ਗਉੜੀ ਮਹਲਾ ੧ ॥
ਹਉਮੈ ਕਰਤ ਭੇਖੀ ਨਹੀ ਜਾਨਿਆ ॥
ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ ॥੧॥

ਹਉ ਹਉ ਕਰਤ ਨਹੀ ਸਚੁ ਪਾਈਐ ॥
ਹਉਮੈ ਜਾਇ ਪਰਮ ਪਦੁ ਪਾਈਐ ॥੧॥ ਰਹਾਉ ॥

ਹਉਮੈ ਕਰਿ ਰਾਜੇ ਬਹੁ ਧਾਵਹਿ ॥
ਹਉਮੈ ਖਪਹਿ ਜਨਮਿ ਮਰਿ ਆਵਹਿ ॥੨॥

ਹਉਮੈ ਨਿਵਰੈ ਗੁਰ ਸਬਦੁ ਵੀਚਾਰੈ ॥
ਚੰਚਲ ਮਤਿ ਤਿਆਗੈ ਪੰਚ ਸੰਘਾਰੈ ॥੩॥

ਅੰਤਰਿ ਸਾਚੁ ਸਹਜ ਘਰਿ ਆਵਹਿ ॥
ਰਾਜਨੁ ਜਾਣਿ ਪਰਮ ਗਤਿ ਪਾਵਹਿ ॥੪॥

ਸਚੁ ਕਰਣੀ ਗੁਰੁ ਭਰਮੁ ਚੁਕਾਵੈ ॥
ਨਿਰਭਉ ਕੈ ਘਰਿ ਤਾੜੀ ਲਾਵੈ ॥੫॥

ਹਉ ਹਉ ਕਰਿ ਮਰਣਾ ਕਿਆ ਪਾਵੈ ॥
ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ ॥੬॥

ਜੇਤੀ ਹੈ ਤੇਤੀ ਕਿਹੁ ਨਾਹੀ ॥
ਗੁਰਮੁਖਿ ਗਿਆਨ ਭੇਟਿ ਗੁਣ ਗਾਹੀ ॥੭॥

ਹਉਮੈ ਬੰਧਨ ਬੰਧਿ ਭਵਾਵੈ ॥
ਨਾਨਕ ਰਾਮ ਭਗਤਿ ਸੁਖੁ ਪਾਵੈ ॥੮॥੧੩॥

Sahib Singh
ਹਉਮੈ = “ਹਉ ਹਉ, ਮੈਂ ਮੈਂ”, “ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ” ।
ਕਰਤ = ਕਰਦਿਆਂ ।
ਭੇਖੀ = ਧਾਰਮਿਕ ਭੇਖਾਂ ਨਾਲ ।
ਜਾਨਿਆ = ਪਰਮਾਤਮਾ ਨਾਲ ਸਾਂਝ ਪਾਈ ।
ਮਾਨਿਆ = ਗਿੱਝਿਆ, ਮੰਨਿਆ, ਪਤੀਜਿਆ ।੧ ।
ਸਚੁ = ਸਦਾ = ਥਿਰ ਰਹਿਣ ਵਾਲਾ ਪਰਮਾਤਮਾ ।
ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ।੧।ਰਹਾਉ ।
ਕਰਿ = ਕਰ ਕੇ, ਦੇ ਕਾਰਨ ।
ਧਾਵਹਿ = (ਇਕ ਦੂਜੇ ਉਤੇ) ਹੱਲੇ ਕਰਦੇ ਹਨ ।
ਖਪਹਿ = ਖ਼ੁਆਰ ਹੁੰਦੇ ਹਨ ।੨ ।
ਨਿਵਰੈ = ਦੂਰ ਹੁੰਦੀ ਹੈ ।
ਪੰਚ = ਕਾਮਾਦਿਕ ਪੰਜਾਂ ਨੂੰ ।
ਸੰਘਾਰੈ = ਨਾਸ ਕਰਦਾ ਹੈ, ਮਾਰਦਾ ਹੈ ।੩ ।
ਸਾਚੁ = ਸਦਾ = ਥਿਰ ਪ੍ਰਭੂ ।
ਸਹਜ ਘਰਿ = ਸਹਜ ਦੇ ਘਰ ਵਿਚ, ਸ਼ਾਂਤ ਅਵਸਥਾ ਵਿਚ ।
ਰਾਜਨੁ = ਸਾਰੀ ਸਿ੍ਰਸ਼ਟੀ ਦਾ ਰਾਜਾ ਪ੍ਰਭੂ ।
ਜਾਣਿ = ਸਾਂਝ ਪਾ ਕੇ ।
ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ।੪ ।
ਨਿਰਭਉ ਕੈ ਘਰਿ = ਨਿਰਭਉ ਪ੍ਰਭੂ ਦੇ ਸਰੂਪ ਵਿਚ ।
ਤਾੜੀ ਲਾਵੈ = ਸੁਰਤਿ ਜੋੜਦਾ ਹੈ ।੫ ।
ਮਰਣਾ = ਆਤਮਕ ਮੌਤ ਸਹੇੜਨੀ ।
ਕਿਆ ਪਾਵੈ = ਕੋਈ ਆਤਮਕ ਗੁਣ ਪ੍ਰਾਪਤ ਨਹੀਂ ਹੁੰਦਾ ।
ਭੇਟੇ = ਮਿਲੇ ।
ਝਗਰੁ = ਹਉਮੈ ਦਾ ਟੰਟਾ ।੬ ।
ਜੇਤੀ ਹੈ = ਹਉਮੈ ਦੇ ਆਸਰੇ ਜਿਤਨੀ ਭੀ ਦੌੜ-ਭੱਜ ਹੈ ।
ਤੇਤੀ = ਇਹ ਸਾਰੀ ਦੌੜ = ਭੱਜ ।
ਕਿਹੁ ਨਾਹੀ = ਕੁਝ ਭੀ ਨਹੀਂ, ਕੋਈ ਆਤਮਕ ਲਾਭ ਨਹੀਂ ਪੁਚਾਂਦੀ, ਵਿਅਰਥ ਜਾਂਦੀ ਹੈ ।
ਗਿਆਨ ਭੇਟਿ = ਗਿਆਨ ਨੂੰ ਭੇਟ ਕੇ, ਗਿਆਨ ਪ੍ਰਾਪਤ ਕਰ ਕੇ ।੭ ।
ਬੰਧਨ ਬੰਧਿ = ਬੰਧਨਾਂ ਵਿਚ ਬੰਨ੍ਹ ਕੇ ।੮ ।
    
Sahib Singh
(ਮੈਂ ਵੱਡਾ ਧਰਮੀ ਹਾਂ, ਮੈਂ ਵੱਡਾ ਰਾਜਾ ਹਾਂ, ਇਹੋ ਜਿਹੀ) ਮੈਂ, ਮੈਂ ਕਰਦਿਆਂ (ਕਦੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲ ਨਹੀਂ ਸਕਦਾ ।
ਜਦੋਂ ਇਹ ਹਉਮੇ ਦੂਰ ਹੋਵੇ, ਤਦੋਂ ਹੀ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਸਕੀਦਾ ਹੈ ।੧।ਰਹਾਉ ।
(“ਮੈਂ ਧਰਮੀ ਹਾਂ ਮੈਂ ਧਰਮੀ ਹਾਂ” ਇਹ) “ਮੈਂ ਮੈਂ” ਕਰਦਿਆਂ (ਨਿਰੇ) ਧਾਰਮਿਕ ਭੇਖਾਂ ਦੀ ਰਾਹੀਂ ਕਦੇ ਕਿਸੇ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪਾਈ ।
ਗੁਰੂ ਦੀ ਸਰਨ ਪੈ ਕੇ ਹੀ (ਭਾਵ, ਗੁਰੂ ਅੱਗੇ ਆਪਾ-ਭਾਵ ਤਿਆਗਿਆਂ ਹੀ) ਪਰਮਾਤਮਾ ਦੀ ਭਗਤੀ ਵਿਚ ਮਨ ਗਿੱਝਦਾ ਹੈ, ਪਰ ਅਜੇਹਾ ਆਪਾ-ਭਾਵ ਤਿਆਗਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ।੧ ।
(“ਅਸੀ ਵੱਡੇ ਰਾਜੇ ਹਾਂ,” ਇਸੇ) ਹਉਮੈ ਦੇ ਕਾਰਨ ਹੀ ਰਾਜੇ ਇਕ ਦੂਜੇ ਦੇ ਦੇਸਾਂ ਉਤੇ, ਕਈ ਵਾਰੀ ਹੱਲੇ ਕਰਦੇ ਰਹਿੰਦੇ ਹਨ, ਆਪਣੇ ਵਡੱਪਣ ਦੇ ਮਾਣ ਵਿਚ ਦੁਖੀ ਹੁੰਦੇ ਹਨ (ਸਿੱਟਾ ਇਹ ਨਿਕਲਦਾ ਹੈ ਕਿ ਪ੍ਰਭੂ ਦੀ ਯਾਦ ਭੁਲਾ ਕੇ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।੨ ।
ਜੇਹੜਾ (ਵਡ-ਭਾਗੀ) ਮਨੁੱਖ ਗੁਰੂ ਦਾ ਸ਼ਬਦ ਵਿਚਾਰਦਾ ਹੈ (ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ) ਉਸ ਦੀਹਉਮੈ ਦੂਰ ਹੋ ਜਾਂਦੀ ਹੈ, ਉਹ (ਭਟਕਣਾ ਵਿਚ ਪਾਣ ਵਾਲੀ ਆਪਣੀ) ਹੋਛੀ ਮਤਿ ਤਿਆਗਦਾ ਹੈ, ਤੇ ਕਾਮਾਦਿਕ ਪੰਜਾਂ ਵੈਰੀਆਂ ਦਾ ਨਾਸ ਕਰਦਾ ਹੈ ।੩ ।
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਵੱਸਦਾ) ਹੈ, ਉਹ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ ।
ਸਾਰੀ ਸਿ੍ਰਸ਼ਟੀ ਦੇ ਮਾਲਕ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ।੪ ।
ਜਿਸ ਮਨੁੱਖ ਦੇ ਮਨ ਦੀ ਭਟਕਣਾ ਗੁਰੂ ਦੂਰ ਕਰਦਾ ਹੈ, ਸਦਾ-ਥਿਰ ਪ੍ਰਭੂ ਦਾ ਸਿਮਰਨ ਉਸ ਦਾ ਨਿੱਤ-ਕਰਮ ਬਣ ਜਾਂਦਾ ਹੈ, ਉਹ ਨਿਰਭਉ ਪ੍ਰਭੂ ਦੇ ਚਰਨਾਂ ਵਿਚ ਸਦਾ ਆਪਣੀ ਸੁਰਤਿ ਜੋੜੀ ਰੱਖਦਾ ਹੈ ।੫ ।
“ਹਉਂ, ਹਉਂ; ਮੈਂ, ਮੈਂ” ਦੇ ਕਾਰਨ ਆਤਮਕ ਮੌਤ ਹੀ ਸਹੇੜੀਦੀ ਹੈ, ਇਸ ਤੋਂ ਛੁਟ ਹੋਰ ਕੋਈ ਆਤਮਕ ਗੁਣ ਨਹੀਂ ਲੱਭਦਾ ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਉਮੈ ਦੇ ਇਸ ਟੰਟੇ ਨੂੰ ਆਪਣੇ ਅੰਦਰੋਂ ਮੁਕਾ ਲੈਂਦਾ ਹੈ ।੬ ।
ਹਉਮੈ ਦੇ ਆਸਰੇ ਜਿਤਨੀ ਭੀ ਦੌੜ-ਭੱਜ ਹੈ ਇਹ ਸਾਰੀ ਦੌੜ-ਭੱਜ ਕੋਈ ਆਤਮਿਕ ਲਾਭ ਨਹੀਂ ਪੁਚਾਂਦੀ ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਗੁਰੂ ਤੋਂ) ਗਿਆਨ ਪ੍ਰਾਪਤ ਕਰ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ ।੭ ।
ਹਉਮੈ (ਜੀਵਾਂ ਨੂੰ ਮੋਹ ਦੇ) ਬੰਧਨਾਂ ਵਿਚ ਬੰਨ੍ਹ ਕੇ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ ।
ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ (ਉਹ ਹਉਮੈ ਤੋਂ ਬਚਿਆ ਰਹਿੰਦਾ ਹੈ, ਤੇ) ਸੁਖ ਪਾਂਦਾ ਹੈ ।੮।੧੩ ।
Follow us on Twitter Facebook Tumblr Reddit Instagram Youtube