ਗਉੜੀ ਮਹਲਾ ੧ ॥
ਸੇਵਾ ਏਕ ਨ ਜਾਨਸਿ ਅਵਰੇ ॥
ਪਰਪੰਚ ਬਿਆਧਿ ਤਿਆਗੈ ਕਵਰੇ ॥
ਭਾਇ ਮਿਲੈ ਸਚੁ ਸਾਚੈ ਸਚੁ ਰੇ ॥੧॥

ਐਸਾ ਰਾਮ ਭਗਤੁ ਜਨੁ ਹੋਈ ॥
ਹਰਿ ਗੁਣ ਗਾਇ ਮਿਲੈ ਮਲੁ ਧੋਈ ॥੧॥ ਰਹਾਉ ॥

ਊਂਧੋ ਕਵਲੁ ਸਗਲ ਸੰਸਾਰੈ ॥
ਦੁਰਮਤਿ ਅਗਨਿ ਜਗਤ ਪਰਜਾਰੈ ॥
ਸੋ ਉਬਰੈ ਗੁਰ ਸਬਦੁ ਬੀਚਾਰੈ ॥੨॥

ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥
ਮਿਰਗੁ ਮਰੈ ਸਹਿ ਅਪੁਨਾ ਕੀਨਾ ॥
ਤ੍ਰਿਸਨਾ ਰਾਚਿ ਤਤੁ ਨਹੀ ਬੀਨਾ ॥੩॥

ਕਾਮੁ ਚਿਤੈ ਕਾਮਣਿ ਹਿਤਕਾਰੀ ॥
ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥
ਪਤਿ ਮਤਿ ਖੋਵਹਿ ਨਾਮੁ ਵਿਸਾਰੀ ॥੪॥

ਪਰ ਘਰਿ ਚੀਤੁ ਮਨਮੁਖਿ ਡੋਲਾਇ ॥
ਗਲਿ ਜੇਵਰੀ ਧੰਧੈ ਲਪਟਾਇ ॥
ਗੁਰਮੁਖਿ ਛੂਟਸਿ ਹਰਿ ਗੁਣ ਗਾਇ ॥੫॥

ਜਿਉ ਤਨੁ ਬਿਧਵਾ ਪਰ ਕਉ ਦੇਈ ॥
ਕਾਮਿ ਦਾਮਿ ਚਿਤੁ ਪਰ ਵਸਿ ਸੇਈ ॥
ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ ॥੬॥

ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ ॥
ਬੇਦ ਪੁਰਾਣ ਪੜੈ ਸੁਣਿ ਥਾਟਾ ॥
ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥੭॥

ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ॥
ਜਿਉ ਮੀਨਾ ਜਲ ਮਾਹਿ ਉਲਾਸਾ ॥
ਨਾਨਕ ਹਰਿ ਰਸੁ ਪੀ ਤ੍ਰਿਪਤਾਸਾ ॥੮॥੧੧॥

Sahib Singh
ਏਕ = ਇਕ ਪਰਮਾਤਮਾ ਦੀ ।
ਪਰਪੰਚ = ਸਿ੍ਰਸ਼ਟੀ ।
ਬਿਆਧਿ = ਰੋਗ ।
ਕਵਰੇ = ਕੌੜੇ ।
ਭਾਇ = ਪ੍ਰੇਮ ਵਿਚ ।
ਸਾਚੈ = ਸਦਾ = ਥਿਰ ਪ੍ਰਭੂ ਨੂੰ ।
ਰੇ = ਹੇ ਭਾਈ !
    ।੧ ।
ਰਾਮ ਭਗਤੁ = ਪਰਮਾਤਮਾ ਦਾ ਭਗਤ ।
ਗਾਇ = ਗਾ ਕੇ ।੧।ਰਹਾਉ ।
ਊਂਧੋ = ਪੁੱਠਾ, ਉਲਟਿਆ ਹੋਇਆ (ਪਰਮਾਤਮਾ ਦੀ ਯਾਦ ਵਲੋਂ) ।
ਸੰਸਾਰੈ = ਸੰਸਾਰ ਦਾ ।
ਪਰਜਾਰੈ = ਚੰਗੀ ਤ੍ਰਹਾਂ ਸਾੜਦੀ ਹੈ ।
ਸੋ = ਉਹ ਮਨੁੱਖ ।੨ ।
ਭਿ੍ਰੰਗ = ਭੌਰਾ ।
ਕੁੰਚਰੁ = ਹਾਥੀ ।
ਅਰੁ = ਅਤੇ ।
ਮੀਨਾ = ਮੱਛੀ ।
ਮਿਰਗੁ = ਹਰਨ ।
ਸਹਿ = ਸਹਿ ਕੇ, ਸਹਾਰ ਕੇ ।
ਰਾਚਿ = ਰਚ ਕੇ, ਫਸ ਕੇ ।
ਤਤੁ = ਅਸਲੀਅਤ ।
ਬੀਨਾ = ਪਛਾਣਿਆ, ਵੇਖਿਆ ।੩ ।
ਚਿਤੈ = ਚਿਤਵਦਾ ਹੈ ।
ਹਿਤਕਾਰੀ = ਹਿਤ ਕਰਨ ਵਾਲਾ, ਪ੍ਰੇਮੀ ।
ਕਾਮਣਿ = ਇਸਤ੍ਰੀ ।
ਵਿਕਾਰੀ = ਵਿਕਾਰੀਆਂ ਨੂੰ ।
ਪਤਿ = ਇੱਜ਼ਤ ।
ਵਿਸਾਰੀ = ਵਿਸਾਰਿ, ਵਿਸਾਰ ਕੇ ।੪ ।
ਪਰ ਘਰਿ = ਪਰਾਏ ਘਰ ਵਿਚ ।
ਗਲਿ = ਗਲ ਵਿਚ ।
ਜੇਵਰੀ = ਰੱਸੀ, ਫਾਹੀ ।੫ ।
ਪਰ ਕਉ = ਪਰਾਏ (ਮਨੁੱਖ) ਨੂੰ ।
ਕਾਮਿ = ਕਾਮ ਵਿਚ ।
ਦਾਮਿ = ਦਾਮ (ਦੇ ਲਾਲਚ ਵਿਚ) ।
ਸੇਈ = ਸੋਈ, ਉਹ ਵਿਧਵਾ ।
ਤਿ੍ਰਪਤਿ = ਸ਼ਾਂਤੀ ।੬ ।
ਥਾਟਾ = ਬਨਾਵਟ, ਰਚਨਾ ।
ਨਾਟਾ = ਨਾਟਕ, ਚੰਚਲਤਾ ਦੀਆਂ ਗੱਲਾਂ ।੭ ।
ਚਾਤਿ੍ਰਕ = ਪਪੀਹਾ ।
ਉਲਾਸਾ = ਖ਼ੁਸ਼ ।
ਪੀ = ਪੀ ਕੇ ।
ਤਿ੍ਰਪਤਾਸਾ = ਰੱਜਦਾ ਹੈ ।੮ ।
    
Sahib Singh
ਪਰਮਾਤਮਾ ਦਾ ਭਗਤ ਪਰਮਾਤਮਾ ਦਾ ਸੇਵਕ ਇਸ ਤ੍ਰਹਾਂ ਦਾ ਹੁੰਦਾ ਹੈ, ਉਹ ਪਰਮਾਤਮਾ ਦੇ ਗੁਣ ਗਾ ਕੇ (ਉਸ ਦੇ ਚਰਨਾਂ ਵਿਚ) ਮਿਲਦਾ ਹੈ ਤੇ (ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਧੋ ਲੈਂਦਾ ਹੈ ।੧।ਰਹਾਉ ।
ਹੇ ਭਾਈ! ਪਰਮਾਤਮਾ ਦਾ ਭਗਤ ਇਕ ਪਰਮਾਤਮਾ ਦੀ ਸੇਵਾ (ਭਗਤੀ) ਕਰਦਾ ਹੈ, ਕਿਸੇ ਹੋਰ ਨੂੰ (ਪਰਮਾਤਮਾਦੇ ਬਰਾਬਰ ਦਾ) ਨਹੀਂ ਸਮਝਦਾ ।
ਸੰਸਾਰ ਦੇ ਰੋਗ (ਪੈਦਾ ਕਰਨ ਵਾਲੇ ਭੋਗਾਂ) ਨੂੰ ਉਹ ਕੌੜੇ ਜਾਣ ਕੇ ਤਿਆਗ ਦੇਂਦਾ ਹੈ ।
(ਪਰਮਾਤਮਾ ਦੇ) ਪ੍ਰੇਮ ਵਿਚ ਜੁੜ ਕੇ ਉਹ ਸਦਾ-ਥਿਰ ਪਰਮਾਤਮਾ (ਦੇ ਚਰਨਾਂ) ਵਿਚ ਮਿਲ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ।੧ ।
ਸਾਰੇ ਜਗਤ (ਦੇ ਜੀਵਾਂ) ਦਾ ਹਿਰਦਾ-ਕਵਲ (ਪਰਮਾਤਮਾ ਦੇ ਸਿਮਰਨ ਵਲੋਂ) ਉਲਟਿਆ ਹੋਇਆ ਹੈ, ਇਸ ਭੈੜੀ ਕੋਝੀ ਮਤਿ ਦੀ ਅੱਗ ਸੰਸਾਰ (ਦੇ ਜੀਵਾਂ ਦੇ ਆਤਮਕ ਜੀਵਨ) ਨੂੰ ਚੰਗੀ ਤ੍ਰਹਾਂ ਸਾੜ ਰਹੀ ਹੈ ।
(ਇਸ ਅੱਗ ਵਿਚੋਂ) ਉਹੀ ਮਨੁੱਖ ਬਚਦਾ ਹੈ ਜੇਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ।੨ ।
ਭੌਰਾ, ਪਤੰਗ, ਹਾਥੀ ਅਤੇ ਹਰਨ—ਹਰੇਕ ਆਪੋ ਆਪਣਾ ਕੀਤਾ ਪਾ ਕੇ ਮਰ ਜਾਂਦਾ ਹੈ ।
(ਇਸੇ ਤ੍ਰਹਾਂ ਦੁਰਮਤਿ ਦਾ ਮਾਰਿਆ ਮਨੁੱਖ) ਤ੍ਰਿਸ਼ਨਾ ਵਿਚ ਫਸ ਕੇ ਆਪਣੇ ਅਸਲੇ (ਪਰਮਾਤਮਾ) ਨੂੰ ਨਹੀਂ ਵੇਖਦਾ (ਤੇ ਆਤਮਕ ਮੌਤੇ ਮਰਦਾ ਹੈ) ।੩ ।
(ਦੁਰਮਤਿ ਦੇ ਅਧੀਨ ਹੋ ਕੇ) ਇਸਤ੍ਰੀ ਦਾ ਪ੍ਰੇਮੀ ਮਨੁੱਖ ਸਦਾ ਕਾਮ-ਵਾਸਨਾ ਹੀ ਚਿਤਵਦਾ ਹੈ ।
(ਫਿਰ) ਕ੍ਰੋਧ ਸਾਰੇ ਵਿਕਾਰੀਆਂ (ਦੇ ਆਤਮਕ ਜੀਵਨ) ਨੂੰ ਤਬਾਹ ਕਰਦਾ ਹੈ ।
ਅਜੇਹੇ ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਆਪਣੀ ਇੱਜ਼ਤ ਤੇ ਅਕਲ ਗਵਾ ਲੈਂਦੇ ਹਨ ।੪ ।
ਆਪਣੇ ਮਨ ਦਾ ਮੁਰੀਦ ਮਨੁੱਖ ਪਰਾਏ ਘਰ ਵਿਚ ਆਪਣੇ ਚਿਤ ਨੂੰ ਡੁਲਾਂਦਾ ਹੈ (ਨਤੀਜਾ ਇਹ ਨਿਕਲਦਾ ਹੈ ਕਿ ਵਿਕਾਰਾਂ ਦੇ) ਜੰਜਾਲ ਵਿਚ ਉਹ ਫਸਦਾ ਹੈ ਤੇ ਉਸ ਦੇ ਗਲ ਵਿਚ ਵਿਕਾਰਾਂ ਦੀ ਫਾਹੀ (ਪੱਕੀ ਹੁੰਦੀ ਜਾਂਦੀ ਹੈ) ।
ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਇਸ ਜੰਜਾਲ ਵਿਚੋਂ ਬਚ ਨਿਕਲਦਾ ਹੈ ।੫ ।
ਜਿਵੇਂ ਵਿਧਵਾ ਆਪਣਾ ਸਰੀਰ ਪਰਾਏ ਮਨੁੱਖ ਦੇ ਹਵਾਲੇ ਕਰਦੀ ਹੈ, ਕਾਮ-ਵਾਸਨਾ ਵਿਚ (ਫਸ ਕੇ) ਪੈਸੇ (ਦੇ ਲਾਲਚ) ਵਿਚ (ਫਸ ਕੇ) ਉਹ ਆਪਣਾ ਮਨ (ਭੀ) ਪਰਾਏ ਮਨੁੱਖ ਦੇ ਵੱਸ ਵਿਚ ਕਰਦੀ ਹੈ, ਪਰ ਪਤੀ ਤੋਂ ਬਿਨਾ ਉਸ ਨੂੰ ਕਦੀ ਭੀ ਸ਼ਾਂਤੀ ਨਸੀਬ ਨਹੀਂ ਹੋ ਸਕਦੀ (ਤਿਵੇਂ ਖਸਮ-ਪ੍ਰਭੂ ਨੂੰ ਭੁਲਾਣ ਵਾਲੀ ਜੀਵ-ਇਸਤ੍ਰੀ ਆਪਣਾ ਆਪ ਵਿਕਾਰਾਂ ਦੇ ਅਧੀਨ ਕਰਦੀ ਹੈ, ਪਰ ਪਤੀ-ਪ੍ਰਭੂ ਤੋਂ ਬਿਨਾ ਆਤਮਕ ਸੁਖ ਕਦੇ ਨਹੀਂ ਮਿਲ ਸਕਦਾ) ।੬ ।
(ਵਿਦਵਾਨ ਪੰਡਿਤ) ਵੇਦ ਪੁਰਾਣ ਸਿੰਮਿ੍ਰਤੀਆਂ ਆਦਿਕ ਧਰਮ ਪੁਸਤਕਾਂ ਮੁੜ ਮੁੜ ਪੜ੍ਹਦਾ ਹੈ, ਉਹਨਾਂ ਦੀ (ਕਾਵਿ-) ਰਚਨਾ ਮੁੜ ਮੁੜ ਸੁਣਦਾ ਹੈ, ਪਰ ਜਿਤਨਾ ਚਿਰ ਉਸ ਦਾ ਮਨ ਪਰਮਾਤਮਾ ਦੇ ਨਾਮ-ਰਸ ਦਾ ਰਸੀਆ ਨਹੀਂ ਬਣਦਾ, ਉਤਨਾ ਚਿਰ (ਮਾਇਆ ਦੇ ਹੱਥਾਂ ਤੇ ਹੀ) ਨਾਚ ਕਰਦਾ ਹੈ ।੭ ।
ਜਿਵੇਂ ਪਪੀਹੇ ਦਾ (ਵਰਖਾ-) ਜਲ ਨਾਲ ਪ੍ਰੇਮ ਹੈ, (ਵਰਖਾ-) ਜਲ ਦੀ ਉਸ ਨੂੰ ਪਿਆਸ ਹੈ, ਜਿਵੇਂ ਮੱਛੀ ਪਾਣੀ ਵਿਚ ਬੜੀ ਪ੍ਰਸੰਨ ਰਹਿੰਦੀ ਹੈ, ਤਿਵੇਂ, ਹੇ ਨਾਨਕ! ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ-ਰਸ ਪੀ ਕੇ ਤਿ੍ਰਪਤ ਹੋ ਜਾਂਦਾ ਹੈ ।੮।੧੧ ।
Follow us on Twitter Facebook Tumblr Reddit Instagram Youtube