾਇਆ = ਕੁਰਾਹੇ ਪੈ ਗਿਆ ।੧ ।
ਉਪਜੈ = ਪੈਦਾ ਹੁੰਦਾ ਹੈ ।
ਸੋ = ਉਸ ਨੂੰ ।
ਕਾਲਿ = ਕਾਲ ਨੇ, ਮੌਤ (ਦੇ ਸਹਮ) ਨੇ ।
ਸੰਘਾਰਿਆ = ਮਾਰਿਆ ਹੈ, ਆਤਮਕ ਜੀਵਨ ਵਲੋਂ ਮਾਰਿਆ ਹੈ, ਆਤਮਕ ਮੌਤੇ ਮਾਰਿਆ ਹੈ, ਆਤਮਕ ਜੀਵਨ ਪਲਰਨ ਨਹੀਂ ਦਿੱਤਾ ।
ਹਮ = ਮੈਨੂੰ ।
ਰਾਖੇ = ਆਤਮਕ ਮੌਤ ਤੋਂ ਬਚਾ ਲਿਆ ਹੈ ।੧।ਰਹਾਉ ।
ਸਭਿ = ਸਾਰੇ ।
ਕਾਲੁ = ਮੌਤ ਦਾ ਸਹਮ ।੨ ।
ਨਾਮਹੁ = ਨਾਮ ਤੋਂ ।
ਭੂਲੇ = ਖੁੰਝਦਾ ਹੈ ।
ਮੈ = ਮੈਨੂੰ ।
ਧਰ = ਆਸਰਾ ।੩ ।
ਮੁਕਾਮੁ = ਪੱਕਾ ਟਿਕਾਣਾ ।
ਮਰਹਿ = ਮਰਦੇ ਹਨ ।
ਸੰਚਹਿ = ਇਕੱਠਾ ਕਰਦੇ ਹਨ ।
ਦਾਮ = ਪੈਸੇ, ਧਨ ।੪ ।
ਮਹਰ = ਮੁਖੀਏ ।
ਮੁਕਦਮ = ਮੁਕੱਦਮ, ਚੌਧਰੀ ।
ਸਿਕਦਾਰ = ਸਰਦਾਰ ।
ਸੰਸਾਰੈ = ਸੰਸਾਰ ਵਿਚ ।
ਅਫਰਿਉ = ਅਮੋੜ, ਬਲੀ ।
ਕੂੜੁ = ਮਾਇਆ ਦਾ ਮੋਹ ।
ਸਿਰਿ = (ਉਸ ਦੇ) ਸਿਰ ਉਤੇ ।
ਮਾਰੈ = ਮਾਰਦਾ ਹੈ, ਆਤਮਕ ਮੌਤੇ ਮਾਰਦਾ ਹੈ, ਆਤਮਕ ਜੀਵਨ ਪਲਰਨ ਨਹੀਂ ਦੇਂਦਾ ।੫ ।
ਨਿਹਚਲੁ = ਅਟੱਲ, ਸਦਾ = ਥਿਰ ।
ਜਿਨਿ = ਜਿਸ (ਪਰਮਾਤਮਾ) ਨੇ ।
ਤਿਨਹਿ = ਉਸੇ (ਪ੍ਰਭੂ) ਨੇ ।
ਗੋਈ = ਲੈਕਰ ਦਿੱਤੀ ।
ਸਭ = ਸਾਰੀ ਸਿ੍ਰਸ਼ਟੀ ।
ਗੁਰਮੁਖਿ = ਗੁਰੂ ਦੀ ਸਰਨ ਪਿਆਂ ।
ਓਹੁ = ਉਹ ਪਰਮਾਤਮਾ ।
ਪਤਿ = ਇੱਜ਼ਤ ।੬ ।
ਤਨਿ = ਤਨ ਵਿਚ ।
ਪੀਰਾ = ਪੀੜ ।
ਧੀਰਾ = ਧੀਰਜ, ਸਹਾਰਾ ।੭ ।
ਜਿਹਵਾ = ਜੀਭ ਦੀ ਰਾਹੀਂ ।
ਨੈਣੀ = ਅੱਖਾਂ ਦੀ ਰਾਹੀਂ ।
ਕਾਨੀ = ਕੰਨਾਂ ਦੀ ਰਾਹੀਂ ।
ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੇ ।
ਬੈਣੀ = ਬਚਨ ।
ਮੂਠੇ = ਲੁੱਟੇ ਜਾਂਦੇ ਹਨ ।੮ ।
ਨਾਇ = ਨਾਮ ਵਿਚ ।
ਨ ਜੋਹਿ ਸਕੈ = ਤੱਕ ਨਹੀਂ ਸਕਦਾ, ਸਹਮ ਨਹੀਂ ਪਾ ਸਕਦਾ, ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ ।
ਸਬਦਿ = ਸ਼ਬਦ ਦੀ ਰਾਹੀਂ ।੯ ।
    
Sahib Singh
(ਜਗਤ ਵਿਚ) ਜੇਹੜਾ ਜੇਹੜਾ ਜੀਵ ਜਨਮ ਲੈਂਦਾ ਹੈ (ਤੇ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ) ਮੌਤ (ਦੇ ਸਹਮ) ਨੇ ਉਸ ਉਸ ਦਾ ਆਤਮਕ ਜੀਵਨ ਪਲਰਨ ਨਹੀਂ ਦਿੱਤਾ ।
ਮੇਰੇ ਆਤਮਕ ਜੀਵਨ ਨੂੰ ਪਰਮਾਤਮਾ ਨੇ ਆਪ ਬਚਾ ਲਿਆ, (ਕਿਉਂਕਿ ਉਸ ਦੀ ਮਿਹਰ ਨਾਲ) ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ।੧।ਰਹਾਉ ।
(ਹੋਰ ਜੀਵਾਂ ਦੀ ਤਾਂ ਗੱਲ ਹੀ ਕੀਹ ਕਰਨੀ ਹੈ) ਸਭ ਤੋਂ ਪਹਿਲਾਂ ਬ੍ਰਹਮਾ ਹੀ ਆਤਮਕ ਮੌਤ ਦੀ ਫਾਹੀ ਵਿਚ ਫਸ ਗਿਆ, ਉਸ ਨੇ ਆਪਣੇ ਗੁਰੂ ਦੀ ਆਗਿਆ ਵਲ ਗਹੁ ਨਾਹ ਕੀਤਾ, (ਇਸ ਹਉਮੈ ਵਿਚ ਆ ਕੇ ਕਿ ਮੈਂ ਇਤਨਾ ਵੱਡਾ ਹਾਂ ਮੈਂ ਕਿਵੇਂ ਕਮਲ ਦੀ ਡੰਡੀ ਵਿਚੋਂ ਪੈਦਾ ਹੋ ਸਕਦਾ ਹਾਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਗਿਆ (ਵਿਸ਼ਨੂੰ ਦੀ ਨਾਭੀ ਤੋਂ ਉੱਗੇ ਹੋਏ ਜਿਸ ਕਮਲ ਵਿਚੋਂ ਬ੍ਰਹਮਾ ਜੰਮਿਆ ਸੀ, ਉਸ ਦਾ ਅੰਤ ਲੈਣ ਲਈ) ਪਾਤਾਲ ਵਿਚ (ਜਾ ਪਹੁੰਚਿਆ) ਪਰ ਬ੍ਰਹਮ ਕਮਲ (ਦਾ ਅੰਤ) ਨਾਹ ਲੱਭ ਸਕਿਆ (ਤੇ ਸ਼ਰਮਿੰਦਾ ਹੋਣਾ ਪਿਆ ।
ਇਹ ਹਉਮੈ ਹੀ ਮੌਤ ਹੈ) ।੧ ।
ਸਾਰੇ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ (ਇਹੀ ਹੈ ਆਤਮਕ ਮੌਤ, ਇਹ ਆਤਮਕ) ਮੌਤ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਖ਼ਲਾਸੀ ਨਹੀਂ ਕਰਦੀ ।
(ਇਸ ਆਤਮਕ) ਮੌਤ ਤੋਂ ਬਚਿਆ ਹੋਇਆ ਸਿਰਫ਼ ਇਕ ਪਰਮਾਤਮਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ, ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ ।੨ ।
(ਉਂਞ ਤਾਂ) ਸੁਲਤਾਨ ਹੋਣ, ਖ਼ਾਨ ਹੋਣ, ਬਾਦਿਸ਼ਾਹ ਹੋਣ, ਕਿਸੇ ਨੇ ਭੀ ਇਥੇ ਸਦਾ ਟਿਕੇ ਨਹੀਂ ਰਹਿਣਾ, ਪਰ ਪਰਮਾਤਮਾ ਦੇ ਨਾਮ ਤੋਂ ਜੋ ਜੋ ਖੁੰਝਦਾ ਹੈ ਉਹ ਜਮ ਦਾ ਦੁੱਖ ਸਹਾਰਦਾ ਹੈ (ਉਹ ਆਪਣੀ ਆਤਮਕ ਮੌਤ ਭੀ ਸਹੇੜ ਲੈਂਦਾ ਹੈ, ਇਸੇ ਕਰਕੇ, ਹੇ ਪ੍ਰਭੂ!) ਮੈਨੂੰ ਤੇਰਾ ਨਾਮ ਹੀ ਸਹਾਰਾ ਹੈ (ਮੈਂ ਇਹੀ ਅਰਦਾਸ ਕਰਦਾ ਹਾਂ) ਜਿਵੇਂ ਹੋ ਸਕੇ ਮੈਨੂੰ ਆਪਣੇ ਨਾਮ ਵਿਚ ਜੋੜੀ ਰੱਖ, ਮੈਂ ਤੇਰੇ ਨਾਮ ਵਿਚ ਹੀ ਟਿਕਿਆ ਰਹਾਂ ।੩ ।
ਚਉਧਰੀ ਹੋਣ, ਰਾਜੇ ਹੋਣ, ਕਿਸੇ ਦਾ ਭੀ ਇਥੇ ਪੱਕਾ ਡੇਰਾ ਨਹੀਂ ਹੈ ।
ਪਰ (ਜੇਹੜੇ) ਸ਼ਾਹ ਨਿਰੀ ਮਾਇਆ ਹੀ ਜੋੜਦੇ ਹਨ ਨਿਰੇ ਪੈਸੇ ਹੀ ਇਕੱਠੇ ਕਰਦੇ ਹਨ, ਉਹ ਆਤਮਕ ਮੌਤੇ ਮਰ ਜਾਂਦੇ ਹਨ ।
ਹੇ ਹਰੀ! ਮੈਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਧਨ ਬਖ਼ਸ਼ ।੪ ।
ਪਰਜਾ, ਪਰਜਾ ਦੇ ਮੁਖੀਏ, ਚੌਧਰੀ, ਸਰਦਾਰ—ਕੋਈ ਭੀ ਐਸਾ ਨਹੀਂ ਦਿੱਸਦਾ ਜੋ ਸੰਸਾਰ ਵਿਚ ਸਦਾ ਟਿਕਿਆ ਰਹਿ ਸਕੇ ।
ਪਰ ਬਲੀ ਕਾਲ ਉਸ ਦੇ ਸਿਰ ਉਤੇ ਚੋਟ ਮਾਰਦਾ ਹੈ (ਉਸ ਨੂੰ ਆਤਮਕ ਮੌਤੇ ਮਾਰਦਾ ਹੈ) ਜਿਸ ਦੇ ਹਿਰਦੇ ਵਿਚ ਮਾਇਆ ਦਾ ਮੋਹ ਹੈ ।੫ ।
ਸਦਾ ਅਟੱਲ ਰਹਿਣ ਵਾਲਾ ਕੇਵਲ ਇਕੋ ਇਕ ਪਰਮਾਤਮਾ ਹੀ ਹੈ, ਜਿਸ ਨੇ ਇਹ ਸਾਰੀ ਸਿ੍ਰਸ਼ਟੀ ਰਚੀ ਬਣਾਈ ਹੈ, ਉਹ ਆਪ ਹੀ ਇਸ ਨੂੰ (ਆਪਣੇ ਅੰਦਰ) ਲੈ ਕਰ ਲੈਂਦਾ ਹੈ ।
ਜਦੋਂ ਗੁਰੂ ਦੀ ਸਰਨ ਪਿਆਂ ਉਹ ਪਰਮਾਤਮਾ ਹਰ ਥਾਂ ਦਿੱਸ ਪਏ (ਤਾਂ ਜੀਵ ਦਾ ਆਤਮਕ ਜੀਵਨ ਪਲਰਦਾ ਹੈ) ਤਦੋਂ (ਇਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ ।੬ ।
ਕਾਜ਼ੀ ਅਖਵਾਣ, ਸ਼ੇਖ ਅਖਵਾਣ, ਵੱਡੇ ਵੱਡੇ ਭੇਖਾਂ ਵਾਲੇ ਫ਼ਕੀਰ ਅਖਵਾਣ, (ਦੁਨੀਆ ਵਿਚ ਆਪਣੇ ਆਪ ਨੂੰ) ਵੱਡੇ ਵੱਡੇ ਅਖਵਾਣ; ਪਰ ਜੇ ਸਰੀਰ ਵਿਚ ਹਉਮੈ ਦੀ ਪੀੜ ਹੈ, ਤਾਂ ਮੌਤ ਖ਼ਲਾਸੀ ਨਹੀਂ ਕਰਦੀ (ਆਤਮਕ ਮੌਤ ਖ਼ਲਾਸੀ ਨਹੀਂ ਕਰਦੀ, ਆਤਮਕ ਜੀਵਨ ਪਲਰਦਾ ਨਹੀਂ) ।
ਸਤਿਗੁਰੂ ਤੋਂ ਮਿਲੇ (ਨਾਮ-) ਆਧਾਰ ਤੋਂ ਬਿਨਾ (ਇਹ ਆਤਮਕ ਮੌਤ ਟਿਕੀ ਹੀ ਰਹਿੰਦੀ ਹੈ) ।੭ ।
(ਨਿੰਦਿਆ ਆਦਿਕ ਦੇ ਕਾਰਨ) ਜੀਭ ਦੀ ਰਾਹੀਂ, (ਪਰਾਇਆ ਰੂਪ ਤੱਕਣ ਦੇ ਕਾਰਨ) ਅੱਖਾਂ ਦੀ ਰਾਹੀਂ, ਅਤੇ ਕੰਨਾਂ ਦੀ ਰਾਹੀਂ (ਕਿਉਂਕਿ ਜੀਵ) ਆਤਮਕ ਮੌਤ ਲਿਆਉਣ ਵਾਲੇ (ਨਿੰਦਿਆ ਆਦਿਕ ਦੇ) ਬਚਨ ਸੁਣਦਾ ਹੈ ਆਤਮਕ ਮੌਤ (ਦਾ) ਜਾਲ (ਜੀਵਾਂ ਦੇ ਸਿਰ ਉਤੇ ਸਦਾ ਤਣਿਆ ਰਹਿੰਦਾ ਹੈ) ।
ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਜੀਵ ਦਿਨ ਰਾਤ (ਆਤਮਕ ਜੀਵਨ ਦੇ ਗੁਣਾਂ ਤੋਂ) ਲੁੱਟੇ ਜਾ ਰਹੇ ਹਨ ।੮ ।
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ (ਸਦਾ) ਵੱਸਿਆ ਰਹਿੰਦਾ ਹੈ, ਜੋ ਮਨੁੱਖ ਪਰਮਾਤਮਾ ਦੇ ਨਾਮ ਵਿਚ (ਸਦਾ) ਟਿਕਿਆ ਰਹਿੰਦਾ ਹੈ, ਆਤਮਕ ਮੌਤ (ਮੌਤ ਦਾ ਸਹਮ) ਉਸ ਵਲ ਕਦੇ ਤੱਕ ਭੀ ਨਹੀਂ ਸਕਦੀ (ਕਿਉਂਕਿ ਉਹ ਸਦਾ ਪ੍ਰਭੂ ਦੇ) ਗੁਣ ਗਾਂਦਾ ਹੈ ।
ਹੇ ਨਾਨਕ! ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ ਸਦਾ) ਲੀਨ ਰਹਿੰਦਾ ਹੈ ।੯।੧੪ ।
Follow us on Twitter Facebook Tumblr Reddit Instagram Youtube